ਨਵੀਂ ਦਿੱਲੀ (ਸਮਾਜਵੀਕਲੀ) – ਦੇਸ਼ ਵਿੱਚ ਕਰੀਬ ਕਰੀਬ ਨੌਂ ਕਰੋੜ ਲੋਕ ਹੁਣ ਤੱਕ ‘ਅਰੋਗਿਆ ਸੇਤੂ’ ਐਪਲੀਕੇਸ਼ਨ ਡਾਊਨਲੋਡ ਕਰ ਚੁੱਕੇ ਹਨ ਅਤੇ ਕਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਸਰਕਾਰੀ ਤੇ ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ ਇਹ ਐਪ ਡਾਊਨਲੋਡ ਕਰਨਾ ਲਾਜ਼ਮੀ ਕੀਤਾ ਗਿਆ ਹੈ।
ਬੀਤੇ ਦਿਨ ਕਰੋਨਾਵਾਇਰਸ ਸਬੰਧੀ ਮੰਤਰੀਆਂ ਦੇ ਸਮੂਹ ਦੀ 14ਵੀਂ ਮੀਟਿੰਗ ਵਿੱਚ ਅਰੋਗਿਆ ਸੇਤੂ ਐਪਲੀਕੇਸ਼ਨ ਦੀ ਕਾਰਗੁਜ਼ਾਰੀ, ਪ੍ਰਭਾਵ ਤੇ ਫ਼ਾਇਦਿਆਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਵੱਲੋਂ ਮੰਤਰੀਆਂ ਦੇ ਸਮੂਹ ਨੂੰ ਜਾਣੂ ਕਰਵਾਇਆ ਗਿਆ ਕਿ ਹੁਣ ਤੱਕ ਕਰੀਬ ਨੌਂ ਕਰੋੜ ਲੋਕ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰ ਚੁੱਕੇ ਹਨ।
ਅਧਿਕਾਰੀਆਂ ਵੱਲੋਂ ਮੰਤਰੀਆਂ ਦੇ ਸਮੂਹ ਨੂੰ ਦੱਸਿਆ ਗਿਆ ਕਿ ਮੁਕਾਮੀ ਕਾਰੀਗਰ ਦੇਸ਼ ਵਿੱਚ ਰੋਜ਼ਾਨਾ ਲਗਪਗ ਢਾਈ ਲੱਖ ਨਿੱਜੀ ਸੁਰੱਖਿਆ ਉਪਕਰਨ (ਪੀਪੀਈ) ਕਿੱਟਾਂ ਤੇ ਦੋ ਲੱਖ ਮਾਸਕਾਂ ਦਾ ਉਤਪਾਦਨ ਕਰ ਰਹੇ ਹਨ ਜੋ ਕਰੋਨਾਵਾਇਰਸ ਖ਼ਿਲਾਫ਼ ਵਿੱਢੀ ਲੜਾਈ ਵਿੱਚ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਾਫ਼ੀ ਹਨ।
ਇਸ ਮੌਕੇ ਪੀਪੀਈ’ਜ਼, ਮਾਸਕਾਂ ਤੇ ਵੈਂਟੀਲੇਟਰ ਸਮੇਤ ਹੋਰਨਾਂ ਦੇ ਉਤਪਾਦਨ ਮੌਕੇ ਗੁਣਵੱਤਾ ਕੰਟਰੋਲ ਲਈ ਸਖ਼ਤ ਮਾਪਦੰਡ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਮੰਤਰੀਆਂ ਦੇ ਸਮੂਹ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਦੱਸਿਆ ਕਿ ਮੰਤਰੀਆਂ ਦੇ ਸਮੂਹ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਲੈਂਡਲਾਈਨ ਜਾਂ ਸਾਧਾਰਨ ਫੋਨਾਂ ਵਾਲੇ ਲੋਕਾਂ ਤੱਕ ਇੰਟਰਐਕਟਿਵ ਵੁਆਇਸ ਰਿਸਪੌਂਸ ਸਿਸਟਮ ਰਾਹੀਂ ਸਥਾਨਕ ਭਾਸ਼ਾਵਾਂ ’ਚ ਪਹੁੰਚ ਕਰਨ ਦੀ ਯੋਜਨਾ ਉਲੀਕੀ ਗਈ ਹੈ।
ਸਰਕਾਰ ਨੇ ਅੱਜ ਕਿਹਾ ਕਿ ਅਰੋਗਿਆ ਸੇਤੂ ਐਪ ਵਿੱਚ ਡੇਟਾ ਜਾਂ ਸੁਰੱਖਿਆ ’ਚ ਸੰਨ੍ਹ ਲੱਗਣ ਵਰਗਾ ਕੋਈ ਮਾਮਲਾ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਇਕ ਹੈਕਰ ਨੇ ਐਪਲੀਕੇਸ਼ਨ ਵਿੱਚ ਡੇਟਾ ਤੇ ਸੁਰੱਖਿਆ ’ਚ ਸੰਨ੍ਹ ਲੱਗਣ ’ਤੇ ਚਿੰਤਾ ਜ਼ਾਹਿਰ ਕੀਤੀ ਸੀ ਅਤੇ ਕਾਂਗਰਸ ਵੱਲੋਂ ਇਸ ਐਪ ਨੂੰ ਲਾਜ਼ਮੀ ਕਰਨ ਸਬੰਧੀ ਸਰਕਾਰੀ ਦੀ ਆਲੋਚਨਾ ਕੀਤੀ ਗਈ ਸੀ।
ਸਿਹਤ ਮੰਤਰਾਲੇ ਨੇ ਲੰਘੇ ਦਿਨ ਜਾਰੀ ਇਕ ਬਿਆਨ ਵਿੱਚ ਦੱਸਿਆ ਕਿ ਮੰਤਰੀਆਂ ਦੇ ਸਮੂਹ ਨੂੰ ਦੱਸਿਆ ਗਿਆ ਕਿ ਐਪਲੀਕੇਸ਼ਨ ’ਤੇ ਲੋਕਾਂ ਵੱਲੋਂ ਆਪਣੀ ਸਿਹਤ ਸਥਿਤੀ ਬਾਰੇ ਦੱਸਿਆ ਗਿਆ ਹੈ ਜਿਸ ਤੋਂ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਨੂੰ ਲੱਭਣ ਵਿੱਚ ਸਹਾਇਤੀ ਮਿਲੀ ਹੈ।