(ਸਮਾਜ ਵੀਕਲੀ)
ਪਤਨੀ
ਵੱਧ ਗਈ ਬਹੁਤੀ ਮਹਿੰਗਾਈ
ਦਿਹਾੜੀ ਅੱਜ ਵੀ ਨਹੀਂ ਲਗਾਈ
ਬੈਠਾ ਘਰ ਵਿਚ ਢੇਰੀ ਢਾਈ
ਰੋਟੀ ਕਿੱਥੋਂ ਖਾਵਾਂਗੇ
ਮਿਲਿਆ ਨ ਕੰਮ-ਕਾਰ
ਅਸੀਂ ਘਰ ਕਿਵੇਂ ਚਲਾਵਾਂਗੇ
ਪਤੀ
ਲੋਕੀਂ ਮਹਿੰਗਾਈ ਦੇ ਮਾਰੇ
ਕੰਮ ਨੇ ਠੱਪ ਹੋ ਗਏ ਸਾਰੇ
ਰੋਂਦੇ ਪਏ ਮਜ਼ਦੂਰ ਵਿਚਾਰੇ
ਲਿਖਿਆ ਵਿਚ ਅਖ਼ਬਾਰਾਂ ਦੇ
ਸਾਰ ਕੋਈ ਨਾ ਜਾਣੇ
ਗਰੀਬ ਤੇ ਪੈਂਦੀਆਂ ਮਾਰਾਂ ਦੇ
ਪਤਨੀ
ਸਾਬਣ ਤੇਲ ਵੀ ਮਹਿੰਗੇ ਹੋਏ
ਕੌਣ ਇਹ ਰੇਟ ਵਧਾਵੇ
ਦੱਸ ਢੋਲਣਾ ਇਸ ਗੱਲ ਦੀ
ਕਿਉਂ ਮੈਨੂੰ ਸਮਝ ਨ ਆਵੇ
ਰਾਸ਼ਨ ਹੋ ਗਿਆ ਸਾਰਾ ਮਹਿੰਗਾ
ਮੈਨੂੰ ਰਾਮਾ ਸ਼ਾਹ ਸੀ ਕਹਿੰਦਾ
ਦਸ ਕਿੱਧਰ ਨੂੰ ਜਾਵਾਂਗੇ
ਮਿਲਿਆ ਨ ਕੰਮ ……..…….
ਪਤੀ
ਦਸ ਮੈ ਤੈਨੂੰ ਕਿੰਝ ਸਮਝਾਵਾਂ
ਸਮਝੇਂ ਨਾ ਅਣਜਾਂਣੇ
ਰਲ- ਮਿਲ ਲੀਡਰ ਰੇਟ ਵਦਾਉਂਦੇ
ਬਣੇੋਂ ਜੋ ਬੀਬੇ ਰਾਣੇ
ਵੋਟਾਂ ਵੇਲੇ ਤਰਲੇ ਕਰਦੇ
ਜੰਤਾ ਨਾਲ ਨਾ ਮੁੜ ਕੇ ਖੜਦੇ
ਘੁੰਮਣ ਵਿਚ ਇਹ ਕਾਰਾਂ ਦੇ
ਸਾਰ ਕੋਈ ਨਾ………….…..…..
ਪਤਨੀ
ਗੱਲ ਹੈ ਖਾਨੇ ਪੈ ਗਈ
ਸੋਚੀ ਨਾ ਵਿੱਚ ਖੁਆਬਾਂ
ਵੋਟਾਂ ਵੇਲੇ ਤਾਹੀ ਘਰ-ਘਰ
ਵੰਡਦੇ ਫਿਰਨ ਸ਼ਰਾਬਾਂ
ਸ਼ੇਰਗਿੱਲ ਪਿਆ ਸਮਝਾਵੇ
ਹੱਥ ਜੋੜ ਵਾਸਤੇ ਪਾਵੇ
ਨਸ਼ੇ ਨੂੰ ਹੱਥ ਨਾ ਲਾਵਾਂਗੇ
ਲੀਡਰ ਕਰਦੇ ਐਸ਼
ਅਸੀਂ ਘਰ ਕਿਵੇਂ ਚਲਾਵਾਂਗੇ
ਪਤੀ
ਸਮਝ ਗਈ ਤੂੰ ਗੱਲ ਰਮਜ਼ ਦੀ
ਸਭਨਾਂ ਨੂੰ ਸਮਝਾਈਏ
ਹੁਣ ਸ਼ਰਾਬ ਦੀ ਬੋਤਲ ਖਾਤਰ
ਵੋਟ ਕਦੇ ਨਾ ਪਾਈਏ
ਸਭ ਸਰਕਾਰ ਦੇ ਮਿੱਠੇ ਲਾਰੇ
ਜਿੱਤ ਕੇ ਦਿਨੇ ਦਿਖਾਉਂਦੀ ਤਾਰੇ
ਐਸੇ ਕੰਮ ਸਰਕਾਰਾਂ ਦੇ
ਸਾਰ ਕੋਈ ਨੇ ਜਾਣੇ
ਗਰੀਬ ਤੇ ਪੈਂਦਿਆਂ ਮਾਰਾਂ ਦੇ
ਗੁਰਵਿੰਦਰ ਸਿੰਘ ਸ਼ੇਰਗਿੱਲ
ਲੁਧਿਆਣਾ
ਮੋਬਾਈਲ 9872878501