ਨਵੀਂ ਦਿੱਲੀ (ਸਮਾਜ ਵੀਕਲੀ) :ਨੋਟਬੰਦੀ ਦੀ ਚੌਥੀ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਸ ਨਾਲ ਕਾਲੇ ਧਨ ਨੂੰ ਘਟਾਉਣ ਵਿਚ ਮਦਦ ਮਿਲੀ ਹੈ। ਇਸ ਤੋਂ ਇਲਾਵਾ ਵੱਧ ਟੈਕਸ ਇਕੱਠਾ ਹੋਇਆ ਹੈ ਤੇ ਪਾਰਦਰਸ਼ਤਾ ਵਧੀ ਹੈ। ਜ਼ਿਕਰਯੋਗ ਹੈ ਕਿ ਅੱਠ ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨੇ ਅੱਧੀ ਰਾਤ ਨੂੰ ਐਲਾਨ ਕਰ ਕੇ ਨੋਟਬੰਦੀ ਕਰ ਦਿੱਤੀ ਸੀ। ਟਵੀਟ ਕਰਦਿਆਂ ਮੋਦੀ ਨੇ ਨੋਟਬੰਦੀ ਦੇ ਫ਼ਾਇਦੇ ਗਿਣਾਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿਚ ਨੋਟਬੰਦੀ ਦੇ ਨਤੀਜਿਆਂ ਨੇ ਵੱਡਾ ਯੋਗਦਾਨ ਪਾਇਆ ਹੈ।
ਟਵੀਟ ਦੇ ਨਾਲ ਮੋਦੀ ਨੇ ਇਕ ਗ੍ਰਾਫ਼ ਵੀ ਸਾਂਝਾ ਕੀਤਾ। ਇਸ ਵਿਚ ਦਰਸਾਇਆ ਗਿਆ ਹੈ ਕਿ ਕਿਵੇਂ ਨੋਟਬੰਦੀ ਨਾਲ ਵੱਧ ਟੈਕਸ ਆਇਆ ਹੈ, ਜੀਡੀਪੀ ਅਨੁਪਾਤ ਵਿਚ ਸੁਧਾਰ ਆਇਆ ਹੈ। ਇਸ ਨਾਲ ਭਾਰਤ ਨਗ਼ਦੀ ਅਧਾਰਿਤ ਆਰਥਿਕਤਾ ਤੋਂ ਹਟ ਕੇ ਹੋਰ ਰਾਹਾਂ ’ਤੇ ਪਿਆ ਹੈ। ਕੌਮੀ ਸੁਰੱਖਿਆ ਦੇ ਲਿਹਾਜ਼ ਤੋਂ ਵੀ ਦੇਸ਼ ਨੂੰ ਲਾਹਾ ਮਿਲਿਆ ਹੈ। ਭਾਜਪਾ ਨੇ ਕਿਹਾ ਕਿ ਨੋਟਬੰਦੀ ਭ੍ਰਿਸ਼ਟਾਚਾਰ ਅਤੇ ਕਾਲੇ ਧਨ ’ਤੇ ‘ਹੱਲਾ’ ਸੀ ਜੋ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਦੌਰਾਨ ਬੇਹੱਦ ਵਧ ਗਿਆ ਸੀ।
ਪਾਰਟੀ ਦੇ ਕੌਮੀ ਬੁਲਾਰੇ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਨੋਟਬੰਦੀ ਨਾਲ ਅਰਥਵਿਵਸਥਾ ਸਾਫ਼ ਹੋਈ ਹੈ, ਮਾਲੀਆ ਵਧਿਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਢਾਂਚਾਗਤ ਵਿੱਤੀ ਭ੍ਰਿਸ਼ਟਾਚਾਰ ਤੇ ਕਾਲੇ ਧਨ ਨੂੰ ਖ਼ਤਮ ਕਰਨ ਵਿਚ ਮਦਦ ਮਿਲੀ ਹੈ। ਚੰਦਰਸ਼ੇਖਰ ਨੇ ਕਿਹਾ ਕਿ ਨੋਟਬੰਦੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਵਿੱਤੀ ਲਾਭ ਦਿੱਤੇ ਹਨ। ਭਾਜਪਾ ਬੁਲਾਰੇ ਨੇ ਨਾਂ ਲਏ ਬਿਨਾਂ ਕਿਹਾ ਕਿ ‘ਲੁੱਟ, ਮਾੜੇ ਪ੍ਰਬੰਧਨ ਤੇ ਆਰਥਿਕਤਾ ਬਾਰੇ ਤਾਂ ਕਾਂਗਰਸੀ ਆਗੂਆਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ।
ਕਾਂਗਰਸ ਦੇ ਰਾਜ ਵਿਚ ਦੇਸ਼ ਨੇ ਪੂਰਾ ਦਹਾਕਾ ਗੁਆਇਆ ਹੈ।’ ਚੰਦਰਸ਼ੇਖਰ ਨੇ ਕਿਹਾ ਕਿ 2014 ਤੋਂ ਬਾਅਦ ਮੋਦੀ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਵਿਚ ਉਸਾਰੂ ਬਦਲਾਅ ਲਿਆਂਦੇ ਹਨ ਤੇ ਨੋਟਬੰਦੀ ਇਸੇ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਗਰੀਬ ਹਿੱਤ ਵਿਚ ਲਿਆ ਗਿਆ ਸੀ ਤਾਂ ਜੋ ਸਰਕਾਰੀ ਮਦਦ ਬਿਨਾਂ ਭ੍ਰਿਸ਼ਟਾਚਾਰ ਪੱਛੜੇ ਤਬਕੇ ਤੱਕ ਪਹੁੰਚ ਸਕੇ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਇਸ ਨੇ ਗ਼ੈਰ-ਰਸਮੀ ਖੇਤਰ ਨੂੰ ਢਾਂਚਾਗਤ ਰੂਪ ਦਿੱਤਾ ਹੈ ਤੇ ਕਾਨੂੰਨੀ ਘੇਰੇ ਵਿਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਿਛਲੇ ਛੇ ਸਾਲਾਂ ਵਿਚ ਲਏ ਫ਼ੈਸਲਿਆਂ ਨਾਲ ਦੇਸ਼ ਦੀ ਆਰਥਿਕਤਾ ਉਤੇ ਸਕਾਰਾਤਮਕ ਪ੍ਰਭਾਵ ਪਏ ਹਨ।