ਨੈਦਰਲੈਂਡ ਤੇ ਬੈਲਜੀਅਮ ਕੁਆਰਟਰ ਫਾਈਨਲ ’ਚ

ਨੈਦਰਲੈਂਡ ਤੇ ਬੈਲਜੀਅਮ ਦੀਆਂ ਟੀਮਾਂ ਆਪੋ-ਆਪਣੇ ਕ੍ਰਾਸ ਓਵਰ ਦੇ ਮੈਚ ਜਿੱਤ ਕੇ ਵਿਸ਼ਵ ਹਾਕੀ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ ਹਨ, ਜਦੋਂਕਿ ਚਾਰ ਵਾਰ ਦੀ ਚੈਂਪੀਅਨ ਰਹੀ ਪਾਕਿਸਤਾਨ ਟੀਮ ਅਤੇ ਕੈਨੇਡਾ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ।
ਪੁਰਸ਼ਾਂ ਦੇ ਵਿਸ਼ਵ ਹਾਕੀ ਕੱਪ ਕੁਆਰਟਰ ਫਾਈਨਲ ਵਿੱਚ ਪੁੱਜੀਆਂ ਟੀਮਾਂ ’ਤੇ ਨਜ਼ਰ ਮਾਰਦਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਿਸ਼ਵ ਦੀ ਹਾਕੀ ’ਚ ਹੁਣ ਯੂਰੋਪ ਦੀ ਤੂਤੀ ਬੋਲਦੀ ਹੈ। ਵਿਸ਼ਵ ਦੇ ਬਾਕੀ ਮਹਾਂਦੀਪਾਂ ਦੇ ਮੁਲਕ ਯੂਰੋਪੀ ਮੁਲਕਾਂ ਦੇ ਮੁਕਾਬਲੇ ਕਾਫੀ ਪਿਛਾਂਹ ਹਨ। ਆਖਰੀ ਅੱਠਾਂ ਵਿੱਚ ਪੁੱਜੀਆਂ ਟੀਮਾਂ ਵਿੱਚੋਂ ਪੰਜ ਯੂਰੋਪੀ ਮਹਾਂਦੀਪ ਦੀਆਂ ਹਨ। ਭਾਰਤ(ਏਸ਼ੀਆ), ਆਸਟਰੇਲੀਆ (ਓਸ਼ਾਨੀਆ) ਤੇ ਅਰਜਨਟੀਨਾ (ਪੈਨ-ਐਮ) ਆਪਣੇ-ਆਪਣੇ ਖਿੱਤੇ ’ਚੋਂ ਕੁਆਰਟਰ ਫਾਈਨਲ ਵਿੱਚ ਪੁੱਜੀਆਂ ਹਨ।
ਵਿਸ਼ਵ ਕੱਪ ਦੇ ਕੁਆਲੀਫਾਈਂਗ ਸਿਸਟਮ ਮੁਤਾਬਿਕ ਯੂਰੋਪੀ ਮਹਾਂਦੀਪ ਵਿੱਚੋਂ ਨੈਦਰਲੈਂਡ, ਫਰਾਂਸ, ਬੈਲਜੀਅਮ, ਜਰਮਨੀ, ਇੰਗਲੈਂਡ, ਸਪੇਨ ਅਤੇ ਆਇਰਲੈਂਡ ਦੀਆਂ ਵਿਸ਼ਵ ਕੱਪ ਖੇਡੀਆਂ ਤੇ ਇਹਨਾਂ ਵਿੱਚੋਂ ਪੰਜ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਗਈਆਂ ਹਨ। ਏਸ਼ੀਆ ਮਹਾਂਦੀਪ ’ਚੋਂ ਚਾਰ ਟੀਮਾਂ ਭਾਰਤ, ਪਾਕਿਸਤਾਨ, ਚੀਨ, ਮਲੇਸ਼ੀਆ, ਪੈਨ ਐਮ ਖਿੱਤੇ ’ਚੋਂ ਅਰਜਨਟੀਨਾ ਤੇ ਕੈਨੇਡਾ ਅਤੇ ਅਫਰੀਕਾ ਮਹਾਂਦੀਪ ’ਚੋਂ ਦੱਖਣੀ ਅਫਰੀਕਾ ਇਸ ਵਿਸ਼ਵ ਕੱਪ ਵਿੱਚ ਭਾਗ ਲੈ ਰਹੀਆਂ ਹਨ।
ਵਿਸ਼ਵ ਕੱਪ ਸ਼ੁਰੂ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੀ ਤੇ ਚਾਰ ਵਾਰ ਦੀ ਜੇਤੂ ਪਾਕਿਸਤਾਨ ਦੀ ਟੀਮ ਅੱਜ ਵਿਸ਼ਵ ਕੱਪ ’ਚੋਂ ਬਾਹਰ ਹੋ ਗਈ। ਅੱਜ ਖੇਡੇ ਗਏ ਕਰਾਸ ਓਵਰ ਮੈਚ ਵਿੱਚ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਨੇ ਪਾਕਿਸਤਾਨ ਨੂੰ 5-0 ਗੋਲਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਰੀਓ ਉਲਪਿੰਕ ਦੀ ਉਪ ਜੇਤੂ ਬੈਲਜੀਅਮ ਨੇ ਪਾਕਿਸਤਾਨ ’ਤੇ ਸ਼ੁਰੂ ਤੋਂ ਹੀ ਦਬਾਅ ਬਣਾ ਲਿਆ। ਬੈਲਜੀਅਮ ਵੱਲੋਂ ਹੈਂਡਰਿਕਸ ਅਲੈਗਜੈਂਡਰ (ਦਸਵੇਂ ਮਿੰਟ), ਬਰਿਲਜ਼ ਥੋਮਜ਼ (13ਵੇਂ), ਚਾਰਲੀਅਰ ਸੈਂਡਰਿਕ (27ਵੇਂ), ਡੌਲੀਅਰ ਸਿਬੈਸਟੀਅਨ (35ਵੇਂ) ਅਤੇ ਬੂਨ ਟੌਮ (53ਵੇਂ) ਨੇ ਇੱਕ-ਇੱਕ ਗੋਲ ਕੀਤਾ। ਬੈਲਜੀਅਮ ਦੀ ਟੀਮ ਕੁਆਟਰ ਫਾਈਨਲ ਵਿੱਚ 13 ਦਸੰਬਰ ਨੂੰ ਜਰਮਨੀ ਵਿੱਰੁਧ ਖੇਡੇਗੀ।
2014 ਦੇ ਵਿਸ਼ਵ ਕੱਪ ਦੀ ਉਪ ਜੇਤੂ ਨੈਦਰਲੈਂਡ ਨੇ ਦੂਜੇ ਕਰਾਸ ਓਵਰ ਮੈਚ ਵਿੱਚ ਕੈਨੇਡਾ ਨੂੰ 5-0 ਦੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਦਾਖ਼ਲਾ ਪਾ ਲਿਆ ਹੈ। ਨੈਦਰਲੈਂਡ ਦੀ ਟੀਮ ਹੁਣ 13 ਦਸੰਬਰ ਨੂੰ ਮੇਜ਼ਬਾਨ ਭਾਰਤ ਨਾਲ ਖੇਡੇਗੀ। ਇਸ ਮੈਚ ਦੇ ਪਹਿਲੇ ਕੁਆਰਟਰ ਵਿੱਚ ਹੀ ਨੈਦਰਲੈਂਡ ਨੇ ਹਮਲਿਆਂ ਦੀ ਸ਼ੁਰੂਆਤ ਕੀਤੀ ਪਰ ਕੈਨੇਡਾ ਦੀ ਰੱਖਿਅਕ ਪੰਗਤੀ ਡਟੀ ਰਹੀ। ਦੂਜੇ ਕੁਆਰਟਰ ਦੇ ਪਹਿਲੇ ਮਿੰਟ ਵਿੱਚ ਹੀ ਨੈਦਰਲੈਂਡ ਦੇ ਬੈਲਕ ਲਾਰਸ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ। ਨੈਦਰਲੈਂਡ ਵੱਲੋਂ ਦੂਜਾ ਗੋਲ ਰੌਬਰਟ ਕੈਂਪਰਮੈਨ ਨੇ 20ਵੇਂ ਮਿੰਟ ਵਿੱਚ ਕੀਤਾ। ਦੂਜੇ ਕੁਆਰਟਰ ਵਿੱਚ ਨੈਦਰਲੈਂਡ ਨੂੰ ਪੈਨਲਟੀ ਸ਼ਾਟ ਵੀ ਮਿਲਿਆ, ਪਰ ਕੈਨੇਡਾ ਦਾ ਗੋਲ ਕੀਪਰ ਡੇਵਿਡ ਕਾਰਟਰ ਰੋਕਣ ਵਿੱਚ ਕਾਮਯਾਬ ਰਿਹਾ। ਤੀਜੇ ਕੁਅਰਟਰ ’ਚ ਵੈਨ ਡੈਮ ਦਿਸਜ਼ ਅਤੇ ਥੈਰੀ ਬਰਿੰਕਮੈਨ ਨੇ ਦੋ ਮੈਦਾਨੀ ਗੋਲ ਦਾਗ਼ ਕੇ ਨੈਦਰਲੈਂਡ ਦੀ ਲੀਡ 4-0 ਕਰ ਦਿੱਤੀ। ਮੈਚ ਦਾ ਆਖ਼ਰੀ ਗੋਲ ਵੈਨ ਡੈਮ ਦਿਸਜ਼ ਨੇ 58ਵੇਂ ਮਿੰਟ ਵਿੱਚ ਕੀਤਾ।

Previous articleਨਾਮਵਰ ਗੋਲਚੀਆਂ ’ਚ ਸ਼ੁਮਾਰ ਪੀਆਰ ਸ੍ਰੀਜੇਸ਼
Next articleCongress to form MP government as BJP concedes defeat; CM resigns