ਨੌਜਵਾਨ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਕੇ ਪੁਲੀਸ ’ਤੇ ਲਾਏ ਦੋਸ਼

ਸੰਗਰੂਰ– ਸ਼ਹਿਰ ਦੀ ਬੱਗੂਆਣਾ ਬਸਤੀ ਦੇ ਵਸਨੀਕ ਇਕ ਵਿਅਕਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਆਪਣੇ ਮੋਬਾਈਲ ’ਤੇ ਵੀਡੀਓ ਬਣਾ ਕੇ ਸੰਗਰੂਰ ਪੁਲੀਸ ਦੇ ਸੀਆਈਏ ਸਟਾਫ਼ ਦੇ ਦੋ ਪੁਲੀਸ ਮੁਲਾਜ਼ਮਾਂ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪੁਲੀਸ ਨੇ ਦੋਵਾਂ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਸੋਮ ਦੱਤ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਦੋ ਪੁਲੀਸ ਮੁਲਾਜ਼ਮਾਂ ’ਤੇ ਉਸ ਨੂੰ ਝੂਠੇ ਕੇਸ ’ਚ ਫਸਾਉਣ ਲਈ ਪ੍ਰੇਸ਼ਾਨ ਕਰਨ ਅਤੇ ਦੋ ਵਾਰ ਨਾਜਾਇਜ਼ ਤੌਰ ’ਤੇ ਸੀਆਈਏ ਸਟਾਫ਼ ਲਿਜਾ ਕੇ ਕਰੰਟ ਲਗਾਉਣ ਦੇ ਦੋਸ਼ ਲਾਏ ਹਨ। ਉਸ ਨੇ ਕਿਹਾ, ‘ਮੈਂ ਆਪਣੀ ਕਾਰ ਗਹਿਣੇ ਧਰ ਕੇ 75 ਹਜ਼ਾਰ ਰੁਪਏ ਵੀ ਉਨ੍ਹਾਂ ਨੂੰ ਦਿੱਤੇ ਪਰ ਹੁਣ ਮੁੜ ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੈਂ ਮਰਨਾ ਚਾਹੁੰਦਾ ਹਾਂ। ਇਨ੍ਹਾਂ ਨੂੰ ਸਖ਼ਤ ਸਜ਼ਾ ਮਿਲੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ।’
ਮ੍ਰਿਤਕ ਦੇ ਪਿਤਾ ਭੀਮ ਸੈਨ ਵਾਸੀ ਬੱਗੂਆਣਾ ਬਸਤੀ ਸੰਗਰੂਰ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦਾ ਲੜਕਾ ਸੋਮ ਦੱਤ (37) ਆਪਣੀ ਕਾਰ ’ਤੇ ਡਰਾਈਵਰੀ ਕਰਦਾ ਸੀ। ਸੋਮ ਦੱਤ ਨੂੰ ਹੌਲਦਾਰ ਦਲਜੀਤ ਸਿੰਘ ਉਰਫ਼ ਡੱਲੀ ਅਤੇ ਸਿਪਾਹੀ ਹਰਮਨਪ੍ਰੀਤ ਸਿੰਘ ਉਰਫ਼ ਮਾਨਕੀ ਸ਼ੱਕ ਦੇ ਆਧਾਰ ’ਤੇ ਪ੍ਰੇਸ਼ਾਨ ਕਰਦੇ ਸਨ। ਬੀਤੀ ਰਾਤ ਕਰੀਬ 9 ਵਜੇ ਸੋਮ ਦੱਤ ਨੇ ਸਲਫਾਸ ਖਾ ਲਈ, ਜਿਸ ਦਾ ਪਤਾ ਲੱਗਣ ’ਤੇ ਉਹ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਰੈਫ਼ਰ ਕਰ ਦਿੱਤਾ। ਇਸ ’ਤੇ ਉਹ ਸੋਮ ਦੱਤ ਨੂੰ ਨਿੱਜੀ ਹਸਪਤਾਲ ’ਚ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਦੋਵਾਂ ਪੁਲੀਸ ਮੁਲਾਜ਼ਮਾਂ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕੀਤੀ ਹੈ।

ਮਾਮਲੇ ਦੀ ਜਾਂਚ ਜਾਰੀ: ਡੀਐੱਸਪੀ

ਡੀਐੱਸਪੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਮ੍ਰਿ੍ਤਕ ਦੇ ਪਿਤਾ ਦੇ ਬਿਆਨਾਂ ’ਤੇ ਹੌਲਦਾਰ ਦਲਜੀਤ ਸਿੰਘ ਉਰਫ਼ ਡੱਲੀ ਅਤੇ ਸਿਪਾਹੀ ਹਰਮਨਪ੍ਰੀਤ ਸਿੰਘ ਉਰਫ਼ ਮਾਨਕੀ ਖ਼ਿਲਾਫ਼ ਜ਼ੇਰੇ ਦਫ਼ਾ 306/34 ਆਈਪੀਸੀ ਤਹਿਤ ਥਾਣਾ ਸਿਟੀ-1 ਸੰਗਰੂਰ ਵਿਚ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸੋਮ ਦੱਤ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਤਹਿਤ ਪੰਜ ਕੇਸ ਦਰਜ ਹਨ ਪਰ ਉਸ ਵਲੋਂ ਲਾਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੌਲਦਾਰ ਦਲਜੀਤ ਸਿੰਘ ਪਹਿਲਾਂ ਹੀ ਇਕ ਕੇਸ ’ਚ ਮੁਅੱਤਲ ਹੈ ਜਦੋਂਕਿ ਹਰਮਨਪ੍ਰੀਤ ਸਿੰਘ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ।

Previous articleਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵੱਲੋਂ ਪੁਤਲਾ ਫੂਕ ਮੁਜ਼ਾਹਰਾ
Next articleCOVID-19: SL bans passengers from S Korea, Italy, Iran