ਮਾਛੀਵਾੜਾ– ਸਥਾਨਕ ਨੈਸ਼ਨਲ ਕਾਲਜ ਫਾਰ ਵਿਮੈਨ ਪਿਛਲੇ ਕਾਫ਼ੀ ਸਮੇਂ ਤੋਂ ਫੰਡਾਂ ’ਚ ਗੜਬੜੀ ਤੇ ਘਪਲੇਬਾਜ਼ੀ ਨੂੰ ਲੈ ਕੇ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਹੁਣ ਇਸ ਮਾਮਲੇ ’ਚ ਪ੍ਰਬੰਧਕ ਕਮੇਟੀ ਨੇ 1.75 ਕਰੋੜ ਤੋਂ ਵੱਧ ਦੀ ਘਪਲੇਬਾਜ਼ੀ ਦੀ ਖੁਲਾਸਾ ਕਰਦਿਆਂ ਪ੍ਰਿੰਸੀਪਲ ਨੂੰ ਦੋਸ਼ ਪੱਤਰ ਜਾਰੀ ਕੀਤਾ ਹੈ। ਦੋਸ਼ ਪੱਤਰ ਵਿਚ ਇਹ ਖੁਲਾਸਾ ਹੋਇਆ ਕਿ ਕਾਲਜ ਨੂੰ ਪਿਛਲੇ ਕੁੱਝ ਸਾਲਾਂ ’ਚ 80 ਲੱਖ ਰੁਪਏ ਤੋਂ ਵੱਧ ਦਾਨ ਰਾਸ਼ੀ ਮਿਲੀ ਜਿਸ ਨੂੰ ਕਾਲਜ ਅਕਾਊਂਟੈਂਟ ਵੱਲੋਂ ਬੈਂਕ ’ਚ ਜਮ੍ਹਾਂ ਕਰਵਾਉਣ ਦੀ ਬਜਾਏ ਘਪਲੇਬਾਜ਼ੀ ਕਰ ਲਈ। ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਜੋ ਫੀਸ ਜਮ੍ਹਾਂ ਕਰਵਾਈ ਗਈ ਉਸ ਵਿਚ ਵੀ ਗੜਬੜੀ ਪਾਈ ਗਈ। ਪ੍ਰਬੰਧਕ ਕਮੇਟੀ ਅਨੁਸਾਰ ਸੰਨ 2016 ਤੋਂ ਲੈ ਕੇ 2019 ਤੱਕ ਬੱਚਿਆਂ ਨੇ ਪ੍ਰੀਖਿਆ ਫੀਸਾਂ ਲਈ ਕਰੀਬ 82 ਲੱਖ ਰੁਪਏ ਕਾਲਜ ’ਚ ਜਮ੍ਹਾਂ ਕਰਵਾਏ ਪਰ ਇਹ ਰਾਸ਼ੀ ਖਾਤਿਆਂ ’ਚ ਜਮ੍ਹਾਂ ਹੋਣ ਦੀ ਬਜਾਏ ਯੂਨੀਵਰਸਿਟੀ ਨੂੰ ਇਹ ਫੀਸਾਂ ਦੀ ਅਦਾਇਗੀ ਕਾਲਜ ਦੇ ਹੋਰ ਬੈਂਕ ਖਾਤੇ ’ਚੋਂ ਕਰ ਦਿੱਤੀ ਗਈ। ਪ੍ਰਿੰਸੀਪਲ ਵਲੋਂ ਕਾਲਜ ਅਕਾਊਂਟੈਂਟ ਦੀ ਪਤਨੀ ਨੂੰ ਡਿਊਟੀ ਕੀਤੇ ਬਿਨਾਂ ਹੀ 6 ਮਹੀਨੇ ਦੀ ਤਨਖਾਹ ਦੇ ਦਿੱਤੀ ਗਈ ਜੋ ਕਿ 90 ਹਜ਼ਾਰ ਬਣਦੀ ਹੈ। ਇਸ ਤੋਂ ਇਲਾਵਾ ਅਕਾਊਂਟੈਂਟ ਦੀ ਪਤਨੀ ਨੂੰ ਨੌਕਰੀ ਛੱਡਣ ਦੌਰਾਨ ਜੋ ਐਨ.ਓ.