ਕਾਠਮੰਡੂ (ਸਮਾਜ ਵੀਕਲੀ) : ਨੇਪਾਲ ਕਮਿਊਨਿਸਟ ਪਾਰਟੀ (ਐੱਨਸੀਪੀ) ਵੱਲੋਂ ਦਿੱਤੇ ਗਏ ਦੇਸ਼ਵਿਆਪੀ ਹੜਤਾਲ ਦੇ ਸੱਦੇ ਕਾਰਨ ਆਮ ਜਨਜੀਵਨ ਠੱਪ ਰਿਹਾ। ਪੁਸ਼ਪ ਕਮਲ ਦਾਹਲ ਪ੍ਰਚੰਡ ਦੀ ਅਗਵਾਈ ਵਾਲੀ ਐੱਨਸੀਪੀ ਵੱਲੋਂ ਹੜਤਾਲ ਦਾ ਇਹ ਸੱਦਾ ਪ੍ਰਧਾਨ ਮੰਤਰੀ ਕੇ.ਪੀ. ਓਲੀ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਵੱਖ-ਵੱਖ ਸੰਵਿਧਾਨਕ ਸੰਸਥਾਵਾਂ ਵਿੱਚ ਅਧਿਕਾਰੀ ਤੇ ਮੈਂਬਰ ਨਿਯੁਕਤ ਕਰਨ ਦੇ ਵਿਰੋਧ ’ਚ ਦਿੱਤਾ ਗਿਆ ਸੀ।
ਹੜਤਾਲ ਕਾਰਨ ਮੁੱਖ ਮਾਰਕੀਟਾਂ, ਵਿੱਦਿਅਕ ਸੰਸਥਾਵਾਂ, ਦਫ਼ਤਰ ਅਤੇ ਫੈਕਟਰੀਆਂ ਬੰਦ ਰਹੀਆਂ ਜਦਕਿ ਟਰਾਂਸਪੋਰਟ ਸੇਵਾਵਾਂ ’ਚ ਵੀ ਵਿਘਨ ਪਿਆ। ਸਰਕਾਰ ਵੱਲੋਂ ਕੋਈ ਵੀ ਅਣਸੁਖਾਵੀਂ ਘਟਨਾ ਰੋਕਣ ਲਈ ਕਾਠਮੰਡੂੁ ਘਾਟੀ ’ਚ ਘੱਟੋ-ਘੱਟ 5 ਹਜ਼ਾਰ ਸੁਰੱਖਿਆ ਜਵਾਨ ਤੈਨਾਤ ਕੀਤੇ ਗਏ ਸਨ। ਅੱਜ ਰਾਜਧਾਨੀ ’ਚ ਕੁਝ ਕੁ ਵਾਹਨ ਹੀ ਸੜਕਾਂ ’ਤੇ ਦਿਖਾਈ ਦਿੱਤੇ।
ਇਸ ਦੌਰਾਨ ਪੁਲੀਸ ਨੇ ਦੇਸ਼ ਦੇ ਵੱਖ-ਵੱਖ ਹਿੱੱਸਿਆਂ ’ਚ ਜਬਰਦਸਤੀ ਹੜਤਾਲ ਕਰਵਾਉਣ ਦੇ ਦੋਸ਼ ਹੇਠ ਕਮਲ ਦੀ ਅਗਵਾਈ ਵਾਲੇ ਗੁੱਟ ਦੇ 157 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਐੱਨਸੀਪੀ ਦੀ ਕੇਂਦਰੀ ਕਮੇਟੀ ਮੈਂਬਰ ਆਸਥਾ ਲਕਸ਼ਮੀ ਸ਼ਾਕਯਾ, ਹਿਮਾਲ ਸ਼ਰਮਾ ਅਤੇ ਅੰਮ੍ਰਿਤਾ ਥਾਪਾ ਸ਼ਾਮਲ ਹਨ। ਹੜਤਾਲ ਦੀ ਉਲੰਘਣਾ ਕਰਨ ’ਤੇ ਮੁਜ਼ਾਹਰਾਕਾਰੀਆਂ ਨੇ ਕਾਠਮੰਡੂ ’ਚ ਤਿੰਨ ਵਾਹਨ ਵੀ ਸਾੜ ਦਿੱਤੇ।
ਨੇਪਾਲ ਪੁਲੀਸ ਦੇ ਤਰਜਮਾਨ ਐੱਸਐੱਸਪੀ ਬਸੰਤ ਕੁੰਵਰ ਨੇ ਦੱਸਿਆ, ‘80 ਲੋਕਾਂ ਨੂੰ ਕਾਠਮੰਡੂ ਘਾਟੀ ਵਿੱਚੋਂ ਜਦਕਿ ਬਾਕੀ 77 ਨੂੰ ਘਾਟੀ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ।’ ਉਨ੍ਹਾਂ ਕਿਹਾ ਕਿ ਜੋ ਲੋਕ ਭੰਨਤੋੜ ਤੇ ਅੱਗਜ਼ਨੀ ਦੀਆਂ ਘਟਨਾਵਾਂ ’ਚ ਸ਼ਾਮਲ ਸਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬਿਦਿਆ ਦੇਵੀ ਭੰਡਾਰੀ ਵੱਲੋਂ ਬੁੱਧਵਾਰ 11 ਵਿੱਦਿਅਕ ਸੰਸਥਾਵਾਂ ’ਚ ਲੱਗਪਗ 32 ਅਧਿਕਾਰੀ ਅਤੇ ਮੈਂਬਰ ਨਿਯੁਕਤ ਕੀਤੇ ਗਏ ਸਨ। ਪ੍ਰਚੰਡ ਦੀ ਅਗਵਾਈ ਵਾਲੇ ਗੁੱਟ ਨੇ ਕਥਿਤ ਦੋਸ਼ ਲਾਇਆ ਸੀ ਕਿ ਨਿਯੁਕਤੀਆਂ ਗ਼ੈਰ-ਸੰਵਿਧਾਨਕ ਢੰਗ ਨਾਲ ਕੀਤੀਆਂ ਗਈਆਂ ਹਨ।