(ਸਮਾਜ ਵੀਕਲੀ)
ਬੇਬੇ ਨੇ ਹਾਕ ਮਾਰਦਿਆ ਆਖਿਆ ਬਾਹਰ ਕੋਈ ਪੱਗ ਬਨਾਉਣ ਆਇਆ ਹੈ।ਇਹ ਬੋਲ ਸੁਣਦਿਆਂ ਸਾਰ ਹੀ ਮੈਨੂੰ ਬਾਬਾ ਜੀ ਦੇ ਦਰ ਤੇ ਮਿਲੇ ਜੀਤੂ ਦੀ ਯਾਦ ਆ ਗਈ।ਅੱਖਾਂ ਭਰ ਆਈਆਂ ਕਿ ਮੈ ਇਨਸਾਫ ਨਹੀਂ ਕਰ ਸਕਿਆ।
ਰੰਗ ਦਾ ਸਾਫ ਤੇ ਨੈਣ ਨਕਸ਼ ਉਹਦੇ ਬਹੁਤ ਸੋਹਣੇ ਸੀ।ਉਮਰ ਵਿਚ ਵੀ ਮੇਰੇ ਤੋਂ ਉਹ ਵੱਡਾ ਜਾਪਿਆ।ਕਿੰਨਾਂ ਚਿਰ ਮੈ ਉਹਦੀ ਮਾਂ ਤੇ ਉਹਦੇ ਵੱਲ ਵੇਖਦਾ ਰਿਹਾ।
ਲਿਆ ਪੁੱਤ ਮੈ ਸਿਰ ਵਾਹ ਦਿਆਂ”ਜੀਤੂ ਦੀ ਮਾਂ ਨੇ ਆਖਿਆ।”
ਏਨੇ ਪਿਆਰ ਨਾਲ ਉਨੇ ਸਿਰ ਘੁਮਾਇਆ ਇਸ ਤਰ੍ਹਾਂ ਲੱਗੇ ਜਿਵੇਂ ਮਾਂ ਦੀ ਮਮਤਾ ਉਸ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਸੀ। ਜੂੜਾ ਕਰਦੀ ਹੋਈ ਉਸ ਮਾਂ ਨੇ ਜਦੋਂ ਬੈਗ ‘ਚੋਂ ਸਾਫਾ ਕੱਢਿਆ ਤਾਂ ਹੈਰਾਨੀ ਹੋਈ ਕਿ ਮੇਰੇ ਤੋਂ ਵੱਧ ਉਮਰ ਦਾ ਨੌਜਵਾਨ ਹੋਵੇ ਤੇ ਮਾਂ ਕੋਲੋਂ ਸਾਫਾ ਬੰਨਵਾਏ ?
ਜਿਵੇਂ ਵਲ ਮਾਰਨੇ ਆਏ ਬੀਬੀ ਨੂੰ ,ਉਨੇ ਮਾਰ ਕੇ ਮੱਥੇ ਤੇ ਹੱਥ ਫੇਰਦਿਆਂ ਆਖਿਆ “ਮੇਰਾ ਸੋਹਣਾ ਪੁੱਤ ਜੀਤੂ।”
ਧਿਆਨ ਮੇਰਾ ਉੱਧਰ ਹੀ ਸੀ ਕਿ ਬੇਬੇ ਨੇ ਬੈਗ ਵੱਲ ਇਸ਼ਾਰਾ ਕਰਦਿਆਂ ਕਿਹਾ ” ਸਮਾਨ ਚੈਕ ਕਰ ਪੂਰਾ ਹੈ?” ਹਾਂ ਪੂਰਾ ਹੈ। ” ਪੱਗ ਨੂੰ ਠੀਕ ਕਰਦਿਆਂ ਆਖਿਆ।”
ਘਰ ਜਾਣ ਦੀ ਤਿਆਰੀ ਹੀ ਸੀ ਕਿ ਉਸ ਮਾਤਾ ਨੇ ਕੋਲ ਆ ਕਿ ਆਖਿਆ “ਪੁੱਤ! ਮੇਰੇ ਪੁਤ ਦੇ ਸਾਫਾ ਬੰਨ ਦੇ ..”
