ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਮਗਰੋਂ ਪਹਿਲੇ ਵੱਡੇ ਸਿਆਸੀ ਘਟਨਾਕ੍ਰਮ ਤਹਿਤ ਨੈਸ਼ਨਲ ਕਾਨਫਰੰਸ ਦੇ 15 ਮੈਂਬਰੀ ਵਫ਼ਦ ਨੇ ਐਤਵਾਰ ਨੂੰ ਪਾਰਟੀ ਦੇ ਹਿਰਾਸਤ ’ਚ ਲਏ ਗਏ ਆਗੂਆਂ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨਾਲ ਇਥੇ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨਾਲ ਵੱਖੋ ਵੱਖਰੀਆਂ ਮੀਟਿੰਗਾਂ ਦੌਰਾਨ ਵਫ਼ਦ ਨੇ ਸੂਬੇ ਦੀਆਂ ਘਟਨਾਵਾਂ ਅਤੇ ਸਥਾਨਕ ਸੰਸਥਾਵਾਂ ਦੀਆਂ ਆਉਂਦੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪਾਰਟੀ ਲੀਡਰਸ਼ਿਪ ਨੇ ਆਪਣੇ ਆਗੂਆਂ ਨੂੰ ਨਜ਼ਰਬੰਦ ਕਰਨ ਦੇ ਰੋਸ ਵਜੋਂ ਸਥਾਨਕ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਨੈਸ਼ਨਲ ਕਾਨਫਰੰਸ ਦੇ ਵਫ਼ਦ ਨੂੰ ਦੋਵੇਂ ਆਗੂਆਂ ਨਾਲ ਮੁਲਾਕਾਤ ਦੀ ਪ੍ਰਵਾਨਗੀ ਦਿੱਤੀ ਸੀ। ਉਧਰ ਪੀਡੀਪੀ ਆਗੂਆਂ ਦਾ ਵਫ਼ਦ ਸੋਮਵਾਰ ਨੂੰ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨਾਲ ਮੁਲਾਕਾਤ ਨਹੀਂ ਕਰੇਗਾ ਜਦੋਂਕਿ ਪਹਿਲਾਂ ਮੁਲਾਕਾਤ ਦਾ ਪ੍ਰੋਗਰਾਮ ਸੀ। ਨੈਸ਼ਨਲ ਕਾਨਫਰੰਸ ਦੇ ਸੂਬਾ ਪ੍ਰਧਾਨ ਦਵਿੰਦਰ ਸਿਘ ਰਾਣਾ ਦੀ ਅਗਵਾਈ ਹੇਠ ਗਏ ਵਫ਼ਦ ਨੇ ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਹਰੀ ਨਿਵਾਸ ’ਤੇ ਅੱਧਾ ਕੁ ਘੰਟਾ ਮੁਲਾਕਾਤ ਕੀਤੀ। ਉਮਰ, ਜਿਨ੍ਹਾਂ ਦਾੜ੍ਹੀ ਵਧਾਈ ਹੋਈ ਸੀ, ਪਾਰਟੀ ਆਗੂਆਂ ਨਾਲ ਸੈਲਫੀ ਲੈਂਦਿਆਂ ਦਿਖਾਈ ਦਿੱਤੇ। ਇਸ ਮਗਰੋਂ ਵਫ਼ਦ ਫਾਰੂਕ ਅਬਦੁੱਲਾ ਦੀ ਰਿਹਾਇਸ਼ ’ਤੇ ਗਿਆ। ਮੀਟਿੰਗ ਮਗਰੋਂ ਰਾਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਬੇ ’ਚ ਕੋਈ ਵੀ ਸਿਆਸੀ ਪ੍ਰਕਿਰਿਆ ਆਰੰਭੇ ਜਾਣ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਆਗੂਆਂ ਨੂੰ ਛੱਡਿਆ ਜਾਣਾ ਚਾਹੀਦਾ ਹੈ। ਰਾਣਾ ਨੇ ਕਿਹਾ,‘‘ਵਾਦੀ ਦੇ ਘਟਨਾਕ੍ਰਮ ਖਾਸ ਕਰਕੇ ਪਾਬੰਦੀਆਂ ਆਇਦ ਕਰਨ ’ਤੇ ਲੋਕਾਂ ’ਚ ਗੁੱਸਾ ਹੈ। ਅਸੀਂ ਅਪੀਲ ਕਰਦੇ ਹਾਂ ਕਿ ਸਿਆਸੀ ਬੰਦੀਆਂ, ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ, ਨੂੰ ਤੁਰੰਤ ਰਿਹਾਅ ਕਰਕੇ ਜੰਮੂ ਕਸ਼ਮੀਰ ’ਚ ਲੋਕਤੰਤਰ ਬਹਾਲ ਕਰਦਿਆਂ ਸਿਆਸੀ ਅਮਲ ਸ਼ੁਰੂ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਦੀ ਭਲਾਈ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਲਈ ਕੰਮ ਕਰਦੀ ਰਹੇਗੀ।
ਬਲਾਕ ਵਿਕਾਸ ਕਮੇਟੀ ਦੀਆਂ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਅਮਲ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਬੰਦੀ ਬਣਾਏ ਗਏ ਆਗੂਆਂ ਨੂੰ ਰਿਹਾਅ ਕਰਨਾ ਪਵੇਗਾ। ਸ੍ਰੀ ਰਾਣਾ ਨੇ ਕਿਹਾ ਕਿ ਫਾਰੂਕ ਅਤੇ ਅਬਦੁੱਲਾ ਚੜ੍ਹਦੀ ਕਲਾ ’ਚ ਹਨ ਪਰ ਉਹ ਵਾਪਰੇ ਘਟਨਾਕ੍ਰਮ ਖਾਸ ਕਰਕੇ ਲੋਕਾਂ ’ਤੇ ਆਇਦ ਪਾਬੰਦੀਆਂ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਸਮੇਤ ਹੋਰ ਆਗੂਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਤਾਂ ਹੀ ਅਗਲੇ ਕਦਮ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ।
HOME ਨੈਸ਼ਨਲ ਕਾਨਫਰੰਸ ਦੇ ਵਫ਼ਦ ਵੱਲੋਂ ਫਾਰੂਕ ਤੇ ਉਮਰ ਨਾਲ ਮੁਲਾਕਾਤ