ਡੱਬਵਾਲੀ (ਸਮਾਜ ਵੀਕਲੀ): ਚੌਟਾਲਾ ਵਿਖੇ ਵਿਆਹੁਤਾ ਨਾਲ ਕਥਿਤ ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਨੂੰ ਜਾਨ ਤੋਂ ਹੱਥ ਧੋਣੇ ਪੈ ਗਏ। ਔਰਤ ਦੇ ਰਿਸ਼ਤੇਦਾਰਾਂ ਨੇ ਨੌਜਵਾਨ ਨੂੰ ਘਰ ਬੁਲਾ ਕੇ ਬੰਦੀ ਬਣਾ ਕੇ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲੀਸ ਨੇ ਔਰਤ, ਉਸ ਦੇ ਪਤੀ ਅਤੇ ਸਮੇਤ 11 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚ ਚਾਰ ਸਕੇ ਭਰਾ ਸ਼ਾਮਲ ਹਨ। ਮਿ੍ਤਕ ਨਰੇਸ਼ ਉਰਫ਼ ਢੋਲੂ ਚਾਰ-ਪੰਜ ਮਹੀਨੇ ਤੋਂ ਵਿਆਹੁਤਾ ਔਰਤ ਦੇ ਪਤੀ ਧਰਮਬੀਰ ਸਿੰਘ ਨਾਲ ਭਾਈਵਾਲੀ ’ਚ ਸਬਜ਼ੀ ਵੇਚਦਾ ਸੀ।
ਇਸੇ ਦੌਰਾਨ ਉਸ ਦੇ ਧਰਮਬੀਰ ਦੀ ਪਤਨੀ ਨਾਲ ਕਥਿਤ ਸਬੰਧ ਬਣ ਗਏ। ਇਸ ਦਾ ਪਤਾ ਲੱਗਣ ’ਤੇ ਨਰੇਸ਼ ੳਰਫ਼ ਢੋਲੂ ਦੀ ਰੱਜਵੀਂ ਮਾਰ-ਕੁੱਟ ਮਗਰੋਂ ਚੌਟਾਲਾ ਚੌਕੀ ਨੂੰ ਘਰ ਵਿੱਚ ਚੋਰ ਵੜ ਆਉਣ ਦੀ ਸੂਚਨਾ ਦੇ ਕੇ ਬੁਲਾਇਆ। ਮਿ੍ਤਕ ਦੇ ਭਰਾ ਮੁਕੇਸ਼ ਨੇ ਨਰੇਸ਼ ਦੇ ਔਰਤ ਨਾਲ ਸਬੰਧਾਂ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਕਿਹਾ ਕਿ ਨਰੇਸ਼ ਨੇ ਧਰਮਬੀਰ ਸਿੰਘ ਤੋਂ 70 ਹਜ਼ਾਰ ਰੁਪਏ ਲੈਣੇ ਸਨ। ਮੁਕੇਸ਼ ਨੇ ਕਿਹਾ ਕਿ ਉਸ ਦੀ ਮਾਂ ਰੌਸ਼ਨੀ ਦੇਵੀ ਦੇ ਨਾਲ ਖੇਤ ਚਾਰਾ ਲੈਣ ਗਏ ਨਰੇਸ਼ ਨੂੰ ਧਰਮਬੀਰ ਦੀ ਪਤਨੀ ਨੇ ਫੋਨ ਕਰਕੇ ਸਾਜ਼ਿਸ਼ ਤਹਿਤ ਘਰ ਬੁਲਾਇਆ ਸੀ। ਧਰਮਬੀਰ ਦੇ ਘਰ ਨਰੇਸ਼ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ ਗਿਆ।
ਜਖ਼ਮੀ ਹਾਲਤ ਨਰੇਸ਼ ਨੂੰ ਸਰਕਾਰੀ ਹਸਪਤਾਲ ਚੌਟਾਲਾ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਥਾਣਾ ਸਦਰ ਪੁਲੀਸ ਨੇ ਧਾਰਾ 302, 148,149 ਅਤੇ 342 ਤਹਿਤ ਧਰਮਬੀਰ ਸਿੰਘ, ਉਸ ਦੀ ਪਤਨੀ ਤਨੂੰ, ਸ਼ਾਮ ਸੁੰਦਰ, ਰਮੇਸ਼, ਹੰਸਰਾਜ, ਧਨਰਾਜ, ਸੁਰਿੰਦਰ, ਛਿੰਦਰ, ਸਰਵਣ ਜਾਖੜ, ਹਰਦਿਆਲ ਬ੍ਰਾਹਮਣ ਅਤੇ ਕਾਲੀਆ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਚੌਟਾਲਾ ਚੌਕੀ ਦੇ ਮੁਖੀ ਸ਼ਲਿੰਦਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਧਰਮਬੀਰ, ਤਨੂੰ, ਹੰਸਰਾਜ ਅਤੇ ਧੰਨਰਾਜ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly