ਚਾਨਣ ਦੀਪ ਸਿੰਘ ਔਲਖ, ਗੁਰਨੇ ਖੁਰਦ ਮਾਨਸਾ
ਸੰਪਰਕ: +91 98768 88177
ਚੀਨ ਤੋਂ ਸ਼ੁਰੂ ਹੋਇਆ ਕੋਵਿਡ -19 ਦੁਨੀਆਂ ਭਰ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਨਾਲ ਹੁਣ ਤੱਕ 2 ਲੱਖ ਤੋਂ ਵੱਧ ਲੋਕ ਪੀੜਤ ਹਨ ਅਤੇ 9000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਹੁਣ ਇਹ ਭਾਰਤ ਵਿੱਚ ਵੀ ਫੈਲ ਰਿਹਾ ਹੈ। ਪੰਜਾਬ ਵਿੱਚ ਵੀ ਕੁਝ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਮੌਤ ਵੀ ਹੋ ਚੁੱਕੀ ਹੈ। ਸਰਕਾਰ ਵੱਲੋਂ ਸਥਿਤੀ ਦਾ ਸਾਹਮਣਾ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ। ਜਿਵੇਂ ਮੇਲਿਆਂ, ਸਾਪਿੰਗ ਮਾਲਾਂ , ਸਿਨੇਮੇ ਘਰਾਂ, ਖੇਡ ਸਮਾਗਮਾਂ ਤੇ ਰੋਕ ਲਗਾ ਦਿੱਤੀ ਗਈ ਹੈ। ਸਕੂਲਾਂ, ਕਾਲਜਾਂ, ਯੁਨੀਵਰਸਿਟੀਆਂ ਆਦਿ ਵਿਦਿਅਕ ਅਦਾਰਿਆਂ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ। 50 ਬੰਦਿਆਂ ਤੋਂ ਜ਼ਿਆਦਾ ਇਕੱਤਰ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਰੇ ਵਿਭਾਗਾਂ ਦੇ ਸਹਿਯੋਗ ਨਾਲ ਇਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। 20 ਮਾਰਚ ਤੋਂ ਬਾਅਦ ਬੱਸਾਂ, ਆਟੋ, ਰੇਲਾਂ ਆਦਿ ਪਬਲਿਕ ਟਰਾਂਸਪੋਰਟ ਤੇ ਰੋਕ ਲਗਾ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ 22 ਮਾਰਚ ਨੂੰ ਲੋਕਾਂ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।
ਸੋਸ਼ਲ ਮੀਡੀਆ ਤੇ ਤਰਾਂ ਤਰਾਂ ਦਾ ਨੈਗੇਟਿਵ ਪ੍ਰਚਾਰ ਅਤੇ ਮਜ਼ਾਕ ਉਡਾਉਣ ਦੀ ਥਾਂ ‘ਤੇ ਬਚਾਅ ਸਬੰਧੀ ਜਾਣਕਾਰੀ ਫੈਲਾਉਣੀ ਚਾਹੀਦੀ ਹੈ। ਪਿਛਲੇ ਦਿਨੀਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿਲ ਕਰਵਾਈ ਗਈ ਜਿਸ ਦੀਆਂ ਵੀਡੀਓ ਗਲਤ ਤਰੀਕੇ ਨਾਲ ਵਾਇਰਲ ਕਰਨ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਰਾਜਨੀਤਕ ਨੇਤਾਵਾਂ ਦੀਆਂ ਗੱਲਾਂ ਦਾ ਵੀ ਮਜ਼ਾਕ ਉਡਾਉਣ ਦਾ ਵੇਲਾ ਹੁਣ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਸਾਰੇ ਭਾਰਤ ਵਿੱਚ ਐਤਵਾਰ ਨੂੰ ਕਰਫ਼ਿਊ ਲੱਗਣ ਦਾ ਕਿਹਾ ਹੈ ਇਸਨੂੰ ਸਿਆਸੀ ਤੌਰ ਤੇ ਨੈਗੇਟਿਵ ਨਾਂ ਲਿਆ ਜਾਵੇ ਕਿਉਂਕਿ ਇਸਦੇ ਬਹੁਤ ਵੱਡੇ ਮਾਇਨੇ ਹਨ। ਜੇਕਰ ਲੋਕ 14 ਘੰਟੇ ਘਰਾਂ ਵਿੱਚ ਰਹਿਣ ਅਤੇ ਹੋਰਨਾਂ ਲੋਕਾਂ ਦੇ ਸੰਪਰਕ ਵਿੱਚ ਨਹੀਂ ਆਉਣਗੇ ਤਾਂ ਵਾਇਰਸ ਨੂੰ ਅੱਗੇ ਫੈਲਣ ਲਈ ਨਵੇਂ ਨਵੇਂ ਸਰੀਰ ਨਹੀਂ ਮਿਲਣਗੇ। ਇਸ ਨਾਲ ਵਾਇਰਸ ਦਾ ਅੱਗੇ ਫੈਲਣ ਦਾ ਚੱਕਰ ਟੁੱਟ ਜਾਵੇਗਾ। ਜਿਸ ਨਾਲ ਕਾਫੀ ਹੱਦ ਤੱਕ ਵਾਇਰਸ ਦਾ ਪਸਾਰਾ ਘੱਟ ਜਾਵੇਗਾ। ਜਿਆਦਾ ਭੀੜ ਭੜੱਕੇ ਵਾਲੀਆਂ ਥਾਵਾਂ, ਸੜਕਾਂ ਆਦਿ ਖੁਦ ਬ ਖੁਦ ਹੀ ਸੈਨੇਟਾਈਜ ਹੋ ਜਾਣਗੀਆਂ।
