ਪਠਾਨਕੋਟ– ਬੀਤੀ ਦੇਰ ਸ਼ਾਮ ਨਿਊ ਬਸਤੀ ਛਤਵਾਲ ਕੋਲ ਇੱਕ ਕਾਰ ਅਤੇ ਬੱਸ ਦੀ ਟੱਕਰ ਵਿੱਚ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤੀਜਾ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦਾ ਨਜ਼ਦੀਕ ਪੈਂਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਉਂਕਾਰ ਚੰਦ ਵਾਸੀ ਮਾਮੂਨ ਤੇ ਦਰਬਾਰੀ ਲਾਲ ਵਾਸੀ ਮੁਹੱਲਾ ਵਡੈਹਰਾ ਪਠਾਨਕੋਟ ਵੱਜੋਂ ਹੋਈ ਹੈ ਜਦਕਿ ਵਿਜੇ ਕੁਮਾਰ ਜ਼ਖ਼ਮੀ ਹੈ। ਮ੍ਰਿਤਕਾਂ ਵਿੱਚੋਂ ਉਂਕਾਰ ਚੰਦ ਮੇਲਾ ਦੇਵੀ ਕਾਲੜਾ ਸਕੂਲ ਵਿੱਚ ਅਧਿਆਪਕ ਸੀ ਅਤੇ ਦਰਬਾਰੀ ਲਾਲ ਕਾਰ ਏਜੰਸੀ ਵਿੱਚ ਮਕੈਨਿਕ ਸੀ। ਜਾਣਕਾਰੀ ਅਨੁਸਾਰ ਹਿਮਾਚਲ ਟਰਾਂਸਪੋਰਟ ਦੀ ਬੱਸ (ਐਚ.ਪੀ 73-7828) ਜੋ ਪਠਾਨਕੋਟ ਤੋਂ ਹਿਮਾਚਲ ਦੇ ਚੰਬਾ ਵਿਖੇ ਜਾ ਰਹੀ ਸੀ ਜਿਉਂ ਹੀ ਬੱਸ ਨਿਊ ਬਸਤੀ ਛਤਵਾਲ ਦੇ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਹੰਡਾਈ ਈਓਨ ਕਾਰ ਦੇ ਨਾਲ ਉਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਵਿੱਚ ਫਸੇ ਵਿਅਕਤੀਆਂ ਨੂੰ ਕੱਢਣ ਵਿੱਚ ਸਥਾਨਕ ਲੋਕਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਜਾਣਕਾਰੀ ਅਨੁਸਾਰ ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਉਸ ਦੇ ਡਰਾਈਵਿੰਗ ਲਾਈਸੈਂਸ ਤੋਂ ਪਛਾਣ ਵਿਜੇ ਕੁਮਾਰ (38) ਪੁੱਤਰ ਦਲੀਪ ਚੰਦ ਵਾਸੀ ਪਿੰਡ ਤੇ ਡਾਕਘਰ ਡੁਗਰੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਤੇ ਉਹ ਮੇਲਾ ਦੇਵੀ ਕਾਲੜਾ ਸਕੂਲ ਪਠਾਨਕੋਟ ਵਿੱਚ ਅਧਿਆਪਕ ਵੱਜੋਂ ਤਾਇਨਾਤ ਸੀ। ਸਥਾਨਕ ਲੋਕਾਂ ਨੇ ਕਾਰ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਨਜ਼ਦੀਕ ਪੈਂਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਜਦਕਿ ਤੀਸਰੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਿਜੇ ਕੁਮਾਰ ਨੇ ਕਰੀਬ ਦੋ ਮਹੀਨੇ ਪਹਿਲਾਂ ਹੀ ਈਓਨ ਕਾਰ ਖਰੀਦੀ ਸੀ ਤੇ ਉਸ ਵਿੱਚ ਕੋਈ ਨੁਕਸ ਦਿਖਾਉਣ ਲਈ ਆਪਣੇ ਸਾਥੀ ਅਧਿਆਪਕ ਉਂਕਾਰ ਚੰਦ ਨਾਲ ਏਜੰਸੀ ਵਿੱਚ ਗਿਆ ਸੀ ਤੇ ਉਥੋਂ ਮਕੈਨਿਕ ਦਰਬਾਰੀ ਲਾਲ ਉਨ੍ਹਾਂ ਨੂੰ ਕਾਰ ਵਿੱਚ ਹੀ ਬੈਠਾ ਕੇ ਟਰਾਈ ਲੈਣ ਗਿਆ ਸੀ ਕਿ ਹਾਦਸਾ ਵਾਪਰ ਗਿਆ। ਇਸ ਸੰਬੰਧੀ ਜਦ ਥਾਣਾ ਮਾਮੂਨ ਕੈਂਟ ਦੇ ਮੁਖੀ ਸਬ ਇੰਸਪੈਕਟਰ ਹਰਪ੍ਰੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਨੇ ਕਾਰ ਅਤੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਹਾਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।
INDIA ਪਠਾਨਕੋਟ ਵਿਚ ਕਾਰ ਤੇ ਬੱਸ ਦੀ ਟੱਕਰ ’ਚ ਦੋ ਮੌਤਾਂ; ਇੱਕ ਦੀ...