ਪੰਜਾਬ ਦੇ ਜੇਲ੍ਹ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਦੇ ਮਾਮਲੇ ’ਤੇ ਹਾਲ ਦੀ ਘੜੀ ਕਾਰਵਾਈ ਜਾਰੀ ਹੈ ਅਤੇ ਕਿਸੇ ਵੀ ਰਾਜ ਸਰਕਾਰ ਨੇ ਅੱਠ ਕੈਦੀਆਂ ਦੀ ਰਿਹਾਈ ਸਬੰਧੀ ਹੁਕਮਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ। ਪੰਜਾਬ ਪੁਲੀਸ ਦੇ ਅਫਸਰਾਂ ਅਤੇ ਮੁਲਾਜ਼ਮਾਂ ਦੀ ਅਗਾਉਂ ਰਿਹਾਈ ਅਤੇ ਸਜ਼ਾ ਮੁਆਫੀ ਸਬੰਧੀ ਕੇਂਦਰ ਸਰਕਾਰ ਦੇ ਫ਼ੈਸਲੇ ਮੁਤਾਬਕ ਹੁਣ ਤਕ ਕਿਸੇ ਵੀ ਪੁਲੀਸ ਅਫਸਰ ਜਾਂ ਮੁਲਾਜ਼ਮ ਦੀ ਹੁਣ ਤੱਕ ਸੰਭਵ ਨਹੀਂ ਹੋ ਸਕੀ। ਪੰਜਾਬ ਦੇ ਆਈਜੀ (ਜੇਲ੍ਹ) ਪਰਵੀਨ ਕੁਮਾਰ ਸਿਨਹਾ ਦਾ ਕਹਿਣਾ ਹੈ ਕਿ ਪਟਿਆਲਾ ਜੇਲ੍ਹ ਤੋਂ ਨੰਦ ਸਿੰਘ ਨਾਂ ਦੇ ਕੈਦੀ ਦੀ ਵੀਰਵਾਰ ਨੂੰ ਹੋਈ ਰਿਹਾਈ ਦਾ ਕੇਂਦਰ ਸਰਕਾਰ ਦੀ ਸੂਚੀ ਨਾਲ ਕੋਈ ਸਬੰਧ ਨਹੀਂ ਹੈ। ਸ੍ਰੀ ਸਿਨਹਾ ਨੇ ਕਿਹਾ ਕਿ ਨੰਦ ਸਿੰਘ ਖ਼ਿਲਾਫ਼ ਚੰਡੀਗੜ੍ਹ ’ਚ ਮਾਮਲਾ ਦਰਜ ਸੀ ਤੇ ਇਸ ਕੈਦੀ ਦੀ ਅਗਾਊਂ ਰਿਹਾਈ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਫ਼ੈਸਲਾ ਲਿਆ ਗਿਆ ਸੀ। ਹਾਈ ਕੋਰਟ ਦੇ ਫ਼ੈਸਲੇ ਦੇ ਆਧਾਰ ’ਤੇ ਹੀ ਯੂ.ਟੀ. ਪ੍ਰਸ਼ਾਸਨ ਵੱਲੋਂ ਨੰਦ ਸਿੰਘ ਦੀ ਰਿਹਾਈ ਸਬੰਧੀ ਪੰਜਾਬ ਦੇ ਜੇਲ੍ਹ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਇਨ੍ਹਾਂ ਸਰਕਾਰਾਂ ਵੱਲੋਂ ਰਿਹਾਈ ਸਬੰਧੀ ਲਏ ਜਾਣ ਵਾਲੇ ਫ਼ੈਸਲੇ ਨੂੰ ਪੰਜਾਬ ਦੇ ਜੇਲ੍ਹ ਵਿਭਾਗ ਨੇ ਤਾਂ ਲਾਗੂ ਕਰਕੇ ਕੈਦੀਆਂ ਦੀ ਰਿਹਾਈ ਹੀ ਕਰਨੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਅੱਠ ਸਿੱਖ ਕੈਦੀਆਂ ਦੀ ਰਿਹਾਈ ਕਰਨ ਅਤੇ ਇੱਕ ਕੈਦੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਸੀ। ਇਹ ਵਿਸ਼ੇਸ਼ ਫੈਸਲਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਲਿਆ ਗਿਆ ਸੀ। ਇਸ ਧਾਰਮਿਕ ਦਿਹਾੜੇ ਮੌਕੇ ਕੇਂਦਰ ਸਰਕਾਰ ਨੇ ਪੰਜਾਬ ਪੁਲੀਸ ਦੇ ਪੰਜ ਅਫ਼ਸਰਾਂ ਤੇ ਕਰਮਚਾਰੀਆਂ ਦੀ ਵੀ ਸਜ਼ਾ ਮੁਆਫ਼ ਤੇ ਰਿਹਾਈ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਮੇਤ ਗੁਜਰਾਤ, ਹਰਿਆਣਾ, ਕਰਨਾਟਕ, ਨਵੀਂ ਦਿੱਲੀ ਦੇ ਮੁੱਖ ਸਕੱਤਰਾਂ ਅਤੇ ਚੰਡੀਗੜ੍ਹ (ਯੂਟੀ) ਪ੍ਰਸ਼ਾਸਕ ਦੇ ਸਲਾਹਕਾਰ ਨੂੰ ਕੇਂਦਰ ਸਰਕਾਰ ਵੱਲੋਂ ਭੇਜੇ ਪੱਤਰ ਨਾਲ ਜੋ ਸੂਚੀ ਭੇਜੀ ਗਈ ਹੈ, ਉਸ ਮੁਤਾਬਕ ਗੁਰਦੀਪ ਸਿੰਘ ਖ਼ਿਲਾਫ਼ ਥਾਣਾ ਕ੍ਰਿਸ਼ਨਾ ਨਗਰ ਨਵੀਂ ਦਿੱਲੀ ਅਤੇ ਕਰਨਾਟਕ ਦੇ ਥਾਣਾ ਬਿਦਰ ਵਿੱਚ ਟਾਡਾ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਸੀ ਪਰ ਇਹ ਕੈਦੀ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਹੈ। ਬਲਵੰਤ ਸਿੰਘ ਰਾਜੋਆਣਾ ਦਾ ਸਬੰਧ ਚੰਡੀਗੜ੍ਹ ’ਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਨਾਲ ਹੈ। ਇਹ ਅਪਰਾਧ ਤਾਂ ਯੂਟੀ ਦਾ ਹੈ ਪਰ ਰਾਜੋਆਣਾ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਸਭ ਤੋਂ ਜ਼ਿਆਦਾ ਤੇ ਫਾਂਸੀ ਦੀ ਸਜ਼ਾਯਾਫ਼ਤਾ ਇਸ ਕੈਦੀ ਦੀ ਸਜ਼ਾ ਤਬਦੀਲ ਕਰਨ ਦਾ ਫ਼ੈਸਲਾ ਨਿਯਮਾਂ ਮੁਤਾਬਕ ਯੂਟੀ ਪ੍ਰਸ਼ਾਸਨ ਦੇ ਰਾਹੀਂ ਕੇਂਦਰ ਸਰਕਾਰ ਵੱਲੋਂ ਹੀ ਲਿਆ ਜਾਣਾ ਹੈ। ਬਲਬੀਰ ਸਿੰਘ ਨਾਂ ਦੇ ਕੈਦੀ ਖ਼ਿਲਾਫ਼ ਰਾਏਕੋਟ ਥਾਣੇ ’ਚ ਮਾਮਲਾ ਦਰਜ ਹੈ। ਇਹ ਕੈਦੀ ਲੁਧਿਆਣਾ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਸਿਰਫ਼ ਇਸ ਬਾਰੇ ਫੈਸਲਾ ਪੰਜਾਬ ਸਰਕਾਰ ਰਾਹੀਂ ਰਾਜਪਾਲ ਵੱਲੋਂ ਲਿਆ ਜਾਣਾ ਹੈ। ਸੁਬੇਗ ਸਿੰਘ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਇਸੇ ਤਰ੍ਹਾਂ ਵਰਿਆਮ ਸਿੰਘ, ਜੋ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹੈ, ਖ਼ਿਲਾਫ਼ ਹਰਿਆਣਾ ਦੇ ਥਾਣਾ ਰਾਏਪੁਰ ਰਾਣੀ ’ਚ ਮਾਮਲਾ ਦਰਜ ਹੋਣ ਤੋਂ ਬਾਅਦ ਸਜ਼ਾ ਹੋਈ ਸੀ। ਲਾਲ ਸਿੰਘ ਖ਼ਿਲਾਫ਼ ਨਵੀਂ ਦਿੱਲੀ ’ਚ ਮਾਮਲਾ ਦਰਜ ਸੀ ਤੇ ਇਹ ਕੈਦੀ ਇਸ ਸਮੇਂ ਨਾਭਾ ਜੇਲ੍ਹ ਵਿੱਚ ਬੰਦ ਹੈ। ਦਵਿੰਦਰ ਪਾਲ ਸਿੰਘ ਭੁੱਲਰ ਖ਼ਿਲਾਫ਼ ਨਵੀਂ ਦਿੱਲੀ, ਉਤਰ ਪ੍ਰਦੇਸ਼ ਤੇ ਗਾਜ਼ੀਆਬਾਦ ਅਤੇ ਗੁਰਦਾਸਪੁਰ ’ਚ ਮਾਮਲੇ ਦਰਜ ਹਨ। ਇਸ ਚਰਚਿਤ ਕੈਦੀ ਦੀ ਰਿਹਾਈ ਵਿੱਚ ਤਿੰਨ ਰਾਜਾਂ ਦੀਆਂ ਸਰਕਾਰ ਦੀ ਭੂਮਿਕਾ ਹੋਵੇਗੀ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਰਾਜਾਂ ਦੀ ਭੂਮਿਕਾ ਹੋਣ ਕਾਰਨ ਸਿੱਖ ਕੈਦੀਆਂ ਦੀ ਰਿਹਾਈ ਵਿੱਚ ਦੇਰੀ ਹੋ ਰਹੀ ਹੈ।
INDIA ਨੰਦ ਸਿੰਘ ਦੀ ਰਿਹਾਈ ਦਾ ਸਿੱਖ ਕੈਦੀਆਂ ਬਾਰੇ ਫ਼ੈਸਲੇ ਨਾਲ ਕੋਈ ਸਬੰਧ...