ਮੈ ਇਕ ਦਮ ਡਰ ਗਿਆ..
ਮਾਤਾ ਨੇ ਵਾਕ ਦੁਹਰਾਇਆ “ਪੁੱਤ ਮੈਨੂੰ ਸਾਫਾ ਵਧੀਆ ਬੰਨਣਾ ਨਹੀਂ ਆਉਂਦਾ ਤੂੰ ਬੰਨ ਦੇ।”
ਆਖਣ ਲੱਗੀ ..ਮੈ ਤੇ ਮੇਰਾ ਪੁੱਤ ਇਕੱਲੇ ਹੀ ਹਾਂ।ਜੀਤੂ ਨਾ ਸਮਝ ਤੇ ਸਿਧੜਾ ਹੈ।ਤੂੰ ਸੋਹਣੀ ਦਸਤਾਰ ਬੰਨੀ ਐ ਇਹਦੇ ਵੀ ਸਜਾ ਦੇ…।ਗੁਰੂ ਰਾਮਦਾਸ ਤੇਰੀ ਜਰੂਰ ਸੁਣਨਗੇ।
ਮੈ ਜੀਤੂ ਵੱਲ ਦੇਖ ਕੇ ਆਪਣੀ ਬੇਬੇ ਵੱਲ ਦੇਖਿਆ..ਬੇਬੇ ਦੀ ਹਲਕੀ ਜਿਹੀ ਮੁਸਕਰਾਹਟ ਬਹੁਤ ਕੁਝ ਕਹਿ ਰਹੀ ਸੀ ਪਰ ਬੇਬੇ ਦੀ ਜ਼ੁਬਾਨੋਂ ਕੋਈ ਬੋਲ ਨਾ ਨਿਕਲੇ।ਇਸ ਤਰ੍ਹਾਂ ਲੱਗਿਆ ਜਿਵੇਂ ਮੇਰੀ ਪਰਖ ਹੋ ਰਹੀ ਹੋਵੇ ਕਿ ਮੈ ਕਿਸ ਤਰ੍ਹਾਂ ਦਾ ਫੈਸਲਾ ਲੈਂਦਾ।
ਬੜੀ ਛੇਤੀ ਹੀ ਮੈ ਜੀਤੂ ਨੂੰ ਕੋਲ ਆਉਣ ਲਈ ਕਿਹਾ। ਮੈ ਜਲਦਬਾਜ਼ੀ ਕੀਤੀ..
ਮਨ ਹੀ ਮਨ ਵਿਚਾਰ ਚੱਲਣ ਲੱਗੇ ਮੈਨੂੰ ਤਾਂ ਬੀਬੀ ਠੀਕ ਨਹੀਂ ਲੱਗਦੀ… ਕਿਤੇ ਇਹ ਸਾਨੂੰ ਲੁੱਟ ਨਾ ਲੈਣ ..
ਮੇਰੀ ਤਾਂ ਬੇਬੇ ਵੀ ਭੋਲੀ ਹੈ ਜੇ ਬੀਬੀ ਨੇ ਕੁਝ ਵੀ ਮੰਗ ਲਿਆਂ ਤਾਂ ਪੈਸੇ ਕੱਢ ਕੇ ਫੜਾ ਦੂ..ਵਾਰ ਵਾਰ ਬੈਗ ਨੂੰ ਮੈਂ ਦੇਖਣ ਲੱਗਿਆ…
ਜਿਵੇਂ ਦਾ ਮੜਾਸੇ ਵਾਂਗ ਕਾਹਲੀ ਕਾਹਲੀ ‘ਚ ਸਾਫਾ ਬੰਨਿਆ ਤਾਂ ਬੰਨ ਦਿੱਤਾ।
ਸਾਫਾ ਬੰਨ ਕੇ ਮੈਨੂੰ ਆਪ ਨੂੰ ਵੀ ਸਕੂਨ ਨਾ ਮਿਲਿਆ।ਬਿਨਾ ਪੂਣੀ ਕੀਤੇ ਸਾਫੇ ਦੇ ਵਲ ਮਾਰੇ ..
