ਕੇਂਦਰੀ ਕਿਰਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹਾ ਹੈ ਕਿ ਮੁਲਕ ਵਿਚ ਨੌਕਰੀਆਂ ਦੀ ਕਮੀ ਨਹੀਂ ਹੈ ਪਰ ਉੱਤਰ ਭਾਰਤ ਵਿਚ ਨੌਕਰੀਆਂ ਦੇਣ ਲਈ ਯੋਗ ਉਮੀਦਵਾਰਾਂ ਦੀ ਕਮੀ ਹੈ। ਗੰਗਵਾਰ ਦੇ ਇਸ ਬਿਆਨ ਦੀ ਵਿਰੋਧੀ ਧਿਰ ਨੇ ਨਿੰਦਾ ਕੀਤੀ ਹੈ।
ਗੰਗਵਾਰ ਨੇ ਬੀਤੇ ਦਿਨ ਬਰੇਲੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਵਿਚ ਰੁਜ਼ਗਾਰ ਦੀ ਕਮੀ ਨਹੀਂ ਹੈ ਪਰ ਉੱਤਰ ਭਾਰਤ ਵਿਚ ਜੋ ਲੋਕ ਭਰਤੀ ਕਰਨ ਆਉਂਦੇ ਹਨ, ਉਹ ਸ਼ਿਕਾਇਤ ਕਰਦੇ ਹਨ ਕਿ ਜਿਸ ਅਹੁਦੇ ਲਈ ਉਹ ਕਰਮਚਾਰੀ ਨਿਯੁਕਤ ਕਰਨ ਆਉਂਦੇ ਹਨ, ਉਸਦੀ ਯੋਗਤਾ ਦਾ ਉਨ੍ਹਾਂ ਨੂੰ ਕੋਈ ਵਿਅਕਤੀ ਨਹੀਂ ਮਿਲਦਾ। ਉਨ੍ਹਾਂ ਕਿਹਾ, ‘‘ਅੱਜ-ਕੱਲ੍ਹ ਅਖ਼ਬਾਰਾਂ ਵਿਚ ਰੁਜ਼ਗਾਰ ਦੀ ਗੱਲ ਕੀਤੀ ਜਾ ਰਹੀ ਹੈ। ਮੈਂ ਇਸ ਮੰਤਰਾਲੇ ਨੂੰ ਸੰਭਾਲ ਰਿਹਾ ਹਾਂ ਤੇ ਰੋਜ਼ਾਨਾ ਇਸ ਮੁੱਦੇ ਦਾ ਮੁਆਇਨਾ ਕਰਦਾ ਹਾਂ। ਸਮੱਸਿਆ ਮੇਰੀ ਸਮਝ ਵਿਚ ਆ ਗਈ ਹੈ। ਨੌਕਰੀਆਂ ਦੇਣ ਵਾਲੇ ਉੱਤਰ ਭਾਰਤ ਵਿਚ ਯੋਗ ਵਿਅਕਤੀ ਨਾ ਮਿਲਣ ਦੀ ਸ਼ਿਕਾਇਤ ਕਰਦੇ ਹਨ।’’
ਕਿਰਤ ਮੰਤਰੀ ਦੇ ਇਸ ਬਿਆਨ ਦੀ ਵਿਰੋਧੀ ਧਿਰ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘‘ਮੰਤਰੀ ਜੀ, ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਤੁਹਾਡੀ ਸਰਕਾਰ ਹੈ, ਨੌਕਰੀਆਂ ਪੈਦਾ ਨਹੀਂ ਹੋਈਆਂ। ਜੋ ਨੌਕਰੀਆਂ ਸਨ, ਉਹ ਸਰਕਾਰ ਦੁਆਰਾ ਲਿਆਂਦੀ ਆਰਥਿਕ ਮੰਦੀ ਕਾਰਨ ਖੋਹੀਆਂ ਜਾ ਰਹੀਆਂ ਹਨ, ਨੌਜਵਾਨ ਆਸ ਵਿਚ ਹਨ ਕਿ ਸਰਕਾਰ ਕੁਝ ਚੰਗਾ ਕਰੇਗੀ। ਤੁਸੀਂ ਉੱਤਰ ਭਾਰਤੀਆਂ ਦੀ ਬੇਇੱਜ਼ਤੀ ਕਰ ਕੇ ਬਚ ਨਿਕਲਣਾ ਚਾਹੁੰਦੇ ਹੋ। ਇਹ ਨਹੀਂ ਚੱਲੇਗਾ।’’
ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਟਵੀਟ ਕੀਤਾ, ‘‘ਦੇਸ਼ ਵਿਚ ਪੈਦਾ ਹੋਈ ਆਰਥਿਕ ਮੰਦੀ ਦੌਰਾਨ ਕੇਂਦਰੀ ਮੰਤਰੀਆਂ ਦੇ ਵੱਖ ਵੱਖ ਹਾਸੋਹੀਣੇ ਬਿਆਨਾਂ ਮਗਰੋਂ ਹੁਣ ਦੇਸ਼ ਅਤੇ ਖ਼ਾਸਕਰ ਉੱਤਰ ਭਾਰਤੀਆਂ ਦੀ ਬੇਰੁਜ਼ਗਾਰੀ ਦੂਰ ਕਰਨ ਦੀ ਥਾਂ ਇਹ ਕਹਿਣਾ ਕਿ ਰੁਜ਼ਗਾਰ ਦੀ ਕਮੀ ਨਹੀਂ, ਸਗੋਂ ਯੋਗਤਾ ਦੀ ਕਮੀ ਹੈ, ਸ਼ਰਮਨਾਕ ਹੈ। ਇਸ ਲਈ ਦੇਸ਼ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’
INDIA ਨੌਕਰੀਆਂ ਦੇ ਲਾਇਕ ਨਹੀਂ ਉੱਤਰ ਭਾਰਤੀ ਨੌਜਵਾਨ: ਗੰਗਵਾਰ