ਜਗਰਾਓਂ : 10 ਦਿਨ ਪਹਿਲਾਂ ਜਗਰਾਓਂ ਦੇ ਪਿੰਡ ਕੋਠੇ ਬੱਗੂ ਦੇ ਇਕ ਘਰ ‘ਚ ਅੱਧੀ ਰਾਤ ਨੂੰ ਦਾਖਲ ਹੋਏ ਦੋ ਹਥਿਆਰਬੰਦ ਬੰਦਿਆਂ ਨੇ ਸੁੱਤੇ ਪਏ ਪਤੀ-ਪਤਨੀ ਅਤੇ ਦੋ ਬੱਚਿਆਂ ‘ਤੇ ਹਮਲਾ ਕਰ ਦਿੱਤਾ ਸੀ ਜਿਸ ਵਿਚ ਔਰਤ ਦੀ ਮੌਤ ਹੋ ਗਈ ਸੀ। ਪੁਲਿਸ ਦੀ ਜਾਂਚ ‘ਚ ਇਹ ਖ਼ੁਲਾਸਾ ਹੋਇਆ ਕਿ ਅਸਲੀ ਮੁਲਜ਼ਮ ਮਹਿਲਾ ਦਾ ਪਤੀ ਹੀ ਸੀ ਅਤੇ ਹਮਲਾ ਕਰਨ ਵਾਲੇ ਹਥਿਆਰਬੰਦ ਉਸ ਦੇ ਦੋਸਤ ਸਨ।
ਜ਼ਿਕਰਯੋਗ ਹੈ ਕਿ ਬੀਤੀ 6 ਸਤੰਬਰ ਦੀ ਦਰਮਿਆਨੀ ਰਾਤ ਕੋਠੇ ਬੱਗੂ ਵਾਸੀ ਗੁਰਪ੍ਰੀਤ ਸਿੰਘ ਦੇ ਘਰ ਹਥਿਆਰਬੰਦਾਂ ਦੇ ਹਮਲੇ ‘ਚ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ ਸੀ, ਜਦਕਿ ਗੁਰਪ੍ਰੀਤ ਅਤੇ ਉਸ ਦੇ ਦੋਵੇਂ ਬੱਚੇ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ‘ਚ ਜਾਂਚ ਕਰ ਰਹੀ ਥਾਣਾ ਸਿਟੀ ਪੁਲਿਸ ਨੇ ਫਿਲਮੀ ਅੰਦਾਜ਼ ‘ਚ ਪਤਨੀ ਨੂੰ ਮਾਰਨ ਲਈ ਗੁਰਪ੍ਰਰੀਤ ਵੱਲੋਂ ਰਚੀ ਸਾਜਿਸ਼ ਤੋਂ 10 ਦਿਨਾਂ ‘ਚ ਪਰਦਾ ਚੁੱਕ ਦਿੱਤਾ।
ਗੁਰਪ੍ਰੀਤ ਸਿੰਘ, ਜਿਸ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸ ਦੀ ਪਤਨੀ ਰਾਜਵੀਰ ਕੌਰ ਨੂੰ ਇਸ ਦਾ ਪਤਾ ਲੱਗ ਗਿਆ ਸੀ ਜਿਸ ਕਾਰਨ ਗੁਰਪ੍ਰੀਤ ਸਿੰਘ ਉਸ ਨਾਲ ਅਕਸਰ ਲੜਦਾ ਰਹਿੰਦਾ ਅਤੇ ਤਲਾਕ ਦੇਣ ਲਈ ਦਬਾਅ ਬਣਾਉਂਦਾ ਰਹਿੰਦਾ ਸੀ। ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਰਸਤੇ ‘ਚੋਂ ਹਟਾਉਣ ਲਈ ਫਿਲਮੀ ਅੰਦਾਜ਼ ‘ਚ ਸਾਜ਼ਿਸ਼ ਰਚੀ ਜਿਸ ਤਹਿਤ ਉਸ ਨੇ ਆਪਣੇ ਦੋ ਹੋਰ ਦੋਸਤਾਂ ਨੂੰ ਸ਼ਾਮਲ ਕਰ ਕੇ ਉਨ੍ਹਾਂ ਨੂੰ ਘਰ ਆ ਕੇ ਹਮਲਾ ਕਰਨ ਲਈ ਤਿਆਰ ਕੀਤਾ। ਗੁਰਪ੍ਰੀਤ ਦੇ ਦੋਸਤ ਹਥਿਆਰਾਂ ਨਾਲ ਲੈੱਸ ਹੋ ਕੇ ਆਏ ਅਤੇ ਉਨ੍ਹਾਂ ਨੇ ਬੇਰਹਿਮੀ ਨਾਲ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ।
ਮਾਸੂਮ ਬੱਚਿਆਂ ‘ਤੇ ਵੀ ਕੀਤੇ ਵਾਰ
ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਗੁਰਪ੍ਰੀਤ ਨੇ ਹਥਿਆਰਬੰਦਾਂ ਤੋਂ ਆਪਣੇ ‘ਤੇ ਹੀ ਵਾਰ ਨਹੀਂ ਕਰਵਾਏ ਬਲਕਿ ਆਪਣੇ ਦੋਵਾਂ ਪੁੱਤਰਾਂ ਜਸ਼ਨਪ੍ਰੀਤ ਅਤੇ ਲਖਵੀਰ ਸਿੰਘ ‘ਤੇ ਵਾਰ ਕਰਵਾਉਣ ਲੱਗੇ ਉਸ ਨੂੰ ਭੋਰਾ ਦਰਦ ਨਾ ਆਇਆ। ਗੁਰਪ੍ਰੀਤ ਦਾ ਅਜਿਹਾ ਕਰਨ ਪਿੱਛੇ ਮਕਸਦ ਸੀ ਕਿ ਕਿਸੇ ਨੂੰ ਉਸ ਵੱਲੋਂ ਰਚੀ ਇਸ ਸਾਜ਼ਿਸ਼ ਦਾ ਪਤਾ ਨਾ ਲੱਗੇ।
ਤਿੰਨੋਂ ਗਿ੍ਫ਼ਤਾਰ, ਦੋ ਦਿਨ ਦੇ ਰਿਮਾਂਡ ‘ਤੇ
ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਮਿ੍ਤਕਾ ਦੇ ਪਤੀ ਗੁਰਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਕਸ਼ਮੀਰ ਸਿੰਘ ਅਤੇ ਉਸ ਦੇ ਦੋਸਤਾਂ ਦਵਿੰਦਰ ਸਿੰਘ ਪੁੱਤਰ ਦਿਲਬਾਰਾ ਸਿੰਘ ਅਤੇ ਸਰਬਜੀਤ ਸਿੰਘ ਉਰਫ ਘੋੜਾ ਪੁੱਤਰ ਸਤਪਾਲ ਸਿੰਘ ਵਾਸੀਆਨ ਕੋਠੇ ਬੱਗੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।