ਵੋਟਾਂ ਲੈਣ ਲਈ ਉਨ੍ਹਾਂ ਦੀਆਂ,
ਨੇਤਾ ਦਲਿਤਾਂ ਦੇ ਘਰ ਜਾਣ ਬੇਲੀ।
ਰੋਟੀ ਖਾ ਕੇ, ਚਾਹ ਪੀ ਕੇ,
ਉਨ੍ਹਾਂ ਨਾਲ ਪਿਆਰ ਜਤਾਣ ਬੇਲੀ।
“ਤੁਹਾਡੇ ਘਰਾਂ ਦੀ ਸੁਧਾਰਾਂਗੇ ਹਾਲਤ,”
ਹੋਰ ਕਈ ਲਾਰੇ ਲਾਣ ਬੇਲੀ।
ਦੋ ਹਜ਼ਾਰ ਦਾ ਨੋਟ ਦੇਣ ਚੁੱਪ ਕਰਕੇ,
ਜਦੋਂ ਉਨ੍ਹਾਂ ਦੇ ਘਰੋਂ ਜਾਣ ਬੇਲੀ।
ਵੋਟਾਂ ਉਨ੍ਹਾਂ ਦੀਆਂ ਪੁਆਣ ਲਈ,
ਘਰੋਂ ਉਨ੍ਹਾਂ ਨੂੰ ਖਿੱਚ ਲਿਆਣ ਬੇਲੀ।
ਵੋਟਾਂ ਪੈਣ ਪਿੱਛੋਂ ਜਾ ਮੰਦਰ,
ਜਿੱਤ ਲਈ ਅਰਦਾਸ ਕਰਾਣ ਬੇਲੀ।
ਵੋਟਾਂ ਦੀ ਗਿਣਤੀ ਪਿੱਛੋਂ ਜਿੱਤ ਕੇ,
ਖੁਸ਼ੀ ਵਿੱਚ ਢੋਲ ਵਜਾਣ ਬੇਲੀ।
ਦਾਣੇ ਤੇ ਦਾਲਾਂ ਮੁਫਤ ਦੇ ਕੇ,
ਉਨ੍ਹਾਂ ਨੂੰ ਵਿਹਲੜ ਬਣਾਣ ਬੇਲੀ।
ਨੇਤਾਵਾਂ ਦੀ ਇਸ ਪਾਲਿਸੀ ਨਾਲ,
ਦਲਿਤ ਬੇਰੁਜ਼ਗਾਰ ਰਹਿ ਜਾਣ ਬੇਲੀ।
ਆਪਣੀ ਪਾਲਿਸੀ ਨੂੰ ਸਫਲ ਹੁੰਦਾ ਦੇਖ,
ਕੱਠੇ ਹੋ ਕੇ ਨੇਤਾ ਮੁਸਕਾਣ ਬੇਲੀ।
ਆਪ ਹੀ ਦਲਿਤਾਂ ਨੂੰ ਜਾਗਣਾ ਪੈਣਾਂ,
ਕਿਸੇ ਆਣਾ ਨਾ ਉਨ੍ਹਾਂ ਨੂੰ ਜਗਾਣ ਬੇਲੀ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554