ਇਸ ਸਾਰੇ ਵਰਤਾਰੇ ਨਾਲ ਜੋ ਨੁਕਸਾਨ ਹੋਣਾ ਹੈ ਉਸ ਤੋਂ ਸਭ ਭਲੀ ਭਾਂਤ ਜਾਣੂ ਹਾਂ ਪਰ ਨਾਗਰਿਕਾਂ ਦੀ ਸੁਰੱਖਿਆ ਲਈ ਇਹ ਕਦਮ ਚੁੱਕਣੇ ਬਹੁਤ ਜਰੂਰੀ ਹਨ। ਤਾਂ ਹੀ ਇਸ ਵਾਇਰਸ ਦੀ ਰੋਕਥਾਮ ਹੋ ਸਕਦੀ ਹੈ। ਸਾਨੂੰ ਸਾਰਿਆਂ ਨੂੰ ਹੋਰ ਸਭ ਗੱਲਾਂ ਭੁੱਲਾ ਕੇ ਇਕਜੁੱਟ ਹੋ ਕੇ ਇਸ ਸਥਿਤੀ ਦਾ ਮੁਕਾਬਲਾ ਕਰਨਾ ਚਾਹੀਦਾ ਹੈ।
ਸਾਨੂੰ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਕੇ ਇਸ ਬਿਮਾਰੀ ਦੇ ਲੱਛਣ, ਫੈਲਣ ਦੇ ਕਾਰਨਾ, ਬਚਾਅ ਅਤੇ ਰੋਕਥਾਮ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਕਿਉਂਕਿ ਅਫਵਾਹਾਂ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ।
ਲੱਛਣ: ਇਸਦੇ ਮੁੱਖ ਲੱਛਣ ਸੁੱਕੀ ਖੰਘ, ਬਹੁਤ ਤੇਜ਼ ਬੁਖਾਰ, ਸਾਹ ਲੈਣ ਵਿੱਚ ਤਕਲੀਫ ਅਤੇ ਥਕਾਵਟ ਮਹਿਸੂਸ ਕਰਨਾ ਹਨ। ਕੁਝ ਮਰੀਜਾਂ ਨੂੰ ਵਗਦਾ ਨੱਕ, ਗਲੇ ਵਿੱਚ ਖਾਰਸ਼, ਦਰਦ ਅਤੇ ਦਸਤ ਦੀ ਸਮੱਸਿਆ ਆਉਂਦੀ ਹੈ। ਇਹ ਲੱਛਣ 2 ਤੋਂ 14 ਦਿਨ ਵਿੱਚ ਨਜ਼ਰ ਆਉਣ ਲਗਦੇ ਹਨ। ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਬਲੱਡ ਪ੍ਰੈਸ਼ਰ, ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਇਸਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
ਫੈਲਣ ਦੇ ਕਾਰਨ : ਵਾਇਰਸ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਉਸਦੇ ਬਿਨਾਂ ਮੂੰਹ ਢੱਕੇ ਖੰਘਣ, ਛਿੱਕਣ ਨਾਲ ਛੁੱਟੀਆਂ ਰਾਹੀਂ ਤੰਦਰੁਸਤ ਵਿਅਕਤੀ ਦੇ ਸਾਹ ਰਾਹੀਂ ਅੰਦਰ ਦਾਖਲ ਹੋ ਜਾਂਦੇ ਹਨ।
ਬਚਾਅ ਦੇ ਨੁਕਤੇ : ਕਿਸੇ ਵੀ ਵਿਅਕਤੀ ਤੋਂ 1।ਮੀਟਰ ਦੀ ਦੂਰੀ ਬਣਾ ਕੇ ਰੱਖੋ। ਹੱਥ ਨਾ ਮਿਲਾਓ, ਗਲੇ ਨਾ ਮਿਲੋ ਅਤੇ ਅੱਖਾਂ, ਨੱਕ ਤੇ ਮੂੰਹ ਨੂੰ ਵਾਰ-ਵਾਰ ਨਾ ਛੂਹੋ। ਛਿੱਕੇ ਜਾਂ ਖਾਂਸੀ ਕਰਦੇ ਸਮੇਂ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਢੱਕਿਆ ਜਾਵੇ। ਭੀੜ ਵਾਲੀਆਂ ਥਾਵਾਂ ਤੇ ਨਾ ਜਾਓ। ਖੁੱਲ੍ਹੇ ਵਿੱਚ ਨਾ ਥੁੱਕੋ । ਬਿਨਾਂ ਕਿਸੇ ਖਾਸ ਕੰਮ ਤੋਂ ਬਾਹਰ ਨਾ ਨਿਕਲੋ। ਕਿਸੇ ਬਾਹਰਲੇ ਦੇਸ਼ ਵਿੱਚੋਂ ਆਏ ਵਿਅਕਤੀ ਨੂੰ 14 ਦਿਨ ਲਈ ਵੱਖਰਾ ਰੱਖਿਆ ਜਾਵੇ। ਬੁਖਾਰ, ਖਾਂਸੀ, ਥਕਾਵਟ ਜਾਂ ਸਾਹ ਲੈਣ ਵਿਚ ਤਕਲੀਫ ਹੈ ਤਾਂ ਡਾਕਟਰ ਨੂੰ ਵਖਾਓ।