ਨੋਇਡਾ (ਉੱਤਰ ਪ੍ਰਦੇਸ਼) (ਸਮਾਜਵੀਕਲੀ) : ਗੌਤਮ ਬੁੱਧ ਨਗਰ ਦੀ ਪੁਲੀਸ ਨੇ ਖੇਤਰੀ ਮਾਫ਼ੀਆ ਖ਼ਿਲਾਫ਼ ਕਾਰਵਾਈ ਕਰਦਿਆਂ ਗੈਂਗਸਟਰ ਸੁੰਦਰ ਭਾਟੀ, ਅਨਿਲ ਦੁਜਾਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ’ਚ ਜ਼ਮੀਨ ਤੋਂ ਇਲਾਵਾ ਆਡੀ ਅਤੇ ਬੀਐੱਮਡਬਲਿਊ ਕਾਰਾਂ ਸ਼ਾਮਲ ਹਨ।
ਇਹ ਕਾਰਵਾਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹੁਕਮਾਂ ’ਤੇ ਕੀਤੀ ਗਈ ਹੈ। ਗਰੇਟਰ ਨੋਇਡਾ ਦੇ ਡੀਸੀਪੀ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੁਲੀਸ ਕਮਿਸ਼ਨਰ ਆਲੋਕ ਸਿੰਘ ਨੂੰ 7 ਕਰੋੜ ਰੁਪਏ ਦੀ ਜਾਇਦਾਦ, ਜਿਸ ਵਿੱਚ ਜ਼ਮੀਨ ਅਤੇ ਕਾਰਾਂ ਸ਼ਾਮਲ ਹਨ, ਜ਼ਬਤ ਕਰਨ ਦੇ ਹੁਕਮ ਦਿੱਤੇ ਸਨ।
ਉਨ੍ਹਾਂ ਮੁਤਾਬਕ ਇਨ੍ਹਾਂ ਗੈਂਗਸਟਰਾਂ ਨੇ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜੋ ਹਟਾ ਦਿੱਤਾ ਗਿਅਾ ਹੈ। ਕੇਂਦਰੀ ਨੋਇਡਾ ਦੇ ਡੀਸੀਪੀ ਹਰਸ਼ ਚੰਦਰ ਨੇ ਦੱਸਿਆ ਕਿ ਅਨਿਲ ਦੁਜਾਨਾ ਗੈਂਗ ਦੇ ਮੈਂਬਰ ਚੰਦਰਪਾਲ ਦੀ ਜਾਇਦਾਦ ਅਤੇ ਵਾਹਨਾਂ ਤੋਂ ਇਲਾਵਾ ਗੈਂਗ ਦੇ ਇੱਕ ਹੋਰ ਮੈਂਬਰ ਰੌਬਿਨ ਦੀ ਪਤਨੀ ਦਿਵਿਆ ਸਾਂਗਵਾਨ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ।