ਪਿੰਡ ਪਥਿਆਲ ਵਿਖੇ ਕਰਵਾਏ ਗਏ ਸਕੂਲ ਸਮਾਗਮ ਦੌਰਾਨ ਸਕੂਲ ਅਧਿਆਪਕਾਵਾਂ ਅਤੇ ਵਿਦਿਆਰਥਣ ਦਾ ਸਨਮਾਨ ਕਰਦੇ ਹੋਏ ਸਕੂਲ ਦੀ ਮੁੱਖ ਅਧਿਆਪਕਾ। (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਅਤੇ ਜਾਗਰੂਕਤਾ ਪੈਦਾ ਕਰਨ ਲਈ ਜ਼ਿਲ੍ਹਾ ਪੱਧਰੀ ਵਿਗਿਆਨ ਅਤੇ ਗਣਿਤ ਪ੍ਰਦਰਸ਼ਨੀ ਦਾ ਆਯੋਜਨ ਸ. ਸੀ. ਸੈਕੰਡਰੀ ਸਕੂਲ ਪਥਿਆਲ ਵਿਖੇ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ 6ਵੀਂ ਤੋਂ 8ਵੀਂ ਮਿਡਲ ਵਿਭਾਗ ਦੇ ਕੁਇਜ਼ ਮੁਕਾਬਲੇ ਅਤੇ 9ਵੀਂ ਤੋਂ 10ਵੀਂ ਹਾਈ ਵਿਭਾਗ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਪੱਧਰ ਤੇ ਗਣਿਤ ਅਤੇ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਵਾਹੀ ਗਈ। ਸਾਇੰਸ ਅਤੇ ਗਣਿਤ ਮੁਕਾਬਲੇ ਵਿਚ 19 ਬਲਾਕਾਂ ਦੇ ਸਕੂਲਾ ਨੇ ਭਾਗ ਲਿਆ। ਜਿਸ ਵਿਚ ਜ਼ਿਲ੍ਹਾ ਪੱਧਰ ਤੇ ਗਣਿਤ ਮਾਡਲ ਵਿਚ ਸਰਕਾਰੀ ਹਾਈ ਸਕੂਲ ਡਗਾਣਾ ਕਲਾਂ ਦੀ 10ਵੀਂ ਕਲਾਸ ਦੀ ਵਿਦਿਆਰਥਣ ਦੀਪਕਾ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਅਹਿਮ ਮਾਰਕਾ ਮਾਰਿਆ। ਇਸ ਵਿਦਿਆਰਥਣ ਦੀ ਯੋਗ ਅਗਵਾਈ ਮਿਹਨਤੀ ਗਣਿਤ ਅਧਿਆਪਕਾਵਾਂ ਸ਼੍ਰੀਮਤੀ ਰੀਟਾ ਰਾਣੀ ਅਤੇ ਸ਼੍ਰੀਮਤੀ ਭੁਪਿੰਦਰ ਕੌਰ ਨੇ ਕੀਤੀ।
ਸਕੂਲ ਦੀ ਮੁੱਖ ਅਧਿਆਪਕਾ ਬਲਵਿੰਦਰ ਕੌਰ ਨੇ ਇਸ ਵਿਦਿਆਰਥਣ ਦੇ ਨਾਲ ਨਾਲ ਇੰਨ੍ਹਾਂ ਦੋਵਾਂ ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਲਗਨ ਅਤੇ ਮਿਹਨਤ ਕਾਰਨ ਵਿਸ਼ੇਸ਼ ਤੌਰ ਤੇ ਸਨਮਾਨਿਆ। ਮੁੱਖ ਅਧਿਆਪਕਾ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਲਕੇ ਦੇ ਵਿਧਾਇਕ ਪਵਨ ਕੁਮਾਰ ਆਦੀਆ ਨੇ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਇਸ ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੋਹਨ ਸਿੰਘ ਲੇਹਲ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਰਚਾਏ ਗਏ ਪ੍ਰੋਗਰਾਮ ਦਾ ਮੁੱਖ ਮਨੋਰਥ ਵਿਦਿਆਰਥੀ ਵਿਚ ਵਿਗਿਆਨਕ ਸੋਚ ਅਤੇ ਜਾਗਰੂਕਤਾ ਪੈਦਾ ਕਰਨਾ ਸੀ ਜੋ ਸਾਰਥਿਕ ਭੂਮਿਕਾ ਨਿਭਾਉਦਾ ਸਫ਼ਲ ਹੋਇਆ।