ਪਰ ਜੀਤੂ ਦੀ ਮਾਂ ਨੇ ਦੇਖਦਿਆਂ ਸਾਰ ਹੀ ਸਲਾਹੁਣਾ ਸ਼ੁਰੂ ਕੀਤਾ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਪੁੱਤ ਮੇਰਾ।
ਗੁਰੂ ਰਾਮਦਾਸ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ..ਇਹ ਦੁਆਵਾਂ ਦਿੰਦੀ ਜਦੋਂ ਮਾਤਾ ਉੱਠੀ ਤੇ ਕਹਿਣ ਲੱਗੀ ਪੁੱਤ ਵਾਹਿਗੁਰੂ ਨੇ ਇੰਨੂ ਸਿਧੜਾ ਬਣਾਇਆ ਹੈ।ਜਿੰਨੇ ਜੋਗੀ ਹਾਂ ਇਹਦੀ ਸੇਵਾ ਕਰ ਰਹੀ ਹਾਂ।ਮੇਰਾ ਇਹਦੇ ਬਿਨਾਂ ਕੋਈ ਨਹੀਂ।ਇਹਦੇ ਨਾਲ ਹੀ ਮੇਰਾ ਜਹਾਨ ਹੈ।ਚਲ ਪੁੱਤ ਜੀਤੂ ਚੱਲੀਏ ..
ਇਹ ਕਹਿੰਦੀ ਮਾਤਾ ਨੇ ਪਿਆਰ ਨਾਲ ਹੱਥ ਜੋੜ ਕੇ ਫਤਹਿ ਬੁਲਾਈ ਤੇ ਚਲੇ ਗਏ।ਏਧਰੋਂ ਵੀ ਮੈਨੂੰ ਬੜੀਆਂ ਅਸੀਸਾਂ ਮਿਲੀਆਂ ਪਰ ਅੰਦੂਰਨਾ ਖੁਸ਼ ਨਹੀਂ ਸੀ।ਘੁਟਣ ਜਿਹੀ ਮਹਿਸੂਸ ਹੁੰਦੀ ਰਹੀ।ਸਾਰੀ ਰਾਹ ਮੈ ਮਾਂ ਪੁੱਤ ਬਾਰੇ ਹੀ ਸੋਚਦਾ ਰਿਹਾ ।ਕਿਤੇ ਕਿਤੇ ਖਿਆਲ ਆਉਂਦਾ ਕਿ ਮੇਰੇ ਅੰਦਰੋਂ ਉਠੇ ਗਲਤ ਵਿਚਾਰਾਂ ਨੇ ਜੀਤੂ ਦੇ ਸੋਹਣੀ ਦਸਤਾਰ ਨਾ ਬੰਨਣ ਦਿੱਤੀ।ਅਜ ਵੀ ਜਦੋਂ ਕੋਈ ਦਸਤਾਰ ਬਨਾਉਣ ਲਈ ਆਉਂਦਾ ਤਾਂ ਜੀਤੂ ਸਮਝ ਕੇ ਉਹਦੇ ਸੋਹਣੀ ਦਸਤਾਰ ਬੰਨਣ ਦੀ ਕੋਸ਼ਿਸ਼ ਕਰਦਾ ਤੇ ਮਨ ਹੀ ਮਨ ਖਿਮਾਂ ਮੰਗਦਾ..ਹੋ ਸਕੇ ਤਾਂ ਵੀਰ ਮੁਆਫ ਕਰੀਂ ….।
ਸੁਰਜੀਤ ਸਿੰਘ ‘ਦਿਲਾ ਰਾਮ’
ਸੰਪਰਕ 99147-22933
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly