(ਸਮਾਜ ਵੀਕਲੀ)
ਜਿੰਦਗੀ ਬਹੁਤ ਖੂਬਸੂਰਤ ਹੈ ।ਅਸੀਂ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਦੇ ਹਾਂ। ਉਮਰਾਂ ਦੇ ਪੈਂਡੇ ਤੈਅ ਕਰਦੇ ਹੋਏ ਸਾਨੂੰ ਜ਼ਿੰਦਗੀ ਵਿਚ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ। ਕਦੇ ਵੀ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ। ਕਦੇ ਮਾੜਾ ਸਮਾਂ ਵੀ ਆਉਂਦਾ ਹੈ। ਚੰਗਾ ਸਮਾਂ ਵੀ ਆਉਂਦਾ ਹੈ। ਕਹਿਣ ਦਾ ਭਾਵ ਹੈ ਕਿ ਕਦੇ ਸੁੱਖ ਤੇ ਕਦੇ ਦੁੱਖ। ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਝੁਕਾਅ ਹੋ ਚੁੱਕਿਆ ਹੈ।ਅੱਜ ਸ਼ੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਨੌਜਵਾਨ ਪੀੜ੍ਹੀ ਤਰ੍ਹਾਂ-ਤਰ੍ਹਾਂ ਦੀਆਂ ਅਜਿਹੀਆਂ ਵੀਡੀਓਜ਼ ਦੇਖਦੀਆਂ ਹਨ, ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਡੇ ਲਈ ਕੀ ਫਾਇਦੇਮੰਦ ਹਨ? ਪਿੱਛੇ ਜਿਹੇ ਛੋਟੀ ਉਮਰ ਦੇ ਬੱਚੇ ਨੇ ਆਪਣੇ ਮਾਂ-ਬਾਪ ਦੀ ਜਮ੍ਹਾਂ ਕੀਤੀ ਸਾਰੀ ਪੂੰਜੀ ਹੀ ਗਵਾ ਦਿੱਤੀ।
ਇਕ ਹੋਰ ਬੱਚੇ ਨੇ ਆਪਣੇ ਦਾਦਾ ਜੀ ਦੀ ਸਾਰੀ ਪੈਨਸ਼ਨ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਗ਼ਲਤ ਬਟਨ ਦਬਾ ਕੇ ਗੁਆ ਦਿੱਤੀ। ਪੰਜਾਬੀ ਗਾਣਿਆ ਵਿੱਚ ਨਸ਼ਾ, ਅਸਲੇ ਬਾਰੇ ਆਮ ਜ਼ਿਕਰ ਹੁੰਦਾ ਹੈ। ਹਾਲਾਂ ਕਿ ਕਈ ਗਾਣਿਆਂ ਤੇ ਪਾਬੰਦੀ ਵੀ ਹੈ।ਤਾਲਾਬੰਦੀ ਸਮੇਂ ਬੱਚਿਆਂ ਦੀ ਪੜ੍ਹਾਈ ਔਨ ਲਾਈਨ ਹੋਈ। ਕੋਈ ਹੋਰ ਵਿਕਲਪ ਨਹੀਂ ਸੀ। ਅੱਜ ਬੱਚਿਆਂ ਨੂੰ ਆਪਣੇ ਸੱਭਿਆਚਾਰ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ। ਉਹਨਾਂ ਨੂੰ ਪੰਜਾਬੀ ਸਭਿਆਚਾਰ ਬਾਰੇ ਕੁੱਝ ਵੀ ਨਹੀਂ ਪਤਾ ਹੈ। ਜੇ ਦੱਸ ਦੇਣ ਤਾਂ ਬਹੁਤ ਵੱਡੀ ਗੱਲ ਹੋਵੇਗੀ। ਕਿਤਾਬਾਂ ਪੜ੍ਹਨ ਦਾ ਰੁਝਾਨ ਦਿਨ ਪ੍ਰਤੀ ਦਿਨ ਬੱਚਿਆਂ ਅੰਦਰ ਘੱਟਦਾ ਜਾ ਰਿਹਾ ਹੈ । ਬੱਚੇ ਜੋ ਕਿਤਾਬਾਂ ਵਿੱਚ ਸਿਲੇਬਸ ਵੀ ਦਿੱਤਾ ਹੁੰਦਾ ਹੈ, ਉਹ ਵੀ ਮੋਬਾਇਲਾਂ ਤੇ ਖੋਜ ਕਰਕੇ ਪੜ੍ਹ ਰਹੇ ਹਨ ,ਜੋ ਕਿ ਚਿੰਤਾ ਦਾ ਵਿਸ਼ਾ ਹੈ।
ਲਾਇਬ੍ਰੇਰੀ ਜਾਂ ਪੁਸਤਕ ਮੇਲੇ ਵਿੱਚ ਬੱਚਿਆਂ ਨੂੰ ਜਾਣਾ ਚਾਹੀਦਾ ਹੈ। ਮਾਂ ਬਾਪ ਦੀ ਅਹਿਮ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਲਾਇਬ੍ਰੇਰੀ ਵਿੱਚ ਜ਼ਰੂਰ ਲੈ ਕੇ ਜਾਣ। ਪੁਸਤਕ ਮੇਲੇ ਵਿੱਚ ਜੋ ਵੀ ਕਿਤਾਬ ਬੱਚਿਆਂ ਨੂੰ ਪਸੰਦ ਆਉਂਦੀ ਹੈ ਉਹ ਘਰ ਲੈ ਕੇ ਜ਼ਰੂਰ ਆਉਣ।ਅੱਜ ਨੌਜਵਾਨਾਂ ਅੰਦਰ ਬਜੁਰਗਾਂ ਪ੍ਤੀ ਸਤਿਕਾਰ ਬਹੁਤ ਘੱਟ ਗਿਆ ਹੈ । ਕਹਿਣਾ ਤਾਂ ਬਿਲਕੁਲ ਵੀ ਨਹੀਂ ਮੰਨਦੇ ਹਨ। ਬਾਹਰ ਦੇ ਖਾਣੇ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਘਰ ਦਾ ਖਾਣਾ ਬੱਚਿਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਜਿੰਨੇ ਵੀ ਇਹ ਚਾਈਨੀਜ਼ ਫੂਡ ਹਨ ,ਇਹ ਸਿਹਤ ਲਈ ਬਹੁਤ ਜ਼ਿਆਦਾ ਖਤਰਨਾਕ ਹਨ।
ਮਾਂ-ਬਾਪ ਦੀ ਵੀ ਅਹਿਮ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਘਰ ਦਾ ਬਣਿਆ ਖਾਣਾ ਹੀ ਬੱਚਿਆਂ ਨੂੰ ਖੁਆਣ।ਅੱਜ ਮਾਂ ਬਾਪ ਨੂੰ ਇੰਨਾ ਹੱਕ ਵੀ ਨਹੀਂ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਝਿੜਕ ਦੇਣ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਟੋਕਾ ਟਾਕੀ ਬਿਲਕੁਲ ਵੀ ਪਸੰਦ ਨਹੀਂ ਹੈ। ਜੋ ਵੀ ਫੈਸਲੇ ਲੈਣੇ ਹੁੰਦੇ ਹਨ ,ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ ਬਾਪ ਨੂੰ ਬਿਨਾਂ ਦੱਸੇ ਹੀ ਕਰ ਲੈਂਦੀ ਹੈ। ਜਦੋਂ ਫ਼ਿਰ ਕੋਈ ਅਜਿਹੀ ਗੱਲ ਹੋ ਜਾਂਦੀ ਹੈ, ਫਿਰ ਉਹ ਮਾਂ-ਬਾਪ ਨੂੰ ਦੱਸਦੇ ਹਨ ਕਿ ਮੇਰੇ ਕੋਲੋਂ ਬਹੁਤ ਗਲਤ ਕੰਮ ਹੋ ਚੁੱਕਿਆ ਹੈ। ਪੁਰਾਣੇ ਵੇਲਿਆਂ ਵਿੱਚ ਜੇ ਕੋਈ ਬੱਚਾ ਗਲਤ ਚੱਲਦਾ ਸੀ, ਤਾਂ ਉਸ ਨੂੰ ਘਰ ਦੇ ਵੱਡੇ ਬਜ਼ੁਰਗ ਝਿੜਕ ਦਿੰਦੇ ਸਨ।
ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ।ਚਿੱਟੇ ਦੀ ਓਵਰਡੋਜ਼ ਕਾਰਨ ਹਰ ਰੋਜ਼ 2 ਜਾਂ 4 ਮੌਤਾਂ ਹੋ ਰਹੀਆਂ ਹਨ। ਮਾਂ ਬਾਪ ਨੂੰ ਬੱਚਿਆਂ ਨਾਲ ਨੇੜਤਾ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨਾਲ ਹਰ ਗੱਲ ਕਰਨੀ ਚਾਹੀਦੀ ਹੈ। ਤਾਂ ਜੋ ਕੱਲ ਨੂੰ ਉਹ ਅਜਿਹਾ ਕਦਮ ਨਾ ਚੁੱਕਣ ਕਿ ਮਾਂ-ਬਾਪ ਨੂੰ ਸ਼ਰਮਿੰਦਾ ਹੋਣਾ ਪਵੇ। ਦੇਖਾ ਦੇਖੀ ਵਿੱਚ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਪਾਸਪੋਰਟ ਕੇਂਦਰਾਂ ਦੇ ਬਾਹਰ ਲੰਬੀ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਸੁਨਣ ਵਿੱਚ ਵੀ ਆਉਂਦਾ ਹੈ ਕਿ ਕਈ ਬੱਚੇ ਤਾਂ ਮਾਂ ਬਾਪ ਨੂੰ ਇੰਨਾ ਤੰਗ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਫਿਰ ਬੱਚਿਆਂ ਲਈ ਕਰਜਾ ਚੁਕਣਾ ਪੈਂਦਾ ਹੈ।
ਫਿਰ ਉਹ ਬੱਚਿਆਂ ਨੂੰ ਆਈਲੈਟਸ ਕਰਵਾ ਕੇ ਵਿਦੇਸ਼ ਭੇਜਦੇ ਹਨ। ਕਈ ਵਾਰ ਤਾਂ ਕਿਸੇ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਲੱਖਾਂ ਰੁਪਿਆਂ ਗੁਆ ਵੀ ਦਿੰਦੇ ਹਨ। ਬੱਚਿਆਂ ਨੂੰ ਆਪਣੇ ਮਾਂ-ਬਾਪ ਦੀ ਮਜ਼ਬੂਰੀ ਸਮਝਣੀ ਚਾਹੀਦੀ ਹੈ। ਅੱਜ ਮਹਿੰਗਾਈ ਬਹੁਤ ਹੈ। ਇੰਨੀ ਮਹਿੰਗਾਈ ਵਿਚ ਪਤਾ ਨਹੀਂ ਕਿਸ ਤਰ੍ਹਾਂ ਮਾਂ-ਬਾਪ ਆਪਣੇ ਬੱਚਿਆਂ ਦਾ ਤੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਸੋ ਬੱਚਿਆਂ ਨੂੰ ਮਾਂ-ਬਾਪ ਦੀ ਹਰ ਗੱਲ ਮੰਨਣੀ ਚਾਹੀਦੀ ਹੈ। ਮਾਂ-ਬਾਪ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਚੱਲਣ।
ਸੰਜੀਵ ਸਿੰਘ ਸੈਣੀ
ਮੋਹਾਲੀ 7888966168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly