ਪਣਜੀ (ਸਮਾਜਵੀਕਲੀ): ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਨੇ ਦੱਸਿਆ ਕਿ ਪਤੰਜਲੀ ਆਯੁਰਵੈਦ ਵਲੋਂ ਆਯੂਸ਼ ਮੰਤਰਾਲੇ ਨੂੰ ਕੋਵਿਡ-19 ਦੇ ਇਲਾਜ ਦੇ ਦਾਅਵੇ ਵਾਲੀ ਦਵਾਈ ਦੀ ਰਿਪੋਰਟ ਸੌਂਪੀ ਗਈ ਹੈ। ਆਯੂਸ਼ ਮੰਤਰੀ ਨੇ ਦੱਸਿਆ ਕਿ ਮੰਤਰਾਲੇ ਵਲੋਂ ਪਹਿਲਾਂ ਰਿਪੋਰਟ ਦੇਖੀ ਜਾਵੇਗੀ ਅਤੇ ਫਿਰ ਕੰਪਨੀ ਦੀ ਦਵਾਈ ਨੂੰ ਪ੍ਰਵਾਨਗੀ ਦੇਣ ਸਬੰਧੀ ਫ਼ੈਸਲਾ ਲਿਆ ਜਾਵੇਗਾ।
ਮੰਤਰਾਲੇ ਵਲੋਂ ਬੀਤੇ ਦਿਨ ਪਤੰਜਲੀ ਨੂੰ ਆਪਣੀ ਦਵਾਈ ਦਾ ਪ੍ਰਚਾਰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੰਦਿਆਂ ਦਵਾਈ ਬਾਰੇ ਪੂਰੇ ਵੇਰਵੇ ਮੰਗੇ ਸਨ। ਊਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਨੇ ਨਵੀਂ ਦਵਾਈ ਤਿਆਰ ਕੀਤੀ ਹੈ ਅਤੇ ਊਨ੍ਹਾਂ ਨੇ ਜੋ ਵੀ ਖੋਜ ਕੀਤੀ ਹੈ, ਪਹਿਲਾਂ ਊਹ ਪ੍ਰਮਾਣਿਕਤਾ ਲਈ ਆਯੂਸ਼ ਮੰਤਰਾਲੇ ਕੋਲ ਆਊਣੀ ਚਾਹੀਦੀ ਹੈ।
ਮੁਜ਼ੱਫ਼ਰਪੁਰ: ਬਿਹਾਰ ਦੀ ਅਦਾਲਤ ’ਚ ਯੋਗ ਗੁਰੂ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਐੱਮਡੀ ਅਚਾਰੀਆ ਬਾਲਕ੍ਰਿਸ਼ਨ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਯੋਗ ਗੁਰੂ ਨੇ ਕੋਵਿਡ-19 ਦੇ ਇਲਾਜ ਲਈ ਦਵਾਈ ਵਿਕਸਿਤ ਕਰਨ ਦਾ ਦਾਅਵਾ ਕਰਕੇ ਨਾ ਸਿਰਫ਼ ਲੋਕਾਂ ਨੂੰ ਗੁੰਮਰਾਹ ਕੀਤਾ ਬਲਕਿ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਵੀ ਜੋਖ਼ਮ ਵਿੱਚ ਪਾਇਆ ਹੈ।
ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੁਕੇਸ਼ ਕੁਮਾਰ ਦੀ ਅਦਾਲਤ ਨੂੰ ਕੀਤੀ ਸ਼ਿਕਾਇਤ ਵਿੱਚ ਤਮੰਨਾ ਹਾਸ਼ਮੀ ਨੇ ਰਾਮਦੇਵ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਤੇ ਹੋਰਨਾਂ ਦੋਸ਼ਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕੇਸ ’ਤੇ ਸੁਣਵਾਈ 30 ਜੂਨ ਨੂੰ ਹੋਵੇਗੀ।