ਨੇਪਾਲ: ਓਲੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੁੱਕੀ

ਕਾਠਮੰਡੂ (ਸਮਾਜ ਵੀਕਲੀ) : ਸੰਸਦ ਵਿਚ ਭਰੋਸੇ ਦੀ ਵੋਟ ਹਾਸਲ ਕਰਨ ਵਿਚ ਨਾਕਾਮ ਰਹਿਣ ਦੇ ਬਾਵਜੂਦ ਕੇਪੀ ਸ਼ਰਮਾ ਓਲੀ ਨੇ ਅੱਜ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ। ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ 69 ਸਾਲਾ ਓਲੀ ਨੂੰ ‘ਸ਼ੀਤਲ ਨਿਵਾਸ’ ’ਚ ਸਹੁੰ ਚੁਕਾਈ। ਓਲੀ ਨੂੰ ਵੀਰਵਾਰ ਰਾਤ ਦੁਬਾਰਾ ਅਹੁਦੇ ਉਤੇ ਨਿਯੁਕਤ ਕੀਤਾ ਗਿਆ ਕਿਉਂਕਿ ਵਿਰੋਧੀ ਧਿਰਾਂ ਨਵੀਂ ਸਰਕਾਰ ਬਣਾਉਣ ਲਈ ਸੰਸਦ ਵਿਚ ਬਹੁਮਤ ਸਾਬਿਤ ਨਹੀਂ ਕਰ ਸਕੀਆਂ। ਸੀਪੀਐਨ-ਯੂਐਮਐਲ ਦੇ ਚੇਅਰਮੈਨ ਓਲੀ ਸੋਮਵਾਰ ਨੂੰ ਪ੍ਰਤੀਨਿਧੀ ਸਭਾ ਵਿਚ ਬਹੁਮਤ ਸਾਬਤ ਨਹੀਂ ਕਰ ਸਕੇ ਸਨ।

ਓਲੀ ਨੂੰ ਹੁਣ 30 ਦਿਨਾਂ ਵਿਚ ਸਦਨ ਵਿਚ ਭਰੋਸੇ ਦੀ ਵੋਟ ਹਾਸਲ ਕਰਨੀ ਪਵੇਗੀ। ਜੇਕਰ ਉਹ ਅਜਿਹਾ ਨਹੀਂ ਕਰ ਪਾਉਂਦੇ ਤਾਂ ਸੰਵਿਧਾਨਕ ਤਜਵੀਜ਼ ਅਧੀਨ ਸਰਕਾਰ ਬਣਾਉਣ ਲਈ ਯਤਨ ਆਰੰਭੇ ਜਾਣਗੇ। ਜ਼ਿਕਰਯੋਗ ਹੈ ਕਿ ਵੀਰਵਾਰ ਤੱਕ ਨੇਪਾਲੀ ਕਾਂਗਰਸ ਨੂੰ ਸਰਕਾਰ ਕਾਇਮ ਕਰਨ ਦੀ ਪੂਰੀ ਉਮੀਦ ਸੀ। ਉਨ੍ਹਾਂ ਨੂੰ ਕੁਝ ਧਿਰਾਂ ਦੀ ਹਮਾਇਤ ਮਿਲ ਰਹੀ ਸੀ ਪਰ ਐਨ ਮੌਕੇ ’ਤੇ ਮਾਧਵ ਕੁਮਾਰ ਨੇਪਾਲ ਨੇ ਓਲੀ ਨਾਲ ਮੀਟਿੰਗ ਕਰ ਕੇ ਹੱਥ ਪਿੱਛੇ ਖਿੱਚ ਲਏ। ਸੀਪੀਐਨ-ਯੂਐਮਐਲ ਕੋਲ ਸਦਨ ਵਿਚ ਸਭ ਤੋਂ ਵੱਧ 121 ਸੀਟਾਂ ਹਨ। ਹਾਲਾਂਕਿ ਬਹੁਮਤ ਨਾਲ ਸਰਕਾਰ ਬਣਾਉਣ ਲਈ 136 ਮੈਂਬਰਾਂ ਦੀ ਲੋੜ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ-ਅਮਰੀਕੀ ਸੰਕਟ ਵੇਲੇ ਮਦਦ ਦਾ ਥੰਮ੍ਹ ਬਣੇ: ਸੰਧੂ
Next articleਆਇਰਲੈਂਡ ਦੀਆਂ ਸਿਹਤ ਸੇਵਾਵਾਂ ’ਤੇ ਸਾਈਬਰ ਹਮਲਾ