ਬਟਾਲਾ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਇਨਸਾਫ ਦਿਵਾਉਣ ਲਈ ਅੱਜ ਲੋਕ ਇਨਸਾਫ਼ ਪਾਰਟੀ ਨੇ ਬਟਾਲਾ ਵਿਚ ਸੁੱਖਾ ਸਿੰਘ-ਮਹਿਤਾਬ ਸਿੰਘ ਪਾਰਕ ਵਿੱਚ ਪ੍ਰਸ਼ਾਸਨ ਖਿਲਾਫ਼ ਧਰਨਾ ਲਾਇਆ। ਧਰਨੇ ਦੀ ਅਗਵਾਈ ਕਰਨ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਵਿਧਾਇਕ ਭਰਾ ਬਲਵਿੰਦਰ ਸਿੰਘ ਬੈਂਸ ਸੈਂਕੜੇ ਵਰਕਰਾਂ ਸਮੇਤ ਪਹੁੰਚੇ। ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਆਮਦ ’ਤੇ ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਪੁਲੀਸ ਦੀ ਪਹਿਰਾ ਲਾਇਆ ਹੋਇਆ ਸੀ ਪਰ ਬਟਾਲਾ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਵਿਖਾਈ। ਬੈਂਸ ਨੇ ਪਟਾਕਾ ਫੈਕਟਰੀ ਧਮਾਕੇ ਦੌਰਾਨ ਮਾਰੇ ਗਏ 24 ਵਿਅਕਤੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਬਟਾਲਾ ਵਿੱਚ ਧਰਨਾ ਲਾਉਣ ਦਾ ਐਲਾਨ ਕੀਤਾ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਉਨ੍ਹਾਂ ਲਈ ਧੰਦਾ ਨਹੀਂ ਪਰ ਉਹ ਲੋਕਾਂ ਦੀ ਹਰ ਲੜਾਈ ਅੱਗੇ ਹੋ ਕੇ ਲੜਨਗੇ। ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੀ ਮੈਜਿਸਟਰੇਟ ਜਾਂਚ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਹਾਦਸੇ ਦੀ ਨਿਆਂਇਕ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੋਕ ਇਨਸਾਫ ਪਾਰਟੀ ਹਾਈ ਕੋਰਟ ਅਤੇ ਜੇ ਲੋੜ ਪਈ ਤਾਂ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰੇਗੀ।
ਉਨ੍ਹਾਂ ਲੋਕਾਂ ਕੋਲੋਂ ਹੱਥ ਖੜੇ ਕਰਵਾ ਕਿ ਮਤੇ ਪਾਸ ਕਰਵਾਏ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਵਿੱਤੀ ਮਦਦ ਤੁਰੰਤ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਡੀਸੀ ਸਣੇ ਹੋਰ ਵੀ ਜ਼ਿੰਮੇਵਾਰ ਅਫ਼ਸਰਾਂ ਖਿਲਾਫ਼ ਐਫਆਈਆਰ ਦਰਜ ਕੀਤੀ ਜਾਵੇ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੈਂਸ ਕਿਤੇ ਭੱਜਿਆ ਨਹੀਂ ਪੁਲੀਸ ਜਦੋਂ ਚਾਹੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇ। ਦੱਸਣਯੋਗ ਹੈ ਕਿ ਧਮਾਕੇ ਦੌਰਾਨ ਮਾਰੇ ਗਏ ਇੱਕ ਵਿਅਕਤੀ ਦੀ ਲਾਸ਼ ਦੀ ਸ਼ਨਾਖਤ ਨੂੰ ਲੈ ਕੇ 5 ਸਤੰਬਰ ਨੂੰ ਡੀਸੀ ਗੁਰਦਾਸਪੁਰ ਵਿਪੁਲ ਉਜਵਲ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਰਮਿਆਨ ਸਿਵਲ ਹਸਪਤਾਲ ਬਟਾਲਾ ਵਿਚ ਤਿੱਖੀ ਬਹਿਸ ਹੋਈ ਸੀ ਜਿਸ ਤੋਂ ਬਾਅਦ ਐਸਡੀਐਮ ਬਟਾਲਾ ਬਲਬੀਰ ਰਾਜ ਸਿੰਘ ਦੀ ਸ਼ਿਕਾਇਤ ’ਤੇ ਸਿਮਰਜੀਤ ਸਿੰਘ ਬੈਂਸ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।
INDIA ਪਟਾਕਾ ਫੈਕਟਰੀ ਧਮਾਕਾ: ਪੀੜਤਾਂ ਨੂੰ ਨਿਆਂ ਦਿਵਾਉਣ ਲਈ ਲਾਇਆ ਧਰਨਾ