ਨੰਗਲ ਪੁਲੀਸ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਖੁਲਾਸਾ ਕੀਤਾ ਕਿ 22 ਨਵੰਬਰ 2019 ਨੂੰ ਨੇੜਲੇ ਪਿੰਡ ਸੈਂਸੋਵਾਲ ਵਿੱਚ ਭੇਤਭਰੀ ਹਾਲਤ ’ਚ ਔਰਤ ਦੇ ਹੋਈ ਹੱਤਿਆ ਦੇ ਕੇਸ ਨੂੰ ਹੱਲ ਕਰ ਲਿਆ ਗਿਆ ਹੈ।
ਥਾਣਾ ਮੁਖੀ ਪਵਨ ਚੋਧਰੀ ਨੇ ਦੱਸਿਆ ਕਿ ਪੁਲੀਸ ਨੂੰ ਪਿੰਡ ਸੈਂਸੋਵਾਲ ਦੀ ਬਬਲੀ ਪਤਨੀ ਰਾਕੇਸ਼ ਕੁਮਾਰ ਦੇ ਕਤਲ ਹੋਣ ਦੀ ਇਤਲਾਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਬਬਲੀ ਦੇ ਭਰਾ ਦੀਪਕ ਕੁਮਾਰ ਨਿਵਾਸੀ ਜਵਾਹਰ ਮਾਰਕੀਟ ਨੰਗਲ ਦੇ ਬਿਆਨਾਂ ਦੇ ਆਧਾਰ ’ਤੇ 23 ਨਵੰਬਰ 2019 ਨੂੰ ਜਸਪਾਲ ਸਿੰਘ, ਚੰਚਲਾ ਦੇਵੀ ਅਤੇ ਸ਼ਿਖਾ (ਸਾਰੇ ਵਾਸੀ ਸੈਂਸੋਵਾਲ) ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਐੱਸਪੀ ਵਿਜੇ ਆਲਮ, ਇੰਸਪੈਕਟਰ ਸੀਆਈਏ ਅਮਰਵੀਰ ਸਿੰਘ ਅਤੇ ਉਨ੍ਹਾਂ ਨੂੰ ਇਸ ਕੇਸ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਦੌਰਾਨ ਸੀਸੀਟੀਵੀ ਕੈਮਰੇ ਦੀ ਫੁਟੇਜ, ਫੋਨ ਕਾਲ ਡਿਟੇਲਜ਼ ਅਤੇ ਹੋਰ ਵਿਗਿਆਨਕ ਤਰੀਕਿਆਂ ਨਾਲ ਸਬੂਤ ਇਕੱਠੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਬੂਤਾਂ ਦੇ ਆਧਾਰ ’ਤੇ ਕੀਤੀ ਗਈ ਤਫ਼ਤੀਸ਼ ਵਿੱਚ ਪਾਇਆ ਗਿਆ ਕਿ ਬਬਲੀ ਦਾ ਕਤਲ ਕਿਸੇ ਹੋਰ ਨਹੀ ਬਲਕਿ ਕਥਿਤ ਤੌਰ ’ਤੇ ਉਸ ਦੇ ਪਤੀ ਨੇ ਹੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅੱਜ ਨੰਗਲ ਪੁਲੀਸ ਨੇ ਬਬਲੀ ਦੇ ਪਤੀ ਰਾਕੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਬਲੀ ਦੇ ਆਪਣੇ ਪਤੀ ਰਾਕੇਸ਼ ਨਾਲ ਸਬੰਧ ਠੀਕ ਨਹੀਂ ਸਨ ਤੇ ਦੋਨਾਂ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪਵਨ ਚੌਧਰੀ ਨੇ ਦੱਸਿਆ ਕਿ ਰਾਕੇਸ਼ ਕੁਮਾਰ ਨੇ 22 ਨਵੰਬਰ 2019 ਕਿਸੇ ਗੱਲ ’ਤੇ ਹੋਏ ਝਗੜੇ ਤੋਂ ਬਾਅਦ ਆਪਣੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
INDIA ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪਤੀ ਗ੍ਰਿਫ਼ਤਾਰ