ਪਟਿਆਲਾ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਹੀ ਸ਼ਹਿਰ ਪਟਿਆਲਾ ਲਈ 560 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਹਿਰੀ ਪਾਣੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਸਬੰਧੀ ਸਮਾਗਮ ਨਗਰ ਨਿਗਮ ਪਟਿਆਲਾ ਵਿਖੇ ਹੋਇਆ। ਸਥਾਨਕ ਸਰਕਾਰਾਂ ਵਿਭਾਗ ਦੇ ਹੀ ਅਧੀਨ ਆਉਂਦੇ ਜਲ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਮੁਕੰਮਲ ਕੀਤੇ ਜਾਣ ਵਾਲੇ ਇਸ ਪ੍ਰਾਜੈਕਟ ਨਾਲ ਪਟਿਆਲਾ ਸ਼ਹਿਰ ਦੇ ਸਮੂਹ ਵਾਸੀਆਂ ਨੂੰ 24×7 ਘੰਟੇ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਹੋਵੇਗਾ।
ਇਸ ਸਬੰਧੀ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਚੇਅਰਮੈਨ ਪ੍ਰਗਟ ਸਿੰਘ ਧੁੰਨਾ ਨੇ ਦੱਸਿਆ ਕਿ ਇਹ ਪਾਣੀ ਭਾਖੜਾ ਨਹਿਰ ਤੋਂ ਆਵੇਗਾ, ਜਿਸ ਸਬੰਧੀ ਪਟਿਆਲਾ ਦੇ ਬਾਹਰ ਵਾਰ ਸਥਿਤ ਅਬਲੋਵਾਲ ਵਿਖੇ 26 ਏਕੜ ਰਕਬੇ ਵਿੱਚ ਵਿਸ਼ੇਸ਼ ਪ੍ਰਾਜੈਕਟ ਲਾਇਆ ਗਿਆ ਹੈ। ਅੱਜ ਦੇ ਇਸ ਨੀਂਹ ਪੱਥਰ ਰੱਖ ਸਮਾਗਮ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਾਧੂ ਸਿੰਘ ਧਰਮਸੋਤ ਮੌਜੂਦ ਹਨ।