ਨੌ ਕੌਂਸਲਰਾਂ ਵੱਲੋਂ ਅਕਾਲੀ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਜ਼ਾਹਰ

ਨਗਰ ਕੌਂਸਲ ਦੇ 13 ਵਿੱਚੋਂ 9 ਕੌਂਸਲਰਾਂ ਨੇ ਅੱਜ ਕਾਰਜ ਸਾਧਕ ਅਫ਼ਸਰ ਭਰਤਵੀਰ ਦੁੱਗਲ ਨੂੰ ਲਿਖ਼ਤੀ ਪੱਤਰ ਦੇ ਕੇ ਅਕਾਲੀ ਕੌਂਸਲ ਪ੍ਰਧਾਨ ਰਕੇਸ਼ ਕੁਮਾਰ ਗਰਗ ਖ਼ਿਲਾਫ਼ ਬੇਭਰੋਸਗੀ ਜ਼ਾਹਰ ਕੀਤੀ ਹੈ ਤੇ ਸਮਰਥਨ ਵਾਪਸ ਲੈਣ ਦਾ ਦਾਅਵਾ ਕੀਤਾ। ਬੇਭਰੋਸਗੀ ਪੇਸ਼ ਕਰਨ ਵਾਲਿਆਂ ਵਿੱਚ ਅਕਾਲੀ ਦਲ ਦੇ ਦਲਜੀਤ ਸਿੰਘ, ਕਰਮਵੀਰ ਸਿੰਘ ਤੇ ਰਜਨੀ ਰਾਣੀ, ਕਾਂਗਰਸ ਦੇ ਤੇਜਾ ਸਿੰਘ ਦੰਦੀਵਾਲ, ਜਗਰੂਪ ਸਿੰਘ ਤੇ ਨਰਦੀਪ ਗਰਗ (ਪਹਿਲਾਂ ਅਕਾਲੀ), ਭਾਜਪਾ ਦੀ ਕਿਰਨ ਜਿੰਦਲ, ਅਜ਼ਾਦ ਪਰਮਜੀਤ ਕੌਰ ਅਤੇ ਕਲਾਵੰਤੀ ਦੇਵੀ ਦੇ ਨਾਂਅ ਸ਼ਾਮਲ ਹਨ। ਅਕਾਲੀ ਦਲ ਦੇ ਪ੍ਰਿੰਸੀ ਸਿੰਘ ਗੋਲਨ ਅਤੇ ਸੁਨੀਤਾ ਬਾਂਸਲ ਨਾਲ ਖੜ੍ਹੇ ਹਨ। ਜਦੋਂਕਿ ਆਜ਼ਾਦ ਕੌਂਸਲਰ ਜਨਕ ਰਾਜ ਗੋਇਲ ਨੇ ਕਿਸੇ ਪਾਸੇ ਦਿਲਚਸਪੀ ਨਹੀਂ ਦਿਖਾਈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ 7 ਅਕਾਲੀ, 2 ਕਾਂਗਰਸੀ, 1 ਭਾਜਪਾ ਅਤੇ 3 ਆਜ਼ਾਦ ਉਮੀਦਵਾਰ ਜਿੱਤੇ ਸਨ। ਉਸ ਸਮੇਂ ਤੋਂ ਰਕੇਸ਼ ਕੁਮਾਰ ਗਰਗ ਪ੍ਰਧਾਨਗੀ ਦੇ ਅਹੁਦੇ ’ਤੇ ਚੱਲੇ ਆ ਰਹੇ ਹਨ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਡੇਢ ਸਾਲ ਤੋਂ ਸੱਤਾਧਾਰੀ ਕੌਂਸਲਰ ਕੌਂਸਲ ਦੀ ਪ੍ਰਧਾਨਗੀ ਹਥਿਆਉਣ ਲਈ ਤਰਲੋ-ਮੱਛੀ ਹੋ ਰਹੇ ਸਨ। ਪਰ ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੋਣ ਕਾਰਨ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਰਹੇ ਸਨ। ਇਸ ਵਾਰ ਉਹ ਬੇਭਰੋਸਗੀ ਲਈ ਕੌਂਸਲਰ ਜਟਾਉਣ ਵਿੱਚ ਤਾਂ ਸਫ਼ਲ ਹੋ ਗਏ ਹਨ ਪਰ ਕੁਰਸੀ ਹਥਿਆਉਣ ਵਿੱਚ ਸਫ਼ਲ ਹੋਣਗੇ ਜਾਂ ਨਹੀਂ, ਇਹ ਵਕਤ ਹੀ ਦੱਸੇਗਾ। ਸੂਤਰਾਂ ਅਨੁਸਾਰ ਪ੍ਰਧਾਨਗੀ ਲਈ ਕਾਂਗਰਸੀ ਕੌਂਸਲਰਾਂ ਤੋਂ ਇਲਾਵਾ ਹੋਰ ਕੌਂਸਲਰ ਵੀ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਕਾਰਜ ਸਾਧਕ ਅਫ਼ਸਰ ਭਰਤਵੀਰ ਦੁੱਗਲ ਨੇ ਕਿਹਾ ਕਿ ਨਗਰ ਕੌਂਸਲ ਦੇ ਨਿਯਮਾਂ ਅਨੁਸਾਰ ਪ੍ਰਧਾਨ ਰਕੇਸ਼ ਕੁਮਾਰ ਗਰਗ ਨੂੰ ਬੇਭਰੋਸਗੀ ਮਤੇ ਦੀ ਕਾਪੀ ਤੇ ਪੱਤਰ ਜਾਰੀ ਕਰਕੇ 14 ਦਿਨਾਂ ਵਿੱਚ ਬਹੁਮਤ ਸਾਬਤ ਕਰਨ ਲਈ ਕਿਹਾ ਗਿਆ ਹੈ। ਕੌਂਸਲ ਪ੍ਰਧਾਨ ਰਕੇਸ਼ ਕੁਮਾਰ ਗਰਗ ਨੇ ਕਿਹਾ ਕਿ ਇਸ ਸਬੰਧੀ ਪਾਰਟੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਹ 14 ਦਿਨਾਂ ਤੋਂ ਪਹਿਲਾਂ ਮੀਟਿੰਗ ਕਰਕੇ ਬਹੁਮਤ ਸਾਬਤ ਕਰ ਦੇਣਗੇ।

Previous articleਆਈਸੀਸੀ ਨੇ ਖਲੀਲ ਅਹਿਮਦ ਦੀ ਝਾੜ-ਝੰਬ ਕੀਤੀ
Next articleਅਕਾਲ ਤਖ਼ਤ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾ ਸੰਭਾਲੀ