ਪਟਿਆਲਾ ਜ਼ਿਲ੍ਹੇ ‘ਚ ਕਰਫ਼ਿਊ ਦੌਰਾਨ ਕੁਝ ਛੋਟਾਂ ਦਾ ਐਲਾਨ

ਪਟਿਆਲਾ (ਸਮਾਜਵੀਕਲੀ)  – ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਲਾਗੂ ਕਰਫ਼ਿਊ ਵਿੱਚ ਸ਼ਰਤਾਂ ਤਹਿਤ ਕੁਝ ਛੋਟਾਂ ਦਾ ਐਲਾਨ ਕੀਤਾ ਹੈ। ਇਹ ਛੋਟਾਂ ਕੰਟੇਨਮੈਂਟ ਜ਼ੋਨਾਂ ਵਿੱਚ ਲਾਗੂ ਨਹੀਂ ਹੋਣਗੀਆਂ। ਕੰਟੇਨਮੈਂਟ ਖੇਤਰਾਂ ‘ਚ ਦੁਕਾਨਾਂ ਖੋਲ੍ਹਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਮੁਤਾਬਕ ਪੇਂਡੂ ਖੇਤਰਾਂ ਵਿੱਚ ਕੇਵਲ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ 50 ਫੀਸਦੀ ਕਾਮਿਆਂ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ ਪਰ ਇਨ੍ਹਾਂ ਖੇਤਰਾਂ ਵਿੱਚ ਮਲਟੀ ਬ੍ਰਾਂਡ ਤੇ ਸਿੰਗਲ ਬ੍ਰਾਂਡ ਮਾਲ ਨਹੀਂ ਖੁੱਲ੍ਹਣਗੇ। ਸ਼ਹਿਰੀ ਖੇਤਰਾਂ ਵਿੱਚ ਕਿਸੇ ਵੀ ਮਾਲ ਜਾਂ ਮਲਟੀਪਲੈਕਸ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ।

ਸ਼ਹਿਰੀ ਖੇਤਰਾਂ ਵਿੱਚ ਕਿਸੇ ਵੀ ਮਾਰਕੀਟ ਜਾਂ ਬਾਜ਼ਾਰ ਜਾਂ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜ਼ਾਜਤ ਨਹੀਂ ਪਰ ਅਜਿਹੀਆਂ ਦੁਕਾਨਾਂ ਜਿਨ੍ਹਾਂ ਦੇ ਆਲੇ-ਦੁਆਲੇ ਜਾਂ ਨਾਲ ਲੱਗਦੀ ਕੋਈ ਦੁਕਾਨ ਨਾ ਹੋਵੇ ਸਮੇਤ ਕਲੋਨੀਆਂ ਦੇ ਵੇਹੜਿਆਂ ‘ਚ ਇਕੱਲੀਆਂ ਦੁਕਾਨਾਂ ਜਾਂ ਬੰਦ ਗੇਟਾਂ ਵਾਲੀਆਂ ਕਲੋਨੀਆਂ ‘ਚ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹ ਸਕਦੀਆਂ ਹਨ।

ਸੈਲੂਨ, ਨਾਈ, ਬਿਊਟੀ ਪਾਰਲਰ ਅਤੇ ਸ਼ਰਾਬ ਦੇ ਠੇਕੇ ਤੇ ਦੁਕਾਨਾਂ ਖੋਲ੍ਹਣ ‘ਤੇ ਪੂਰਨ ਪਾਬੰਦੀ ਹੋਵੇਗੀ। ਈ ਕਾਮਰਸ ਕੰਪਨੀਆਂ ਸਿਰਫ਼ ਜ਼ਰੂਰੀ ਵਸਤਾਂ ਘਰ-ਘਰ ਵੇਚ ਸਕਣਗੀਆਂ। ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਥੋਕ, ਪਰਚੂਨ, ਕਰਿਆਨਾ, ਸਬਜ਼ੀ, ਫ਼ਲ, ਦੁੱਧ ਤੇ ਦੁੱਧ ਨਾਲ ਸਬੰਧਤ ਉਤਪਾਦਾਂ ਦੀਆਂ ਦੁਕਾਨਾਂ ਬੇਕਰੀ, ਪੋਲਟਰੀ, ਕੈਮਿਸਟ, ਖੇਤੀਬਾੜੀ ਨਾਲ ਸਬੰਧਤ ਦੁਕਾਨਾਂ ਨੂੰ ਪਹਿਲਾਂ ਜਾਰੀ ਹੁਕਮਾਂ ਮੁਤਾਬਕ ਮਿਲੀ ਆਗਿਆ ਜਾਰੀ ਰਹੇਗੀ।

ਜਦੋਂਕਿ ਪੱਖੇ, ਕੂਲਰ, ਏ.ਸੀ. ਦੀਆਂ ਦੁਕਾਨਾਂ ਅਤੇ ਇਨ੍ਹਾਂ ਦੀ ਰਿਪੇਅਰ ਦੀਆਂ ਦੁਕਾਨਾਂ ਨੂੰ ਵੀ ਛੋਟ ਹੋਵੇਗੀ ਅਤੇ ਇਹ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਗ੍ਰਾਹਕਾਂ ਨੂੰ ਡੀਲ ਕਰ ਸਕਣਗੇ ਅਤੇ 11 ਵਜੇ ਤੋਂ ਬਾਅਦ ਕੇਵਲ ਪਹਿਲਾਂ ਵਾਂਗ ਹੀ ਹੋਮ ਡਿਲਿਵਰੀ ਜਾਰੀ ਰੱਖ ਸਕਦੇ ਹਨ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਰਿਵਾਰਾਂ ਦਾ ਸਿਰਫ਼ ਇੱਕ ਮੈਂਬਰ ਹੀ ਜ਼ਰੂਰੀ ਵਸਤਾਂ ਖਰੀਦਣ ਲਈ ਪੈਦਲ ਮਾਸਕ ਪਾ ਕੇ ਅਤੇ ਸਮਾਜਿਕ ਦੂਰੀ ਬਣਾਉਂਦਿਆਂ ਜਾ ਸਕਦਾ ਹੈ। 65 ਸਾਲ ਤੋਂ ਵਧ ਉਮਰ ਦੇ ਵਿਅਕਤੀਆਂ ਸਮੇਤ ਛੋਟੇ ਬੱਚਿਆਂ ਅਤੇ ਜਿਹੜੇ ਵਿਅਕਤੀ ਕਿਸੇ ਤਰ੍ਹਾਂ ਦੇ ਇਲਾਜ ਅਧੀਨ ਹੋਣ ਉਨ੍ਹਾਂ ਦਾ ਘਰ ਰਹਿਣਾ ਹੀ ਯਕੀਨੀ ਬਣਾਇਆ ਜਾਵੇ।

Previous articleਕੇਂਦਰ ਨੇ 2.22 ਕਰੋੜ ਪੀਪੀਈ ਲਈ ਦਿੱਤੇ ਆਰਡਰ
Next articleਅੱਗ ਨਾਲ 40 ਏਕੜ ਨਾੜ ਅਤੇ 25 ਟਰਾਲੀਆਂ ਤੂੜੀ ਸੁਆਹ