ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ

* ਪੰਜਾਬ ਭਰ ਵਿੱਚ ਬੱਸ ਅੱਡਿਆਂ ਅਤੇ ਡਿਪੂਆਂ ਵਿੱਚ ਰੈਲੀਆਂ
* ਹਜ਼ਾਰਾਂ ਦੀ ਗਿਣਤੀ ਵਿੱਚ ਮੁਸਾਫ਼ਿਰ ਹੋਏ ਪ੍ਰੇਸ਼ਾਨ
* ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਮੰਗਾਂ ਦੀ ਹਮਾਇਤ ਤੇ ਹੜਤਾਲ ਤੋਂ ਬਣਾਈ ਦੂਰੀ
* ਹੜਤਾਲੀ ਆਗੂਆਂ ਨੇ ਡਾਇਰੈਕਟਰ ਵੱਲੋਂ ਦਿੱਤਾ ਗੱਲਬਾਤ ਦਾ ਸੱਦਾ ਠੁਕਰਾਇਆ

ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਐਂਪਲਾਈਜ਼ ਯੂਨੀਅਨ ਦੇ ਸੱਦੇ ’ਤੇ ਮੁਲਾਜ਼ਮ ਅੱਜ ਤੋਂ ਤਿੰਨ ਰੋਜ਼ਾ ਹੜਤਾਲ ’ਤੇ ਚਲੇ ਗਏ ਹਨ। ਹੜਤਾਲ 4 ਜੁਲਾਈ ਤੱਕ ਜਾਰੀ ਰਹੇਗੀ। ਹੜਤਾਲ ਕਾਰਨ ਪੰਜਾਬ ਰੋਡਵੇਜ਼ ਵਿਚਲੀਆਂ 1550 ਦੇ ਕਰੀਬ ਪਨ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ ਅਤੇ ਹਜ਼ਾਰਾਂ ਸਵਾਰੀਆਂ ਖੱਜਲ-ਖੁਆਰ ਹੋ ਰਹੀਆਂ ਹਨ। ਯੂਨੀਅਨ ਦੇ ਸੱਦੇ ’ਤੇ ਅੱਜ ਤੜਕੇ ਹੀ ਪੰਜਾਬ ਦੇ ਸਾਰੇ ਰੋਡਵੇਜ਼ ਦੇ ਡਿਪੂਆਂ ਵਿੱਚ ਹੜਤਾਲੀ ਠੇਕਾ ਮੁਲਾਜ਼ਮਾਂ ਨੇ ਨਾਅਰੇ ਗੂੰਜਾ ਕੇ ਹੜਤਾਲ ਸ਼ੁਰੂ ਕਰ ਦਿੱਤੀ। ਇਸ ਹੜਤਾਲ ਵਿੱਚ ਰੋਡਵੇਜ਼ ਦੀਆਂ ਬੱਸਾਂ ’ਤੇ ਤਾਇਨਾਤ ਰੈਗੂਲਰ ਮੁਲਾਜ਼ਮ ਸ਼ਾਮਲ ਨਹੀਂ ਹੋਏ। ਦੱਸਣਯੋਗ ਹੈ ਕਿ ਇਸ ਵੇਲੇ ਰੋਡਵੇਜ਼ ਅਦਾਰੇ ਵਿਚ ਕੁੱਲ੍ਹ 1900 ਦੇ ਕਰੀਬ ਬੱਸਾਂ ਹਨ, ਜਿਨ੍ਹਾਂ ਵਿਚੋਂ 1550 ਪਨਬੱਸ ਬੱਸਾਂ ਹਨ ਜਦਕਿ ਰੋਡਵੇਜ਼ ਦੀਆਂ 359 ਬੱਸਾਂ ਹਨ। ਇਨ੍ਹਾਂ ਪਨਬੱਸ ਬੱਸਾਂ ਉਪਰ ਆਊਟਸੋਰਸਿੰਗ ਅਤੇ ਠੇਕੇ ’ਤੇ ਰੱਖੇ ਡਰਾਈਵਰ ਤੇ ਕੰਡਕਟਰ ਹੀ ਤਾਇਨਾਤ ਹਨ, ਜੋ ਹੜਤਾਲ ’ਤੇ ਚਲੇ ਗਏ ਹਨ। ਹੜਤਾਲੀ ਮੁਲਾਜ਼ਮਾਂ ਨੇ ਅੱਜ ਸਾਰਾ ਦਿਨ ਸੂਬੇ ਦੇ ਬੱਸ ਅੱਡਿਆਂ ਅਤੇ ਡਿਪੂਆਂ ਵਿੱਚ ਰੈਲੀਆਂ ਅਤੇ ਮੁਜ਼ਾਹਰੇ ਕੀਤੇ ਅਤੇ ਸਰਕਾਰ ਉਪਰ ਠੇਕਾ ਮੁਲਾਜ਼ਮਾਂ ਦਾ ਵਿੱਤੀ ਸੋਸ਼ਣ ਕਰਨ ਦੇ ਦੋਸ਼ ਲਾਏ। ਹੜਤਾਲੀ ਮੁਲਾਜ਼ਮਾਂ ਵਿਚ ਡਰਾਈਵਰਾਂ ਅਤੇ ਕੰਡਕਟਰਾਂ ਸਮੇਤ ਕੁੱਝ ਵਰਕਸ਼ਾਪ ਦਾ ਸਟਾਫ ਸ਼ਾਮਲ ਹੈ। ਇਹ ਮੁਲਾਜ਼ਮ ਉਨ੍ਹਾਂ ਨੂੰ ਪੱਕਾ ਕਰਕੇ ਪੂਰੀਆਂ ਤਨਖਾਹਾਂ ਦੇਣ ਦੀ ਮੰਗ ਕਰ ਰਹੇ ਹਨ। ਇਹ ਮੁਲਾਜ਼ਮ ਸਾਲ 2007 ਤੋਂ ਆਊਟਸੋਰਸਿੰਗ ਰਾਹੀਂ ਠੇਕੇ ’ਤੇ ਰੱਖੇ ਹਨ ਅਤੇ 12 ਸਾਲਾਂ ਤੋਂ ਇਨ੍ਹਾਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਰੋਡਵੇਜ਼ ਨੂੰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਔਸਤਨ ਮਹਿਜ਼ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲ ਰਹੀ ਹੈ। ਪਿਛਲੇ ਦਿਨੀਂ ਯੂਨੀਅਨ ਦੇ ਵਫਦ ਦੀਆਂ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹਿਣ ਕਾਰਨ ਮੁਲਾਜ਼ਮ ਅੱਜ ਤੋਂ 3 ਰੋਜ਼ਾ ਹੜਤਾਲ ’ਤੇ ਜਾਣ ਲਈ ਮਜਬੂਰ ਹੋਏ ਹਨ। ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਹੜਤਾਲ 100 ਫੀਸਦ ਕਾਮਯਾਬ ਰਹੀ ਹੈ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਨੇ ਕੱਲ੍ਹ ਸ਼ਾਮ 6 ਵਜੇ ਫੋਨ ਕਰਕੇ ਉਨ੍ਹਾਂ ਨੂੰ ਗੱਲਬਾਤ ਲਈ ਸੱਦਿਆ ਸੀ ਪਰ ਉਨ੍ਹਾਂ ਸਾਫ ਕਰ ਦਿੱਤਾ ਸੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਭਲੀਭਾਂਤ ਜਾਣਦੀ ਹੈ ਅਤੇ ਜੇ ਉਨ੍ਹਾਂ ਦੀਆਂ ਮੰਗਾਂ ਮੰਨਣ ਦੇ ਪੱਤਰ ਜਾਰੀ ਹੋ ਜਾਣਗੇ ਤਾਂ ਹੀ ਉਹ ਹੜਤਾਲ ਖਤਮ ਕਰਨਗੇ। ਉਨ੍ਹਾਂ ਦੱਸਿਆ ਕਿ ਸਰਕਾਰ ਉਨ੍ਹਾਂ ਨੂੰ ਆਊਸੋਰਸਿੰਗ ਰਾਹੀਂ ਠੇਕੇ ’ਤੇ ਰਖ ਕੇ ਕਰੋੜਾਂ ਵਿੱਚ ਜੀਐੱਸਟੀ ਤਾਰ ਰਹੀ ਹੈ ਪਰ ਰੈਗੂਲਰ ਕਰਨ ਤੋਂ ਟਾਲਾ ਵੱਟ ਰਹੀ ਹੈ। ਆਗੂਆਂ ਅਨੁਸਾਰ ਉਹ ਬਾਕਾਇਦਾ ਟੈਸਟ ਪਾਸ ਕਰਕੇ ਅਤੇ ਟਰੇਨਿੰਗ ਲੈ ਕੇ ਭਰਤੀ ਹੋਏ ਹਨ ਪਰ ਸਰਕਾਰ ਉਨ੍ਹਾਂ ਨੂੰ ਰੈਗੂਲਰ ਮੁਲਾਜ਼ਮਾਂ ਦੇ ਮੁਕਾਬਲੇ ਨਾਂਮਾਤਰ ਤਨਖਾਹ ਦੇ ਰਹੀ ਹੈ। ਯੂਨੀਅਨ ਨੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ, ਆਊਟਸੋਰਸਿੰਗ ਰਾਹੀਂ ਰੱਖੇ ਮੁਲਾਜ਼ਮਾਂ ਨੂੰ ਠੇਕੇ ਦੇ ਅਧਾਰ ’ਤੇ ਰੱਖ ਕੇ ਠੇਕੇਦਾਰ ਨੂੰ ਇਸ ਸਿਸਟਮ ਵਿਚੋਂ ਬਾਹਰ ਕੱਢਣ ਅਤੇ ਟਰਾਂਸਪੋਰਟ ਮਾਫੀਆ ਖਤਮ ਕਰਕੇ ਰੋਡਵੇਜ਼ ਹਿੱਤੂ ਨੀਤੀ ਬਣਾਉਣ ਦੀਆਂ ਮੰਗਾਂ ਉਠਾਈਆਂ। ਆਗੂਆਂ ਨੇ ਐਲਾਨ ਕੀਤਾ ਕਿ 3 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਮਾਲੇਰਕੋਟਲਾ ਵਿੱਚ ਮੁਜ਼ਾਹਰਾ ਕੀਤਾ ਜਾਵੇਗਾ ਅਤੇ 4 ਜੁਲਾਈ ਨੂੰ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵੱਲ ਕੂਚ ਕੀਤਾ ਜਾਵੇਗਾ। ਇਸੇ ਦੌਰਾਨ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਮੰਗਤ ਖਾਨ ਨੇ ਕਿਹਾ ਕਿ ਭਾਵੇਂ ਐਕਸ਼ਨ ਕਮੇਟੀ ਦੀ ਵੀ ਪਹਿਲੀ ਮੰਗ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਕੇ ਪੂਰੀਆਂ ਤਨਖਾਹਾਂ ਦੇਣੀਆਂ ਹੈ ਪਰ ਇਸ ਹੜਤਾਲ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।

Previous articleਜਲ ਸੰਭਾਲ: ਰਣਸੀਂਹ ਕਲਾਂ ਦੇ ਨੌਜਵਾਨਾਂ ਨੇ ਸਾਂਭੀ ਹਰ ਬੂੰਦ
Next articleਵਿਜੈਵਰਗੀਆ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਤਿਆਰੀ