ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਦੇ ਬੇਵਕਤਾ ਤੁਰ ਜਾਣ ਦੀ ਘਾਟ

 

– ਡਾ. ਜਾਰਜ ਸਿੰਘ
  ਮੋਬਾਇਲ : 07447 947 722

ਪਦਮ ਸ੍ਰੀ ਅਵਾਰਡਿਡ (ਸਨਮਾਨਿਤ) ਭਾਈ ਸਾਹਿਬ ਸਰਦਾਰ ਨਿਰਮਲ ਸਿੰਘ ਖਾਲਸਾ ਜੀ ਦੇ ਬੇਵਕਤਾ ਸਾਨੂੰ ਸਾਰਿਆਂ ਨੂੰ ਛੱਡ ਕੇ ਤੁਰ ਜਾਣ ਨਾਲ ਜਿੱਥੇ ਸੰਸਾਰ ਦੀਆਂ ਨਾਨਕ ਨਾਮ ਲੇਵਾ ਗੁਰਬਾਣੀ ਦੇ ਕੀਰਤਨ ਨੂੰ ਪਿਆਰ ਕਰਨ ਵਾਲਿਆਂ ਸਮੂਹ ਸੰਗਤਾਂ ਨੂੰ ਨ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਉੱਥੇ ਦੂਜੇ ਪਾਸੇ ਖੋਜਾਰਥੀਆਂ ਜਿਨ੍ਹਾਂ ਨੇ ਐਮਫੀਲ ਅਤੇ ਪੀਏਚ ਡੀ ਲਈ ਇਸ ਸੰਸਾਰ ਦੇ ਸਿੱਖ ਧਰਮ ਦੇ ਮਹਾਨ ਖੋਜੀ ਬਿਰਤੀ ਵਾਲੇ ਭਾਈ ਸਾਹਿਬ ਸਰਦਾਰ ਨਿਰਮਲ ਸਿੰਘ ਖਾਲਸਾ ਜੀ ਤੋਂ ਸੰਗੀਤ ਦੀਆਂ ਬਾਰੀਕ ਕਲਾਤਮਕ ਕਲਾਵਾਂ ਸੁਰ-ਸੁਮੇਲ ਦੀਆਂ ਗੁੰਝਲਾਂ ਖੋਲਣ ਦੀ ਜਾਂਚ ਸਿੱਖਣੀ ਸੀ, ਵਾਂਝੇ ਰਹਿਣਗੇ ਪਰ ਉੱਥੇ ਦੂਜੇ ਪਾਸੇ ਇਸ ਸਦੀ ਦੇ ਮਹਾਨ ਸਿੱਖ ਧਰਮ ਵਿੱਚ ਕੀਰਤਨ ਦੇ ਖੇਤਰ ਵਿੱਚ ਇਕੋ ਇਕ ਪਦਮ ਸ੍ਰੀ ਸਨਮਾਨਿਤ ਭਾਈ ਸਾਹਿਬ ਭਾਈ ਨਿਰਮਲ ਸਿੰਘ ਦੀਆਂ ਪੰਜਾਬੀ ਯੂਨੀਵਰਸਿਟੀ ਦੇ ਐਮ.ਏ. ਐਮ. ਫਿਲ. ਅਤੇ ਪੀਏਚਡੀ ਦੇ ਸਲੈਬਸ ਵਿੱਚ ਲੱਗੀਆਂ ਦੋ ਪੁਸਤਕਾਂ ” ਗੁਰਮਤਿ ਸੰਗੀਤ ਦੇ ਅਨਮੋਲ ਰਤਨ” ਅਤੇ ” ਸਿੱਖ ਕੀਰਤਨ ਬੀਬੀਆਂ” ਆਦਿ ਪੁਸਤਕਾਂ ਖੋਜਾਰਥੀਆਂ ਦਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ।

ਇਸ ਸਦੀ ਦੇ ਮਹਾਨ ਪੂਜਨੀਕ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਜਨਮ 12 ਅਪ੍ਰੈਲ 1952 ਵਿੱਚ ਜੰਡਵਾਲਾ ਭੀਮ ਸ਼ਾਹ ਜਿਲਾ ਫਿਰੋਜਪੁਰ ਪਿਤਾ ਸਰਦਾਰ ਚੰਨਣ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਮਾਤਾ ਪਿਤਾ 1947 ਦੀ ਵੰਡ ਸਮੇਂ ਸਰਨਾਰਥੀ ਦੇ ਰੂਪ ਵਿੱਚ ਪਾਕਿਸਤਾਨ ਦੇ 97 ਚੱਕ ਪਿੰਡ ਅਤੇ ਜਿਲਾ ਸਾਹੀਵਾਲ ਤੋਂ ਭਾਰਤ ਆਏ ਅਤੇ ਜਲੰਧਰ ਦੇ ਪਿੰਡ ਮੰਡਾਲਾ ਮੰਡ ਨੇੜੇ ਲੋਹੀਆਂ ਖਾਸ ਵਿੱਚ ਟਿਕ ਗਏ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੇ ਪਿਤਾ ਜੀ ਪਾਕਿਸਤਾਨ ਤੋਂ ਸਰਨਾਰਥੀ ਦੇ ਰੂਪ ਵਿੱਚ ਜੋ ਭਾਰਤ ਆਏ ਤਾਂ ਕੁੱਝ ਸਮਾਂ ਜੰਡਵਾਲ ਭੀਮਸ਼ਾਹ ਪਿੰਡ ਰਹੇ। ਇਸੇ ਪਿੰਡ ਵਿੱਚ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਜਨਮ ਹੋਇਆ।

ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪਿਤਾ ਪਾਕਿਸਤਾਨ ਪਿੰਡ 97 ਚੱਕ ਜਿਲਾ ਸਾਹੀਵਾਲ ਵਿੱਚ ਖੇਤਬਾੜੀ ਕਰਦੇ ਸਨ। 1947 ਦੀ ਅੰਗਰੇਜਾਂ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਨੁਸਾਰ ਭਾਰਤ ਜਿੱਥੇ ਦੋ ਟੋਟਿਆਂ (ਪਾਕਿਸਤਾਨ-ਭਾਰਤ) ਵਿੱਚ ਵੰਡਿਆ ਗਿਆ ਉਥੇ ਦੂਜੇ ਪਾਸੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਇਸ ਦਾ ਸਭ ਤੋਂ ਵੱਧ ਮੁੱਲ ਆਪਣੀਆਂ ਜਮੀਨਾਂ ਅਤੇ ਪਰਿਵਾਰ ਅਤੇ ਸਕੇ ਸੰਬੰਧੀਆਂ ਦੀਆਂ ਜਾਨਾਂ ਗੁਆ ਕੇ ਤਾਰਨਾ ਪਿਆ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪਿਤਾ ਸਰਦਾਰ ਨੂੰ ਵੀ ਆਪਣਾ ਸਾਰਾ ਕੁੱਝ ਛੱਡ ਛੁਡਾਅ ਕੇ ਭਾਰਤ ਆਉਣਾ ਪਿਆ।

ਪਾਕਿਸਤਾਨ 97 ਚੱਕ ਪਿੰਡ ਜਿਲਾ ਸਾਹੀਵਾਲ ਵਿੱਚ ਛੱਡ ਕੇ ਆਏ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪਿਤਾ ਜੀ ਨੂੰ ਜਮੀਨ ਜਿਲਾ ਜਲੰਧਰ ਅਤੇ ਸੁਲਤਾਨਪੁਰ ਲੋਧੀ ਦੇ ਨੇੜੇ ਲੋਹੀਆਂ ਖਾਸ ਦੇ ਮੰਡ ਖੇਤਰ ਵਿੱਚ ਸਥਿਤ ਪਿੰਡ ਮੰਡਾਲਾ ਵਿੱਚ ਜਮੀਨ ਅਲਾਟ ਹੋਈ। ਇਥੇ ਉਨ੍ਹਾਂ ਦੇ ਪਿਤਾ ਜੀ ਖੇਤੀਬਾੜੀ ਕਰਦੇ ਸਨ। ਘਰ ਦੇ ਹਾਲਾਤ ਆਰਥਿਕ ਪੱਖੋਂ ਠੀਕ ਨ ਹੋਣ ਕਾਰਨ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਪੰਜਵੀਂ ਜਮਾਤ ਤੋਂ ਅੱਗੇ ਪੜ੍ਹਾਈ ਜਾਰੀ ਨ ਰੱਖ ਸਕੇ। ਪੰਜਵੀਂ ਜਮਾਤ ਤੋਂ ਅੱਗੇ ਨ ਪੜ੍ਹ ਸਕਣ ਦਾ ਹੇਰਵਾ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਸਾਰੀ ਉਮਰ ਰਿਹਾ ਪਰ ਇਹ ਇਕ ਵੱਖਰਾ ਵਿਸ਼ਾ ਹੈ ਕਿ ਪੰਜਵੀਂ ਜਮਾਤ ਪਾਸ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਦੀ ਮਹਾਨ ਖੋਜਾਰਥੀ ਬਿਰਤੀ ਕਾਰਨ ਉਨ੍ਹਾਂ ਦੀਆਂ ਦੋ ਛਪੀਆਂ ਪੁਸਤਕਾਂ (1) ‘ਗੁਰਮਤਿ ਸੰਗੀਤ ਦੇ ਅਨਮੋਲ ਰਤਨ’ (2) ‘ਸਿੱਖ ਕੀਰਤਨਕਾਰ ਬੀਬੀਆਂ’ ਐਮ ਫਿਲ ਅਤੇ ਪੀਐਚਡੀ ਦੇ ਸਿਲੈਬਸਾਂ ਦਾ ਹਿੱਸਾ ਬਣੀਆਂ ਅਤੇ ਹੁਣ ਤੱਕ 26 ਖੋਜਾਰਥੀ ਉਨ੍ਹਾਂ ਦੀਆਂ ਪੁਸਤਕਾਂ ਦੇ ਆਧਾਰ ਤੇ ਪੀ.ਐਚ.ਡੀ. ਦੀਆਂ ਡਿਗਰੀਆਂ ਹਾਸਿਲ ਕਰ ਚੁੱਕੇ ਹਨ। ਇਹ ਪੁਸਤਕਾਂ ਸੰਗੀਤ ਦੇ ਸੁਰ-ਸੁਮੇਲ ਦੇ ਵਣਜਾਰਿਆਂ ਖੋਜੀ ਬਿਰਤੀ ਵਾਲੇ ਵਿਦਿਆਰਥੀਆਂ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ ਕਿਉਂਕਿ ਇਹ ਪੁਸਤਕਾਂ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਅਣਥੱਕ ਮਿਹਨਤ ਅਤੇ ਇਨ੍ਹਾਂ ਪੁਸਤਕਾਂ ਦੀ ਸਮਗਰੀ ਪਾਕਿਸਤਾਨ ਦੇ ਪਿੰਡਾ ਵਿੱਚ ਅਤੇ ਭਾਰਤ ਦੇ ਪਿੰਡਾਂ ਵਿੱਚ ਵਣਜਾਰਿਆਂ ਘੁਮਕੱੜਾਂ ਵਾਂਗ ਘੁੰਮ ਫਿਰ ਕੇ ਲੋਕ ਮਾਨਸਿਕਤਾ ਤੋਂ ਹਾਸਿਲ ਕੀਤੀ ਹੈ। ਪੰਜਾਬੀ ਦੇ ਸੁਪ੍ਰਸਿੱਧ ਸ਼ਾਇਰ ਕੰਵਰ ਇਕਬਾਲ ਦੇ ਕਾਹਿਣ ਅਨੁਸਾਰ ਨਿੱਜੀ ਅਨੁਭਵ ਤੋਂ ਸੱਖਣੇ ਪੰਜਾਬੀ ਦੇ ਬਹੁਤੇ ਲੇਖਕ ਅੰਮ੍ਰਿਤਸਰ ਦਾ ਰਾਜਾ ਸਾਂਸੀ ਹਵਾਈ ਅੱਡਾ ਅਤੇ ਦਿੱਲੀ ਦਾ ਇੰਦਰਾ ਗਾਂਧੀ ਹਵਾਈ ਅੱਡਾ ਵੇਖ ਕੇ ਸਫ਼ਰਨਾਮਾ ਲਿੱਖ ਲੈਂਦੇ ਹਨ ਤੇ ਫਿਰ ਜੁਗਾੜਬਿਰਤੀ ਕਾਰਨ ਸਿਲੈਬਸਾਂ ਵਿੱਚ ਅਜਿਹੇ ਅਨੁਭਵ ਤੋਂ ਸੱਖਣੇ ਸਫਰਨਾਸਿਆਂ ਨੂੰ ਲਗਾਉਣ ਲਈ ਰਾਜਨੀਤਿਕ ਲੀਡਰਾਂ ਦੀਆਂ ਤਲੀਆਂ ਚੱਟਦੇ ਹਨ।

ਪੰਜਾਬੀ ਦੇ ਬਹੁਤੇ ਲੇਖਕਾਂ ਦੀ ਜੁਗਾੜਬਿਰਤੀ ਅਤੇ ਅਨੁਭਵ ਤੋਂ ਸੱਖਣੀ ਬਿਰਤੀ ਕਾਰਨ ਜਿੱਥੇ ਪੰਜਾਬੀ ਦੇ ਪ੍ਰਸਿੱਧ ਅੰਤਰਰਾਸ਼ਟਰੀ ਸਾਇਰ ਕੰਵਰ ਇਕਬਾਲ ਦੀ ਸਟੀਕ ਟਿੱਪਣੀ ਮੁੱਲਵਾਨ ਹੈ ਉੱਥੇ ਦੂਜੇ ਇਸ ਸਦੀ ਦੇ ਮਹਾਨ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਦੀ ਅਣਥੱਕ ਮਿਹਨਤ ਅਤੇ ਪੁਸਤਕਾਂ ਦੀ ਸਾਮਗਰੀ ਇੱਕਤਰ ਕਾਰਨ ਦੀ ਸਖਤ ਘਾਲਨਾ ਪੰਜਾਬੀ ਭਾਸ਼ਾ ਦੇ ਅਖੌਤੀ ਜੁਗਾੜ ਬਿਰਤੀ ਵਾਲੇ ਆਪੂੰ ਬਣੇ ਅਖੌਤੀ ਲੇਖਕਾਂ ਲਈ ਇਕ ਬਹੁਤ ਵੱਡ ਨਸੀਹਤ ਅਤੇ ਸਿੱਖਿਆ ਵੀ ਹੈ ਕਿ ਨਿੱਜੀ ਅਨੁਭਵ ਅਤੇ ਲੋਕ-ਮਾਨਸਿਕਤਾ ਰਾਹੀਂ ਇਕੱਤਰ ਕੀਤੀ ਪੁਸਤਕ ਸਮਗਰੀ ਕਿੱਸੇ ਜੁਗਾੜ ਜਾਂ ਅਖੌਤੀ ਲੀਡਰਾਂ ਦੀ ਸਿਫਾਰਸ਼ ਦੀ ਮੁਥਾਜ ਨਹੀਂ ਹੁੰਦੀ। ਇਸ ਦੀ ਪ੍ਰਤੱਖ ਉਦਾਹਰਣ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੀਆਂ ਦੋ ਛਪੀਆਂ ਪੁਸਤਕਾਂ ਵਿਚਲੀ ਸਮਗਰੀ ਤੋਂ ਵੇਖਿਆ ਜਾ ਸਕਦਾ ਹੈ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੀਆਂ ਚਾਰ ਪੁਸਤਕਾਂ ਅਣਛੱਪੀਆਂ ਪਾਈਆਂ ਹਨ। ਉਮੀਦ ਹੈ ਕਿ ਉਹ ਜਲਦੀ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਰੂ-ਬ-ਰੂ ਹੋ ਜਾਣਗੀਆਂ।

ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਦੱਸਣ ਅਨੁਸਾਰ ਨਵਾਂ-ਨਵਾਂ ਦੇਸ਼ ਅਜਾਦ ਹੋਣ ਕਾਰਨ ਲੋਕਾਂ ਦੇ ਆਰਥਿਕ ਹਾਲਾਤ ਸਾਜਗਾਰ ਨਹੀਂ ਸਨ। ਪਿੰਡਾਂ ਵਿੱਚ ਰੇਡਿਓ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਕੋਲ ਹੀ ਹੁੰਦਾ ਸੀ। ਪਿੰਡ ਦੇ ਲੋਕ ਆਲੇ ਦੁਆਲੇ ਅਤੇ ਦੇਸ਼ ਦੀਆਂ ਖਬਰਾਂ ਲਈ ਰੇਡੀਓ ਦਾ ਸਹਾਰਾ ਲੈਂਦੇ ਸਨ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਵੀ ਬਚਪਨ ਵਿੱਚ ਰੇਡਿਓ ਸੁਣਨ ਲਈ ਸਰਪੰਚ ਦੇ ਘਰ ਅਕਸਰ ਜਾਂਦੇ ਰਹਿੰਦੇ ਅਤੇ ਇਥੇ ਹੀ ਉਨ੍ਹਾਂ ਨੂੰ ਉਸ ਸਮੇਂ ਦੇ ਸੁਪ੍ਰਸਿੱਧ ਪ੍ਰੋਗਰਾਮ ਲਹੌਰ ਤੋਂ ਪੰਜਾਬੀ ਦਰਬਾਰ ਵਿੱਚ ਭਾਈ ਲਾਲ ਜੀ, ਭਾਈ ਸੰਤਾ ਸਿੰਘ, ਭਾਈ ਸੁਮੁੰਦ ਸਿੰਘ ਆਦਿ ਪ੍ਰਸਿੱਧ ਕੀਰਤਨ ਕਰਨ ਵਾਲਿਆਂ ਨੂੰ ਸੁਣਨ ਦਾ ਮੌਕਾ ਮਿਲਿਆ ਅਤੇ ਇਸੇ ਸਮੇਂ ਹੀ ਉਨ੍ਹਾਂ ਦੇ ਮਨ ਵਿੱਚ ਅਵਚੇਤਨ ਇਨ੍ਹਾਂ ਮਹਾਨ ਕੀਰਤਨ ਕਰਨ ਵਾਲਿਆਂ ਵਰਗਾਂ ਬਣਨ ਦਾ ਸੁਪਨਾ ਬੀਜ ਰੂਪ ਵਿੱਚ ਦਿਮਾਗ ਵਿੱਚ ਬੈਠ ਗਿਆ, ਪਰ ਘਰ ਦੇ ਆਰਥਿਕ ਹਾਲਤ ਠੀਕ ਨ ਹੋਣ ਕਾਰਨ ਵਿਸ਼ੇਸ਼ ਰੂਪ ਵਿੱਚ ਸਿੱਖਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ।

ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਨੂੰ ਪ੍ਰੇਰਣ ਵਾਲੇ ਅਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਉਨ੍ਹਾਂ ਦੇ ਸਕੇ ਚਾਚਾ ਜੀ ਭਾਈ ਗੁਰਬਚਨ ਸਿੰਘ ਦਾ ਮਹਾਨ ਯੋਗਦਾਨ ਹੈ। ਉਨ੍ਹਾਂ ਸਮਿਆਂ ਵਿੱਚ ਸੰਤ ਫਤਿਹ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਅਤੇ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਚਾਚਾ ਜੀ ਸੰਤ ਫਤਹਿ ਸਿੰਘ ਦੇ ਨਿੱਜੀ ਡਰਾਇਵਰ ਸਨ ਅਤੇ ਕੀਰਤਨ ਵੀ ਕਰਦੇ ਸਨ।

ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਚਾਚਾ ਜੀ ਨੇ ਸੰਤ ਫਤਹਿ ਸਿੰਘ ਸ਼੍ਰੋਮਣੀ ਅਕਾਲੀ ਦੇ ਅਸਰ ਰਸੂਖ ਕਾਰਨ ਪਹਿਲਾਂ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਪਟਿਆਲੇ ਆਈ.ਟੀ.ਆਈ. ਵਿੱਚ ਦਾਖਲ ਕਰਵਾਇਆ ਪਰ ਇਥੋਂ ਦੇ ਮਾਹੌਲ ਅਤੇ ਮਨਪਸੰਦ ਕੰਮ ਨ ਹੋਣ ਕਾਰਨ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਜਲਦੀ ਪਟਿਆਲਾ ਆਈ.ਟੀ.ਆਈ. ਮੋਟਰਮਕੈਨਿਕ ਵਿੱਚ ਛੱਡ ਕੇ ਘਰ ਮੰਡਾਲਾ ਲੋਹੀਆਂ ਖਾਸ ਜਿਲਾ ਜਲੰਧਰ ਵਾਪਿਸ ਪਰਤ ਆਏ ਅਤੇ ਪਿਤਾ ਦੀਆਂ ਝਿੜਕਾਂ ਸਹਾਰਦੇ ਹੋਏ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਪਿਤਾ ਜੀ ਅਤੇ ਭਰਾ ਨਾਲ ਹੱਥ ਵਟਾਉਣ ਲੱਗ ਪਏ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਸਕੇ ਚਾਚਾ ਜੀ ਨੇ ‘ ਸਿੱਖ ਸ਼ਹੀਦ ਮਿਸਨਰੀ ਕਾਲਜ ਅੰਮ੍ਰਿਤਸਰ ਵਿੱਚ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਸੰਗੀਤ ਡਿਪਲੋਮਾ ਸਿੱਖਣ ਲਈ ਫਾਰਮ ਭਰ ਦਿੱਤੇ ਅਤੇ ਸਮੇਂ ਅਨੁਸਾਰ ਸ਼ਹੀਦ  ਮਿਸ਼ਨਰੀ ਕਾਲਜ ਅੰਮ੍ਰਿਤਸਰ ਵੱਲੋਂ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਇੰਟਰਵਿਊ ਲੇਟਰ ਵੀ ਪਿੰਡ ਮੰਡਲਾ ਲੋਹੀਆਂ ਖਾਸ ਸਰਪੰਚ ਦੇ ਘਰ ਡਾਕੀਏ ਰਾਹੀਂ ਆ ਗਿਆ। ਪਿੰਡ ਦੇ ਸਰਪੰਚ ਦੀ ਈਰਖਾਲੂ ਬਿਰਤੀ ਕਾਰਨ ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ ਵੱਲੋਂ ਭੇਜੀ ਇੰਟਰਵਿਊ ਚਿੱਠੀ ਹੱਥ-ਦਸਤੀ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਨ ਮਿਲੀ ਪਰ ਅਵਚੇਤਨ ਰੋਜਾਨਾ ਸ਼ਾਮ ਨੂੰ ਤੂੜੀ ਵਾਲੀ ਪੱਲੀ ਵਿੱਛਾ ਕੇ ਲਾਹੌਰ ਦੇ ਪੰਜਾਬੀ ਦਰਬਾਰ ਦਾ ਪ੍ਰੋਗਰਾਮ ਰੇਡਿਓ ਤੋਂ ਸੁਣਦਿਆ ਇੰਟਰਵਿਊ ਵਾਲੀ ਚਿੱਠੀ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਮਿਲ ਗਈ। ਚਿੱਠੀ ਤਾਂ ਮਿਲ ਗਈ ਪਰ ਅੰਮ੍ਰਿਤਸਰ ਦਾ ਕਰਾਇਆ ਅਤੇ ਕਪੜੇ ਨਾ ਹੋਣ ਕਾਰਨ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਮਾਤਾ ਜੀ ਨੇ ਆਪਣੀ ਸੋਨੇ ਦੀ ਮੁੰਦਰੀ ਘਰਦਿਆਂ ਤੋਂ ਚੋਰੀ ਆਪਣੇ ਪੁੱਤਰ ਨੂੰ ਦੇ ਦਿੱਤੀ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਇਹ ਮੁੰਦਰੀ ਲੋਹੀਆਂ ਖਾਸ ਸਟੇਸ਼ਨ ਦੇ ਨੇੜੇ ਸਥਿਤ ਪਿੰਡ ਗਿੰਦੜ ਪਿੰਡੀ 30 ਰੁਪਏ ਦੀ ਮੁੰਦਰੀ ਵੇਚ ਕੇ ਪਜਾਮਾ, ਕਮੀਜ, ਚਪਲਾਂ ਅਤੇ ਪੱਗ ਖਰੀਦ ਲਈ ਅਤੇ ਇਕ ਰੁਪਿਆ ਕਰਾਇਆ ਖਰਚ ਕੇ ਅੰਮ੍ਰਿਤਸਰ ਸਮੇਂ ਸਿਰ ਇੰਟਰਵਿਊ ਦੇਣ ਲਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਪਹੁੰਚ ਗਏ। ਇਸ ਕਾਲਜ ਵਿੱਚ ਇੰਟਰਵਿਊ ਲੈਣ ਵਾਲੀ ਕਮੇਟੀ ਵਿੱਚ ਪ੍ਰੋਫੈਸਰ ਅਵਤਾਰ ਸਿੰਘ ਨਾਜ, ਭਾਈ ਮਨੀ ਸਿੰਘ, ਪ੍ਰਿੰਸੀਪਲ ਵਿਦਵਾਨ ਹਰਭਜਨ ਸਿੰਘ, ਗੁਰਬਖਸ ਸਿੰਘ ਕੋਕਰੀ ਕਲਾਂ ਵਾਲੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਟੋਹੜਾ ਹਾਜਿਰ ਸਨ। ਉਪਰੋਕਤ ਕਮੇਟੀ ਵਾਲਿਆਂ ਨੇ ਜਨ-ਸਾਧਾਰਣ ਚਪਲਾਂ, ਪਜਾਮੇ ਵਾਲੇ ਨੌਜਵਾਨ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਅਣਮੰਨੇ ਮਨ ਨਾਲ ਚੁਣ ਲਿਆ। ਇਸੇ ਕਾਲਜ ਵਿੱਚ ਹੀ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਤਿੰਨ ਸਾਲ ਦਾ ਕੋਰਸ ਪੂਰਾ ਕੀਤਾ। ਤਿੰਨ ਸਾਲ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਗੁਰਮਤਿ ਅਤੇ ਗੁਰਬਾਣੀ ਦੇ ਪ੍ਰਚਾਰਕ ਵੱਜੋਂ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਮਿਊਜਿਕ ਦੇ ਪ੍ਰੋਫੈਸਰ ਵੱਜੋਂ ਗੁਰਮਤਿ ਕਾਲਜ ਰਿਸ਼ੀਕੇਸ਼ ਵਿੱਚ ਨਿਯੁਕਤ ਕਰ ਦਿੱਤਾ ਗਿਆ। 1976 ਵਿੱਚ ਨਿਯੁਕਤੀ ਸਮੇਂ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਵਣਜਾਰੇ ਸਿੱਖਾਂ ਦੇ ਕਰੀਬ 400 ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ। ਇਸ ਤੋਂ ਬਾਅਦ ਮਿਸ਼ਨਰੀ ਕਾਲਜ ਬੁੱਢਾ ਜੋੜ੍ਹ ਰਾਜਸਥਾਨ ਵਿੱਚ ਵੀ ਇਕ ਪ੍ਰੋਫੈਸਰ ਵੱਜੋਂ ਸੇਵਾ ਕੀਤੀ ਅਤੇ ਇਥੇ ਵੀ ਉਨ੍ਹਾਂ 400 ਕਰੀਬ ਦੇ ਬੱਚਿਆਂ ਨੂੰ ਗੁਰਬਾਣੀ ਦੇ ਸੰਗੀਤ ਦੀ ਸਿੱਖਿਆ ਦਿੱਤੀ। ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋੜ੍ਹ ਦੀ ਸੇਵਾ ਤੋਂ ਬਾਅਦ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਆਪਣੇ ਸਕੇ ਚਾਚਾ ਜੀ ਭਾਈ ਗੁਰਬਚਨ ਸਿੰਘ ਖਾਲਸਾ ਜੀ ਦੀ ਮਦਦ ਨਾਲ ਸਹਾਇਕ ਵੱਜੋਂ ਹਜੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਨਾਲ ਨਿਯੁਕਤ ਕਰ ਦਿੱਤਾ ਗਿਆ।

ਸਮਾਂ ਬਿਤਦਾ ਗਿਆ ਅਤੇ ਸਮੇਂ ਦੇ ਵਿਕਾਸ ਨਾਲ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਬੜੀ ਸਖਤ ਮਿਹਨਤ ਕੀਤੀ। ਉਨ੍ਹਾਂ ਦੇ ਪਹਿਲੇ ਗੁਰੂ ਪ੍ਰੋਫੈਸਰ ਅਵਤਾਰ ਸਿੰਘ ਨਾਜ ਅਤੇ ਦੂਜੇ ਬਦਾਇਦਾ ਰਸਮਾਂ ਨਾਲ ਗੁਲਾਮ ਅਲੀ ਬਣੇ।

ਇਸ ਸਮੇਂ ਦੌਰਾਨ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਸ਼ਬਦ ਗਾਇਨ ਦੀਆਂ ਕੇਸਟਾਂ ਵੀ ਰੀਕਾਰਡਿੰਗ ਕਰਵਾਈ ਅਤੇ ਹਜੂਰੀ ਰਾਗੀ ਵੱਜੋਂ ਸੇਵਾ ਕਰਦਿਆਂ ਗੁਰਬਾਣੀ ਨੂੰ ਰਾਗਾਂ ਵਿੱਚ ਗਾਉਣ ਕਰਕੇ ਉਹ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾ ਵਿੱਚ ਗੁਰੂ ਰਾਮਦਾਸ ਜੀ ਦੀਆਂ ਅਪਾਰ ਬਖ਼ਸ਼ਿਸਾਂ ਸਦਕਾ ਕਿਸੇ ਜਾਣ ਪਛਾਣ ਦੇ ਮੁਥਾਜ ਨ ਰਹੇ।
1984 ਵਿੱਚ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਆਪਣਾ ਜੱਥਾ ਬਣਾ ਲਿਆ ਅਤੇ ਇਕ ਬਤੌਰ ਜਥੇ ਵੱਜੋਂ ਦਰਬਾਰ ਸਾਹਿਬ ਵਿੱਚ ਹਜੂਰੀ ਰਾਗੀ ਵੱਜੋਂ ਗੁਰੂ ਸਾਹਿਬਾਨਾਂ ਦੇ ਦਰਸਾਏ ਅਨੁਸਾਰ ਗੁਰਬਾਣੀ ਨੂੰ 31 ਰਾਗਾਂ ਵਿੱਚ ਗਾਇਆ। ਸਿੱਖ ਇਤਿਹਾਸ ਵਿੱਚ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਪਹਿਲੇ ਅਜਿਹੇ ਕੀਰਤਨੀਏ ਹਨ ਜਿਨ੍ਹਾਂ ਨੇ ਗੁਰਬਾਣੀ ਨੂੰ 31 ਰਾਗਾਂ ਵਿੱਚ ਗਾਇਨ ਕੀਤਾ ਹੈ। 110 ਗੁਰਬਾਣੀ ਦੇ ਸ਼ਬਦ ਦੀਆਂ ਟੇਪਾਂ ਮਾਰਕੀਟ ਵਿੱਚ ਉਪਲੱਬਧ ਹਨ। ਗੁਰੂ ਸਾਹਿਬਨ ਦੀ ਮਹਾਨ ਕ੍ਰਿਤ ” ਆਸਾ ਦੀ ਵਾਰ” ਦਾ ਰਾਗਾਂ ਵਿੱਚ ਜਸ ਗਾਇਨ ਕਰਦਿਆਂ ਜਿਥੇ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਨੂੰ ਗੋਲਡ ਮੈਡਨ ਨਾਲ ਸਨਮਾਨਿਤ ਕੀਤਾ ਗਿਆ ਉਥੇ ਗੁਰੂ ਸਾਹਿਬਾਨ ਦੀ ਮਹਾਨ ਰਚਨਾ ” ਆਸ਼ਾ ਦੀ ਵਾਰ” ਦੀਆਂ ਟੇਪਾਂ 90 ਲੱਖ ਵਿਕੀਆਂ।

ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਸ਼ਬਦ ਜਸ ਗਾਇਨ ਕਰਦਿਆਂ ਹਮੇਸ਼ਾ ਉਨ੍ਹਾਂ ਦੇ ਗਾਇਨ ਤੇ ਇਸ ਸਦੀ ਦੇ ਮਹਾਨ ਗਜਲਗੋ ਗੁਲਾਮ ਅਲੀ ਦਾ ਪ੍ਰਭਾਵ ਬਣਿਆ ਰਿਹਾ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਮਹਾਨ ਦੇਣ ਗੁਰਬਾਣੀ ਦੇ ਸ਼ਬਦਾਂ ਦਾ ਜਸ ਗਾਇਨ ਗੁਰੂ ਸਾਹਿਬਾਨ ਦੇ ਦਰਸਾਏ ਰਾਗਾਂ ਅਨੁਸਾਰ ਗਾਇਨ ਕਰਨ ਕਰਕੇ ਹਨ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜਿਥੇ ਗੁਰਬਾਣੀ ਨੂੰ ਗੁਰੂ ਨਾਨਕ ਦੇਵ ਜੀ ਦੀ ਪ੍ਰੰਪਰਾ ਅਨੁਸਾਰ ਰਾਗਾਂ ਅਨੁਸਾਰ ਸ਼ਬਦ ਜਸ ਗਾਇਨ ਪਸੰਦ ਕਰਦੇ ਸਨ ਉੱਥੇ ਦੂਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਿੱਚ ਸ਼ਬਦ ਗਾਇਨ ਕੀਰਤਨੀਆਂ ਦੀ ਚੋਣ ਕਮੇਟੀ ਦੇ ਜੀਵਨ ਦੇ ਆਖਰੀ ਸਾਹਾਂ ਤੱਕ ਮੈਂਬਰ ਵੀ ਰਹੇ।

ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਸ਼ਬਦ ਦਾ ਜਸ ਗਾਇਨ ਕਰਨ ਵਾਲੇ ਕੀਰਤਨੀਆਂ ਦੀ ਚੋਣ ਸਮੇਂ ਬੜੇ ਸਖਤ ਹੁੰਦੇ ਸਨ। ਸ਼ਾਇਦ ਇਸੇ ਕਰਕੇ ਬਹੁਤੀ ਵਾਰ ਉਨ੍ਹਾਂ ਦੀ ਚੋਣ ਕਮੇਟੀ ਨਾਲ ਅਣਬਣ ਵੀ ਹੋ ਜਾਂਦੀ ਸੀ। ਪੰਜਾਬੀ ਟੀ.ਵੀ. ਚੈਨਲ ਏਬੀਪੀ ਸਾਂਝਾ ਤੇ ਇੰਟਰਵਿਊ ਦੌਰਾਨ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਬੜੀ ਦਲੇਰੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੇ ਜੱਥੇਦਾਰਾਂ, ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਸ਼ਤੇਦਾਰਾਂ ਦੀਆਂ ਅਤੇ ਅਕਾਲੀ ਦਲ ਦੇ ਪ੍ਰਧਾਨਾਂ ਦੀਆਂ ਸਿਫਾਰਸ਼ਾ ਦਾ ਦਰਬਾਰ ਸਾਹਿਬ ਦੇ ਹਜੂਰੀ ਕੀਰਤਨ ਰਾਗੀਆਂ ਦੀ ਚੋਣ ਤੇ ਬੜਾ ਪ੍ਰਭਾਵ ਪੈਂਦਾ ਹੈ। ਭਾਈ-ਭਤੀਜਾ ਵਾਦ ਅਤੇ ਜੱਟ ਰੂਪੀ ਬ੍ਰਾਹਮਣਵਾਦ ਦਾ ਅਕਸਰ ਹੀ ਬੋਲ ਬਾਲਾ ਹੁੰਦਾ ਹੈ। ਸ਼ਾਇਦ ਇਸੇ ਕਰਕੇ ਜੱਟ ਰੂਪੀ ਬ੍ਰਾਹਮਣਵਾਦ ਦੇ ਪ੍ਰਭਾਵ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਜੱਟ ਰੂਪੀ ਬ੍ਰਾਹਮਣਵਾਦ ਦਾ ਰਾਜਸੀ ਅਤੇ ਜਾਤੀਵਾਦ ਪ੍ਰਭਾਵ ਹੋਣ ਕਰਕੇ ਅਣਗੜਤ ਗੁਰਬਾਣੀ ਦੇ ਮੂਲ ਸਿਧਾਂਤਾਂ ਅਤੇ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕਰਨ ਤੋਂ ਅਗਿਆਨੀ ਸਿਫਾਰਸ਼ੀ ਰਾਗਾਂ ਦੀ ਸਮਝ ਤੋਂ ਸੱਖਣੇ ਹਜ਼ੂਰੀ ਰਾਗੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਸੱਚ ਖੰਡ ਵਿੱਚ ਕੀਰਤਨ ਕਰਨ ਵਿੱਚ ਸਫਲ ਹੋ ਜਾਂਦੇ ਹਨ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਬੜੀ ਬੇਬਾਕੀ ਨਾਲ ਮੰਨਦੇ ਸਨ ਕਿ ਸਿਰਫ 2 ਪ੍ਰਤੀਸ਼ਤ ਹੀ ਹਜੂਰੀ ਰਾਗੀ ਕੀਰਤਨ ਕਰਨ ਵਾਲੇ ਰਾਗਾਂ ਦੀ ਸਮਝ ਰੱਖਦੇ ਹਨ ਬਾਕੀ ਸਾਰੇ ਭਾਈ ਭਾਤੀਜਵਾਦ ਅਤੇ ਜੱਟ ਰੂਪੀ ਬ੍ਰਾਹਮਣਵਾਦ ਦੀਆਂ ਸਿਫਾਰਸ਼ਾ ਨਾਲ ਭਰਤੀ ਹੁੰਦੇ ਹਨ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਕਦੇ ਵੀ ਰਾਗਾਂ ਤੋਂ ਬਿਨਾ ਜਸ ਗਾਇਨ ਅਤੇ ਚੋਣ ਕਮੇਟੀ ਸਮੇਂ ਗੁਰੂ ਨਾਨਕ ਦੇਵ ਜੀ ਦੀ ਚਲਾਈ ਪਰੰਪਰਾ ਅਨੁਸਾਰ ਸ਼ਬਦ ਜਸ ਗਾਇਨ ਦੇ ਅਸੂਲਾਂ ਨਾਲ ਸਮਝੋਤਾ ਨਹੀਂ ਕੀਤਾ।
ਉਹ ਹਮੇਸ਼ਾ ਹੀ ਗੁਰੂ ਸਾਹਿਬਾਨ ਦੁਆਰਾਂ ਗੁਰਬਾਣੀ ਦੇ ਜਸ ਗਾਇਨ ਨੂੰ ਰਾਗਾਂ ਵਿੱਚ ਗਾਉਣ ਨੂੰ ਪਹਿਲ ਦਿੰਦੇ ਰਹੇ।

ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਗੁਰਬਾਣੀ ਨੂੰ 31 ਰਾਗਾਂ ਵਿੱਚ ਗਾਉਣ ਅਤੇ 71 ਦੇਸ਼ਾ ਵਿੱਚ ਗੁਰਬਾਣੀ ਦਾ ਜਸ ਗਾਇਨ ਰਾਗਾਂ ਵਿੱਚ ਕਰਨ ਕਰਕੇ ਉਨ੍ਹਾਂ ਦੀ ਇਸ ਮਹਾਨ ਦੇਣ ਨੂੰ ਮੰਨਦਿਆਂ ਅਤੇ ਗੁਰੂ ਰਾਮਦਾਸ ਜੀ ਦੀਆਂ ਅਪਾਰ ਬਖਸ਼ਿਸ਼ਾਂ ਸਦਕਾ ਭਾਰਤ ਸਰਕਾਰ ਨੇ ਭਾਰਤ ਦੇ ਰਾਸ਼ਟਰਪਤੀ ਦੁਆਰਾ 26 ਜਨਵਰੀ 2009 ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਸਰਕਾਰ ਦੇ ਵਕਾਰੀ ਅਤੇ ਸਭ ਤੋਂ ਸਰਵੋਤਮ ਅਵਾਰਡਿਡ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ। ਪਦਮ ਸ੍ਰੀ ਅਵਾਰਡ ਦੇ ਸੰਦਰਭ ਵਿੱਚ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਦਾ ਧੰਨਵਾਦ ਕਰਨਾ ਨਹੀਂ ਭੁਲਦੇ ਸਨ। ਉਹ ਅਕਸਰ ਹੀ ਕਿਹਾ ਕਰਦੇ ਸਨ ਕਿ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਨਾਲ ਹੀ ਦੁਨਿਆਵੀ ਮਾਨ-ਸਨਮਾਨ ਮਿਲਦੇ ਹਨ। ਉਹ ਸ੍ਰੀ ਦਰਬਾਰ ਸਾਹਿਬ ਸੱਚ ਖੰਡ ਵਿੱਚ ਹਜੂਰੀ ਰਾਗੀ ਵੱਜੋਂ ਕੀਰਤਨ ਕਰਨ ਨੂੰ ਦੁਨਿਆਵੀ ਅਤੇ ਰੁਹਾਨੀਅਤ ਦਾ ਸਭ ਤੋਂ ਵੱਡਾ ਅਵਾਰਡ ਸਮਝਦੇ ਸਨ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਰੁਝੇਵਿਆਂ ਭਰੇ ਸਮੇਂ ਵਿੱਚ ਵੀ ਆਪਣਾ ਪੜਨ ਲਈ ਸਮਾਂ ਕੱਢ ਲਿਆ ਕਰਦੇ ਸਨ। ਉਨ੍ਹਾਂ ਦੀ ਦੋ ਪੁਸਤਕਾਂ ” ਗੁਰਮਤਿ ਸੰਗੀਤ ਦੇ ਅਨਮੋਲ ਰਤਨ ਅਤੇ ਦੂਜੀ ਪੁਸਤਕ ” ਸਿੱਖ ਕੀਰਤਨਕਾਰ ਬੀਬੀਆਂ” ਆਦਿ ਪੁਸਤਕਾਂ ਪ੍ਰਤੱਖ ਪ੍ਰਮਾਣ ਹਨ। ਉਹਨਾ ਦੀਆਂ ਚਾਰ ਪੁਸਤਕਾਂ ਅਣਛੱਪੀਆਂ ਹਨ ਜੋ ਜਲਦੀ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੈ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਭਾਰਤ ਸਰਕਾਰ ਵੱਲੋਂ 1984 ਦੇ ਹਰਿਮੰਦਰ ਸਾਹਿਬ ਉਪਰ ਹਮਲੇ ਸਮੇਂ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਡਿਊਟੀ ਤੇ ਤਾਇਨਾਤ ਸਨ। ਉਹ ਅਕਸਰ ਹੀ ਮੰਨਦੇ ਸਨ ਅਤੇ ਇਕ ਸਮੇਂ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿੱਚ ਬਾਬਾ ਦੀਪ ਸਿੰਘ ਗੁਰਦੁਆਰਾ ਵਿੱਚ ਉਨ੍ਹਾਂ ਕੀਰਤਨ ਸ਼ੁਰੂ ਕਰਨ ਤੋਂ ਪਹਿਲਾ 1984 ਦੇ ਸਾਕੇ ਨੂੰ ਯਾਦ ਕਰਦਿਆਂ ਮੰਨਿਆ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੇ ਫੌਜੀ ਹਮਲੇ ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਕਾਲੀਆਂ ਭੇਡਾਂ ਨੂੰ ਵੇਖਿਆ। ਸ਼ਾਇਦ ਇਸੇ ਕਰਕੇ ਸਾਡੇ ਸਿੱਖ ਧਰਮ ਦੇ ਰਾਜਸੀ ਲੀਡਰਾਂ ਦੀ ਦੋਗਲਾਪਨ ਦੀ ਨੀਤੀ ਅਤੇ ਜੱਟ ਰੂਪੀ ਬ੍ਰਾਹਮਣਵਾਦੀ ਆਰ.ਐਸ.ਐਸ. ਦੇ ਧਾਰਨੀ ਸਿੱਖਾਂ ਦੇ ਰਾਜਸੀ ਲੀਡਰਾਂ ਦੀ ਮਿਲੀਭੁਗਤ ਨਾਲ ਸਿੱਖਾਂ ਦੀ ਨਸਲਕੁਸੀ ਅਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਵਾ ਦਿੱਤਾ ਗਿਆ। ਸਿੱਖ ਧਰਮ ਦਾ ਨੁਕਸਾਨ ਕਿਸੇ ਦੂਜੇ ਧਰਮ ਦੇ ਆਗੂਆਂ ਜਾ ਪਾਰਟੀਆਂ ਨਹੀਂ ਸਗੋਂ ਸਾਡੇ ਸਿੱਖ ਧਰਮ ਦੇ ਧਾਰਮਿਕ ਅਤੇ ਰਾਜਸੀ ਆਗੂਆਂ ਦੀ ਦੋਗਲੀ ਜੱਟ ਰੂਪੀ ਬ੍ਰਾਹਮਣਵਾਦੀ ਸੋਚ ਨੇ ਕੀਤਾ ਹੈ। ਸ਼ਾਇਦ ਇਸੇ ਕਰਕੇ ਬਹੁਤੇ ਸਿੱਖ ਧਰਮ ਦੇ ਗੁਰਦੁਆਰਿਆਂ ਵਿੱਚ ਪ੍ਰਧਾਨ ਦੀ ਚੋਣ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਭਾਈ ਭਤੀਜ ਅਤੇ ਜਾਤੀਗਤ ਪ੍ਰਭਾਵ ਤੋਂ ਅਣਭਿੱਜ ਨਹੀਂ ਰਹਿ ਸਕੀ। ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਵੀ ਸਿੱਖ ਧਰਮ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਧਾਰਮਿਕ ਅਤੇ ਰਾਜਸੀ ਆਗੂਆਂ ਦੀ ਨਸਲੀ ਭੇਦਭਾਵ ਦਾ ਸ਼ਿਕਾਰ ਹੁੰਦੇ ਰਹੇ ਹਨ ਜਿਵੇ ਉਦਾਹਰਣ ਵੱਜੋਂ ਹਜੂਰੀ ਰਾਗੀ ਵੱਜੋਂ ਸੱਚ ਖੰਡ ਸ੍ਰੀ ਦਰਬਾਦ ਸਾਹਿਬ ਵਿੱਚ ਕੀਰਤਨ ਕਰਨ ਤੋਂ ਰੋਕਣਾ ਅਤੇ ਵਿਦੇਸ਼ਾਂ ਵਿੱਚ ਵਿਚਰਦਿਆਂ ਗੁਰਬਾਣੀ ਦਾ ਪ੍ਰਚਾਰ ਕਰਦਿਆਂ ਯਾਤਰਾ ਸਮੇਂ ਮਨਘੜਤ ਕਹਾਣੀਆਂ ਘੜ ਕੇ ਇਸ ਸਦੀ ਦੀ ਮਹਾਨ ਆਤਮਾ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਅਖੌਤੀ ਜੱਟ ਰੂਪੀ ਬ੍ਰਾਹਮਣਵਾਦ ਦੀ ਸੋਚ ਦੀ ਪ੍ਰਤੀਨਿਧੱਤਾ ਕਰਨ ਵਾਲਿਆਂ ਵੱਲੋਂ ਵਕਤੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਦਲੇਰ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਚਲਾਈ ਪਰੰਪਰਾ ਅਨੁਸਾਰ ਗੁਰਬਾਣੀ ਦੇ ਸ਼ਬਦਾਂ ਦਾ ਰਾਗਾਂ ਰਾਹੀ ਜਸ ਗਾਇਨ ਕਰਦੇ ਰਹੇ।

ਅੰਤਮ ਸਮੇਂ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਬਿਮਾਰ ਹੋਣਾ ਅਤੇ ਹਸਪਤਾਲ ਵਿੱਚ ਡਾਕਟਰਾਂ ਦੀ ਲਾਪਰਵਾਹੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰੂ ਰਾਮਦਾਸ ਹਸਪਤਾਲ ਵਿੱਚ ਮੈਡੀਕਲ ਸਹੁਲਤਾਂ ਦੀ ਘਾਟ ਅਤੇ ਉਥੋਂ ਦੇ ਨਲਾਇਕ ਮੈਡੀਕਲ ਡਾਕਟਰਾਂ ਦੀ ਅਣਗਹਿਲੀ ਕਰਨ ਅਤੇ ਗੁਰੂ ਨਾਨਕ ਹਸਪਤਾਲ ਵਿੱਚ ਬਿਨਾ ਦਵਾਈ ਦੇ ਸਵਾਸ ਤਿਆਗਣਾ ਅਤੇ ਅੰਤਿਮ ਸਮੇਂ ਆਪਣੇ ਲੜਕੇ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਨਾਲ ਫੋਨ ਤੇ ਗਲਬਾਤ ਕਰਦਿਆਂ ਡਾਕਟਰਾਂ ਦੀ ਅਣਗਹਿਲੀ ਅਤੇ ਨਲਾਇਕੀ ਦੀ ਸ਼ਿਕਾਇਤ ਕਰਦਿਆਂ ਸਵਾਸ ਤਿਆਗ ਦੇਣਾ ਜਿੱਥੇ ਸਾਡੇ ਸਰਕਾਰੀ ਪ੍ਰਸ਼ਾਸਨ ਦੀ ਨਲਾਇਕੀ ਵੱਲ ਇਸ਼ਾਰਾ ਕਰਦੇ ਹਨ ਉਥੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਤੀਗਤ ਵਿਖਰੇਂਵੇ ਵੱਲ ਵੀ ਸੰਕੇਤ ਕਰਦੇ ਹਨ।

2 ਅਪ੍ਰੈਲ 2020 ਨੂੰ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਸਵਾਸ ਤਿਆਗਣਾਂ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਵੇਰਕਾ ਪਿੰਡ ਦੇ ਜੱਟ ਰੂਪੀ ਬ੍ਰਾਹਮਣਵਾਦੀ ਸੋਚ ਦੇ ਅਖੌਤੀ ਮੁਖੀਆਂ ਕੌਂਸਲਰ ਵੱਲੋਂ ਪਿੰਡ ਵਾਸੀਆਂ ਵੱਲੋਂ ਸ਼ਮਸ਼ਾਨ ਘਾਟ ਨੂੰ ਤਾਲੇ ਲਗਾ ਦੇਣਾ, ਲੋਕਾਂ ਦਾ ਸੜਕਾ ਤੇ ਉਤਰ ਆਉਣਾ ਜਿੱਥੇ ਸਿੱਖ ਧਰਮ ਵਿੱਚ ਜਾਤੀਵਾਦ ਨੂੰ ਪ੍ਰਤੱਖ ਰੂਪ ਵਿੱਚ ਸਪਸ਼ਟ ਕਰਦਾ ਹੈ ਉਥੇ ਦੂਜੇ ਪਾਸੇ ਪੰਜਾਬੀ ਦੀ ਮਾਨਸਿਕਤਾ ਦੇ ਦੀਵਾਲੀਏਪਣ ਸਪਸ਼ਟ ਰੂਪ ਵਿੱਚ ਚਿੱਤਰ ਉਜਾਗਰ ਹੁੰਦਾ ਹੈ। ਦੁਨੀਆਂ ਦੇ ਮੈਡੀਕਲ ਡਾਕਟਰਾਂ ਦੀਆਂ ਰਿਪੋਰਟਾਂ ਅਨੁਸਾਰ ਕਰੋਨਾਇਰਸ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਅਗਨੀਭੇਂਟ ਕਰਦੇ ਸਮੇਂ ਅੱਗ ਨਾਲ ਜਾਨਲੇਵਾ ਵਾਇਰਸ ਖਤਮ ਹੋ ਜਾਂਦਾ ਹੈ।

ਸਿੱਖ ਧਰਮ ਦੀ ਤ੍ਰਾਸਦੀ ਹੀ ਨਹੀਂ ਜਾ ਸਕਦੀ ਹੈ ਕਿ ਗੁਰੂ ਸਾਹਿਬਾਨਾ ਨੇ ਜਾਤ-ਪਾਤ ਊਚ-ਨੀਚ ਨੂੰ ਨਿਕਾਰਿਆ ਪਰ ਅੱਜ ਸਿੱਖ ਧਰਮ ਹਿੰਦੂ ਧਰਮ ਦੇ ਕਰਮਕਾਂਡਾਂ ਅਤੇ ਸਿੱਖ ਧਰਮ ਦੇ ਧਾਰਮਿਕ ਅਤੇ ਰਾਜਸੀ ਲੀਡਰ ਆਰ.ਐਸ.ਐਸ ਦੇ ਪਿੱਠੂ ਬਣ ਕੇ ਰਹਿ ਗਏ ਹਨ।

ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਤੋਂ ਪਹਿਲਾ ਸਿੱਖ ਧਰਮ ਦੇ ਰਤਨ ਗਿਆਨੀ ਦਿੱਤ ਸਿੰਘ ਜੋ ਕਿ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੇ ਮੋਢੀ ਸਨ। ਇਸ ਮਹਾਨ ਵਿਦਵਾਨ ਨੇ ਉਸ ਸਮੇਂ ਦੇ ਆਰੀਆ ਸਮਾਜ ਦੇ ਸਰਸਵਤੀ ਦਯਾ ਨੰਦ ਨੂੰ ਤਿੰਨ ਵਾਰ ਧਰਮ ਦੇ ਮਸਲੇ ਵਿੱਚ ਵਿਚਾਰ ਗੋਸਟੀ ਰਾਹੀਂ ਹਰਾਇਆ। ਗਿਆਨੀ ਦਿੱਤ ਸਿੰਘ ਵੱਲੋਂ ਖਾਲਸਾ ਅਖਬਾਰ ਕੱਢਣਾ, ਕੁੜੀਆਂ ਲਈ ਪਹਿਲਾ ਸਕੂਲ ਖੋਲਣਾ, ਸਿੱਖ ਧਰਮ ਦੇ ਪ੍ਰਚਾਰ ਲਈ ਅਣਗਿਣਤ ਕਿਤਾਬਾਂ ਲਿਖਣਾ ਵਰਗੀਆਂ ਮਹਾਨ ਘਾਲਣਾਵਾਂ ਅਤੇ ਯੋਗਦਾਨ ਨੂੰ ਵਿਸਾਰਨਾ ਅਤੇ ਉਸ ਸਮੇਂ ਸਿੱਖ ਧਰਮ ਦੇ ਧਾਰਮਿਕ ਅਤੇ ਰਾਜਸੀ ਅਖੌਤੀ ਲੀਡਰਾਂ ਵੱਲੋਂ ਗਿਆਨੀ ਦਿੱਤ ਸਿੰਘ ਦੇ ਮਰਨ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ 4-5 ਦਿਨ ਸੰਭਾਲਿਆ ਹੀ ਨਾ ਗਿਆ ਕਿਉਂਕਿ ਉਹ ਰਵਿਦਾਸੀਆ ਪਰਿਵਾਰ ਨਾਲ ਸੰਬੰਧਿਤ ਸਨ।

ਗਿਆਨੀ ਦਿੱਤ ਸਿੰਘ ਤੋਂ ਵੀ ਪਹਿਲਾ ਇਸ ਸਦੀ ਦੇ ਮਹਾਨ ਫਿਲਾਸਫਰ, ਵਿਦਵਾਨ ਧਾਰਮਿਕ ਅਤੇ ਰਾਜਨੀਤਿਕ ਨੇਤਾ ਡਾ. ਭੀਮ ਰਾਓ ਅੰਬੇਡਕਰ ਨੂੰ ਵੀ ਸਿੱਖ ਧਰਮ ਗ੍ਰਹਿਣ ਕਰਨ ਤੋਂ ਉਸ ਸਮੇਂ ਦੇ ਧਾਰਮਿਕ ਆਗੂ ਡੱਲੇ ਵਰਗਿਆਂ ਹਿੰਦੂ ਬ੍ਰਾਹਮਣਵਾਦੀ ਸੋਚ ਦੇ ਧਾਰਨੀਆਂ ਨੇ ਰੋਕਿਆ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਿੱਖ ਧਰਮ ਦੇ ਨਲਾਇਕ ਧਾਰਮਿਕ ਅਤੇ ਰਾਜਸੀ ਦਿਵਯ ਦ੍ਰਿਸ਼ਟੀ ਤੋਂ ਸੱਖਣੇ ਅਕਲੋਂ ਪੈਦਲ ਚਲਣ ਵਾਲਿਆਂ ਤੋਂ ਨਿਰਾਸ਼ ਹੋ ਕੇ ਬੁੱਧ ਧਰਮ ਗ੍ਰਹਿਣ ਕਰ ਲਿਆ।

ਅੱਜ ਜੱਟ ਵਾਦ ਦੇ ਜਾਤੀਗਤ ਪ੍ਰਭਾਵ ਕਾਰਨ ਮਜਬੀ ਸਿਖ ਬਾਲਮੀਕ, ਐਸ. ਸੀ. ਬੀ. ਸੀ. ਜਾਤਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਧੜਾ ਧੜ ਇਸਾਈ ਧਰਮ ਅਤੇ ਦੇਹਧਾਰੀਆਂ ਡੇਰਿਆਂ ਵੱਲ ਰੁਚਿਤ ਹੋ ਰਹੇ ਹਨ। ਸਿੱਖ ਧਰਮ ਵਿੱਚ ਜਾਤੀਗਤ ਪ੍ਰਭਾਵ ਜਿਥੇ ਚਿੰਤਾ ਦਾ ਵਿਸ਼ਾ ਹੈ ਉਥੇ ਦੂਜੇ ਪਾਸੇ ਗੁਰੂ ਸਾਹਿਬਾਨਾਂ ਦੇ ਸਰਬੱਤ ਦੇ ਭਲੇ ਦਾ ਸਿਧਾਂਤ ਵੀ ਭੁੱਲ ਕੇ ਧਾਰਮਿਕ ਅਤੇ ਰਾਜਸੀ ਸਿੱਖ ਆਗੂ ਬ੍ਰਾਹਮਣਵਾਦੀ ਸੋਚ ਵਿੱਚ ਗਲਤਾਨ ਹੁੰਦੇ ਜਾ ਰਹੇ ਹਨ।

ਅੰਤ ਵਿੱਚ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਬੇਵਕਤਾ ਸਾਨੂੰ ਸਾਰਿਆਂ ਨੂੰ ਛੱਡ ਕੇ ਤੁਰ ਜਾਣ ਦਾ ਘਾਟ ਹਮੇਸ਼ਾ ਰੜਕਦੀ ਰਹੇਗੀ। ਪ੍ਰਮਾਤਮਾ ਵਿਛੜੀ ਆਤਮਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪਰਿਵਾਰ ਅਤੇ ਸਕੇ ਸੰਬੰਧੀਆਂ ਨੂੰ ਭਾਣਾਂ ਮੰਨਣ ਦਾ ਬਲ ਬਖਸ਼ੇ।
ਡਾ. ਜਾਰਜ ਸਿੰਘ
ਮੋਬਾਇਲ +44 7447 947 722

Previous articleਅਜੇ ਪਾਬੰਦੀਆਂ ’ਚ ਰਾਹਤਾਂ ਦੇਣ ਦਾ ਸਮਾਂ ਨਹੀਂ: ਡਬਲਿਊਐੱਚਓ
Next articleNeymar will always be welcomed back at Barca: Suarez