ਸੀ ਦਿੱਤੀ ਗਈ ਉਹ ਨਿਯਮਾਂ ਦੇ ਉਲਟ ਜਾ ਕੇ ਦਿੱਤੀ ਗਈ। ਇਸ ਕਾਰਨ ਉਹ ਤੇ ਉਸ ਦਾ ਪਤੀ (ਅਕਾਊਂਟੈਂਟ) ਕਥਿਤ ਘਪਲੇਬਾਜ਼ੀ ਕਰ ਕੇ ਵਿਦੇਸ਼ ਰਵਾਨਾ ਹੋ ਗਏ। ਦੋਸ਼ ਪੱਤਰ ’ਚ ਇਹ ਵੀ ਦੱਸਿਆ ਗਿਆ ਕਿ 6-8-2013 ਨੂੰ ਮਤਾ ਪਾਇਆ ਗਿਆ ਸੀ ਜਿਸ ’ਚ ਪ੍ਰਿੰਸੀਪਲ ਨੇ ਆਪਣੇ ਪੇ-ਸਕੇਲ ’ਚ ਵਾਧਾ ਕਰ ਲਿਆ ਪਰ ਉਸ ਸਮੇਂ ਮੌਜੂਦ ਪ੍ਰਬੰਧਕ ਅਮਰੀਕ ਸਿੰਘ ਕਾਹਲੋਂ ਦੇ ਮਤੇ ’ਤੇ ਜੋ ਦਸਤਖ਼ਤ ਹਨ ਉਹ ਜਾਅਲੀ ਪਾਏ ਗਏ ਜਿਸ ਸਬੰਧੀ ਪ੍ਰਬੰਧਕ ਕਮੇਟੀ ਨੇ ਇਹ ਦਸਤਖ਼ਤ ਲੈਬੋਟਰੀ ’ਚੋਂ ਜਾਂਚ ਵੀ ਕਰਵਾਏ। ਪ੍ਰਿੰਸੀਪਲ ਵਲੋਂ ਆਪਣੀ ਪੇ-ਸਕੇਲ ਵਧਾ ਕੇ ਹਰ ਮਹੀਨੇ 18 ਹਜ਼ਾਰ ਰੁਪਏ ਤਨਖਾਹ ਵੱਧ ਵਸੂਲੀ ਗਈ। ਯੂਨੀਵਰਸਿਟੀ ਦੇ ਨਿਯਮ ਅਨੁਸਾਰ ਪ੍ਰਿੰਸੀਪਲ ਵਲੋਂ ਡਿਊਟੀ ਦੌਰਾਨ ਹਫ਼ਤੇ ’ਚ 6 ਲੈਕਚਰ ਲਗਾਉਣੇ ਹੁੰਦੇ ਹਨ ਪਰ ਅਜਿਹਾ ਵੀ ਨਹੀਂ ਹੋਇਆ। ਪ੍ਰਬੰਧਕ ਕਮੇਟੀ ਅਨੁਸਾਰ ਕਾਲਜ ’ਚ ਕਰੀਬ 1.75 ਕਰੋੜ ਤੋਂ ਵੱਧ ਘਪਲੇਬਾਜ਼ੀ ਹੋਈ ਹੈ। ਉਧਰ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਵਲੋਂ ਘਪਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਡੀਐੱਸਪੀ ਡੀ ਤਰਲੋਚਨ ਸਿੰਘ ਵਲੋਂ ਕੀਤੀ ਜਾ ਰਹੀ ਹੈ ਅਤੇ ਜਾਣਕਾਰੀ ਅਨੁਸਾਰ ਇਸ ਸਬੰਧੀ ਕੇਸ ਦਰਜ ਕਰਨ ਲਈ ਕਾਨੂੰਨੀ ਪ੍ਰਕਿਰਿਆ ਅੰਤਿਮ ਪੜਾਅ ’ਚ ਹੈ ਅਤੇ ਕਦੇ ਵੀ ਘਪਲੇਬਾਜ਼ੀ ਦੇ ਕਥਿਤ ਮੁਲਜ਼ਮਾਂ ਖਿਲਾਫ਼ ਕੇਸ ਦਰਜ ਹੋ ਸਕਦਾ ਹੈ। ਪ੍ਰਬੰਧਕ ਕਮੇਟੀ ਵਲੋਂ ਇਹ ਦੋਸ਼ ਪੱਤਰ ਕਾਲਜ ਪ੍ਰਿੰਸੀਪਲ ਨੂੰ ਸੌਂਪ ਦਿੱਤਾ ਗਿਆ ਹੈ।
INDIA ਨੈਸ਼ਨਲ ਕਾਲਜ ’ਚ ਪੌਣੇ ਦੋ ਕਰੋੜ ਦੇ ਘਪਲੇ ਦਾ ਖ਼ੁਲਾਸਾ