ਨਸ਼ੇ ਕਰਕੇ ਫੌਤ ਹੋਏ ਨੌਜਵਾਨ ਦੇ ਵਾਰਸਾਂ ਨੇ ਅੱਜ ਉਸ ਦੀ ਲਾਸ਼ ਨੈਸ਼ਨਲ ਹਾਈਵੇਅ ’ਤੇ ਰੱਖ ਕੇ ਜਾਮ ਲਾ ਦਿੱਤਾ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਉਸ ਨੂੰ ਨਸ਼ਾ ਦੇ ਕੇ ਮੌਤ ਦੇ ਹਵਾਲੇ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਕੋਟਲਾ ਪਿੰਡ ਦੇ ਨੌਜਵਾਨ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਦੀ ਲਾਸ਼ ਕੋਟ ਕਰੋੜ ਖ਼ੁਰਦ ਦੇ ਕਿਸਾਨ ਦੀ ਹਵੇਲੀ ਵਿਚੋਂ ਬਰਾਮਦ ਹੋਈ ਸੀ। ਉਸ ਦੀ ਲਾਸ਼ ਦੇ ਕੋਲ ਇੱਕ ਸਰਿੰਜ ਵੀ ਪਈ ਮਿਲੀ ਸੀ ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਉਸਦੀ ਮੌਤ ਨਸ਼ੇ ਦੇ ਟੀਕੇ ਦੀ ਵਜ੍ਹਾ ਕਰਕੇ ਹੋਈ ਹੈ। ਸੁੱਖਾ ਦੇ ਪਿਤਾ ਸੇਵਕ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਭੇਡਾਂ ਪਾਲਣ ਦਾ ਧੰਦਾ ਕਰਦਾ ਸੀ। ਮੰਗਲਵਾਰ ਰਾਤ ਉਸ ਦੇ ਕਿਸੇ ਦੋਸਤ ਨੇ ਫ਼ੋਨ ਕਰਕੇ ਸੁੱਖੇ ਨੂੰ ਬੁਲਾਇਆ ਸੀ। ਮਗਰੋਂ ਉਹ ਸਾਰੀ ਘਰ ਵਾਪਸ ਨਹੀਂ ਪਰਤਿਆ। ਬੁੱਧਵਾਰ ਸਵੇਰੇ ਕਿਸੇ ਵਿਅਕਤੀ ਨੇ ਫ਼ੋਨ ਕਰਕੇ ਦੱਸਿਆ ਕਿ ਸੁੱਖਾ ਬੇਹੋਸ਼ੀ ਦੀ ਹਾਲਤ ਵਿਚ ਡਿੱਗਾ ਪਿਆ ਹੈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਸੁੱਖਾ ਦੀ ਲਾਸ਼ ਉੱਥੇ ਪਈ ਸੀ।
ਸੇਵਕ ਸਿੰਘ ਦਾ ਦੋਸ਼ ਹੈ ਕਿ ਉਸ ਦੇ ਦੋਸਤਾਂ ਨੇ ਸੁੱਖੇ ਨੂੰ ਘਰ ਸੱਦ ਕੇ ਨਸ਼ੇ ਦਾ ਟੀਕਾ ਲਾ ਕੇ ਮਾਰਿਆ ਹੈ,ਪਰ ਪੁਲੀਸ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ। ਸੁੱਖੇ ਦੇ ਵਾਰਸਾਂ ਨੇ ਆਖਿਆ ਕਿ ਜਦੋਂ ਤੱਕ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਡੀਐੱਸਪੀ ਸਤਨਾਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਵਾਰਸਾਂ ਨੂੰ ਯਕੀਨ ਦਿੱਤਾ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਧਰਨਾ ਚੁੱਕ ਕੇ ਵਾਪਸ ਪਰਤ ਗਏ।
INDIA ਨੈਸ਼ਨਲ ਹਾਈਵੇਅ ’ਤੇ ਲਾਸ਼ ਰੱਖ ਕੇ ਜਾਮ ਲਾਇਆ