ਨੇਪਾਲੀ ਸੁਰੱਖਿਆ ਜਵਾਨਾਂ ਵਲੋਂ ਭਾਰਤੀ ਨਾਗਰਿਕਾਂ ’ਤੇ ਗੋਲੀਬਾਰੀ; ਇੱਕ ਹਲਾਕ

ਕਾਠਮੰਡੂ (ਸਮਾਜਵੀਕਲੀ):  ਬਿਹਾਰ ਦੇ ਜ਼ਿਲ੍ਹਾ ਸੀਤਾਮੜ੍ਹੀ ਨਾਲ ਲੱਗਦੇ ਨੇਪਾਲੀ ਇਲਾਕੇ ਵਿਚ ਅੱਜ ਨੇਪਾਲ ਸਰਹੱਦੀ ਪੁਲੀਸ ਦੇ ਜਵਾਨਾਂ ਵਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਨੇਪਾਲ ਬਾਰਡਰ ਪੁਲੀਸ ਨੇ ਇੱਕ ਭਾਰਤੀ ਨਾਗਰਿਕ ਲਾਗਨ ਯਾਦਵ (45) ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸ਼ਸਤਰ ਸੀਮਾ ਬਲ (ਐੱਸਐੱਸਬੀ) ਦੇ ਡਾਇਰੈਕਟਰ ਜਨਰਲ (ਡੀਜੀ) ਕੁਮਾਰ ਰਾਜੇਸ਼ ਚੰਦਰ ਨੇ ਦਿੱਲੀ ਵਿੱਚ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 8:40 ਵਜੇ ‘ਨੇਪਾਲੀ ਇਲਾਕੇ ਅੰਦਰ’ ਵਾਪਰੀ। ਊਨ੍ਹਾਂ ਦੱਸਿਆ ਕਿ ਹੁਣ ਸਥਿਤੀ ਸ਼ਾਂਤ ਹੈ ਅਤੇ ‘ਸਾਡੇ ਸਥਾਨਕ ਕਮਾਂਡਰਾਂ ਨੇ ਤੁਰੰਤ ਆਪਣੇ ਨੇਪਾਲੀ ਹਮਰੁਤਬਾ ਨਾਲ ਸੰਪਰਕ ਸਾਧਿਆ ਹੈ।’

ਐੱਸਐੱਸਬੀ ਦੇ ਪਟਨਾ ਫਰੰਟੀਅਰ ਦੇ ਆਈਜੀ ਸੰਜੇ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਸਥਾਨਕ ਲੋਕਾਂ ਅਤੇ ਨੇਪਾਲ ਦੀ ਹਥਿਆਰਬੰਦ ਪੁਲੀਸ ਬਲ (ਏਪੀਐੱਫ) ਵਿਚਾਲੇ ਵਾਪਰੀ। ਊਨ੍ਹਾਂ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਹਲਾਕ ਹੋ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਵਿਕਾਸ ਯਾਦਵ (22) ਦੇ ਢਿੱਡ ਵਿੱਚ ਗੋਲੀ ਲੱਗਣ ਕਾਰਨ ਊਸ ਦੀ ਮੌਤ ਹੋ ਗਈ ਜਦਕਿ ਊਦੇ ਠਾਕੁਰ (24) ਅਤੇ ਊਮੇਸ਼ ਰਾਮ (18) ਨੂੰ ਜ਼ਖ਼ਮੀ ਹਾਲਤ ਵਿੱਚ ਸੀਤਾਮੜ੍ਹੀ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ।

ਸਥਾਨਕ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਊਦੋਂ ਵਾਪਰੀ ਜਦੋਂ ਏਪੀਐੱਫ ਜਵਾਨਾਂ ਨੇ ਲਾਗਨ ਯਾਦਵ ਦੀ ਨੂੰਹ, ਜੋ ਨੇਪਾਲ ਤੋਂ ਹੈ, ਨੂੰ ਭਾਰਤ ਦੇ ਕੁਝ ਲੋਕਾਂ ਨਾਲ ਗੱਲਬਾਤ ਕਰਦਿਆਂ ਦੇਖਣ ਮਗਰੋਂ ਊਸ ਦੀ ਖੇਤਰ ਵਿੱਚ ਮੌਜੂਦਗੀ ’ਤੇ ਇਤਰਾਜ਼ ਜਤਾਇਆ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ’ਤੇ ਤਾਰ ਨਾ ਲੱਗੀ ਹੋਣ ਕਾਰਨ ਸਥਾਨਕ ਲੋਕ ਆਪਸ ਵਿੱਚ ਮਿਲਦੇ-ਵਰਤਦੇ ਹਨ ਅਤੇ ਆਪਸ ਵਿਚ ਰਿਸ਼ਤੇਦਾਰ ਵੀ ਹਨ।

ਏਪੀਐੱਫ ਜਵਾਨਾਂ ਵਲੋਂ ਮਿਲਣੀ ’ਤੇ ਇਤਰਾਜ਼ ਪ੍ਰਗਟਾਊਣ ’ਤੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ ਤੇ ਕਰੀਬ 70-80 ਭਾਰਤੀ ਨਾਗਰਿਕ ਮੌਕੇ ’ਤੇ ਇਕੱਠੇ ਹੋ ਗਏ। ਅਧਿਕਾਰੀਆਂ ਅਨੁਸਾਰ ਏਪੀਐੱਫ ਦਾ ਦਾਅਵਾ ਹੈ ਕਿ ਊਨ੍ਹਾਂ ਨੇ ਪਹਿਲਾਂ ਭੀੜ ਖਿੰਡਾਊਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਫਿਰ ਆਪਣੇ ਹਥਿਆਰ ਖੋਹੇ ਜਾਣ ਦੇ ਡਰੋਂ ਲੋਕਾਂ ਵੱਲ ਗੋਲੀਆਂ ਚਲਾਈਆਂ, ਜੋ ਤਿੰਨ ਜਣਿਆਂ ਦੇ ਲੱਗੀਆਂ। ਊਨ੍ਹਾਂ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਸੀਤਾਮੜ੍ਹੀ ਦੇ ਜਾਨਕੀਨਗਰ ਅਤੇ ਨੇਪਾਲ ਦੇ ਸਾਰਲਹੀ ਵਿਚਾਲੇ ਵਾਪਰੀ ਹੈ।

Previous articleਜੀਐੱਸਟੀ ਕੌਂਸਲ: ਸਿਫ਼ਰ ਦੇਣਦਾਰੀ ਵਾਲੀਆਂ ਇਕਾਈਆਂ ’ਤੇ ਰਿਟਰਨ ’ਚ ਦੇਰੀ ਲਈ ਜੁਰਮਾਨਾ ਨਹੀਂ
Next articleKashmiris are fed up with militancy, terrorism: Army Chief