ਨੂਰਮਹਿਲ-ਨਕੋਦਰ-ਫਿਲੌਰ ਅਤੇ ਸ਼ਹਿਰ ਦੀਆਂ ਧਾਰਮਿਕ ਅਸਥਾਨਾਂ ਨਾਲ ਸੰਬੰਧਤ ਅਤੇ ਨੂਰਮਹਿਲ-ਜਲੰਧਰ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ – ਅਸ਼ੋਕ ਸੰਧੂ
ਨੂਰਮਹਿਲ – (ਹਰਜਿੰਦਰ ਛਾਬੜਾ) ਨੂਰਮਹਿਲ ਅਤੇ ਇਲਾਕੇ ਦੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਸੜਕਾਂ ਦਾ ਹਾਲ ਇਸ ਤਰਾਂ ਬਦਤਰ ਹੈ ਕਿ ਲੋਕ ਆਪਣੀਆਂ ਗੱਡੀਆਂ ਨੂੰ ਮੋਢਿਆਂ ਤੇ ਚੁੱਕਕੇ ਟੋਏ-ਟਿੱਬਿਆਂ ਵਾਲੀਆਂ ਸੜਕਾਂ ਨੂੰ ਪਾਰ ਕਰਨ ਲਈ ਮਜ਼ਬੂਰ ਹਨ। ਪੀ.ਡਬਲਯੂ.ਡੀ ਵਿਭਾਗ ਨੂੰ ਲਾਹਨਤ ਪਾਉਂਦੇ ਹੋਏ ਨੂਰਮਹਿਲ ਨਿਵਾਸੀਆਂ ਨੂੰ ਇੱਕ ਗੱਡੀ ਨੂੰ ਮੋਢਿਆਂ ਤੇ ਚੁੱਕ ਕੇ ਪੀ.ਡਬਲਯੂ.ਡੀ ਵਿਭਾਗ ਖਿਲਾਫ਼ ਨੂਰਮਹਿਲ-ਫਿਲੌਰ ਰੋਡ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਮੌਕੇ ਪਰ ਟੁੱਟੀ ਹੋਈ ਸੜਕ ਕਾਰਣ ਸਾਈਕਲ ਤੋਂ ਡਿੱਗੇ ਇੱਕ ਸਕੂਲੀ ਨੂੰ ਉਠਾਇਆ ਗਿਆ।
ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਨੇ ਕਿਹਾ ਨੰਬਰਦਾਰ ਯੂਨੀਅਨ ਨੇ “ਮਿਸ਼ਨ ਤੰਦਰੁਸਤ ਨੂਰਮਹਿਲ” ਤਹਿਤ ਕਈ ਵਾਰ ਟੁੱਟੀਆਂ ਹੋਈਆਂ ਸੜਕਾਂ ਨੂੰ ਸੁਚੱਜੇ ਅਤੇ ਨਿਯਮਾਂ ਅਨੁਸਾਰ ਬਣਾਉਣ ਲਈ ਸੁੱਤੇ ਪਏ ਪੀ.ਡਬਲਯੂ.ਡੀ ਵਿਭਾਗ ਨੂੰ ਜਗਾਉਣ ਲਈ ਨੂਰਮਹਿਲ ਦੀਆਂ ਉਸਾਰੂ ਸੋਚ ਵਾਲੀਆਂ ਜਥੇਬੰਦੀਆਂ ਨੇ ਸੰਘਰਸ਼ ਵਿੱਢਿਆ ਹੈ ਪਰ ਵਿਭਾਗ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ। ਉਹਨਾਂ ਨੂਰਮਹਿਲ-ਜਲੰਧਰ ਰੋਡ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਤਮ ਕਿਸਮ ਦੀ ਸੜਕ ਮੁਹਈਆ ਕਰਵਾਉਣ ਖ਼ਾਤਿਰ ਸਾਰੇ ਫੰਡ ਜਾਰੀ ਕਰ ਦਿੱਤੇ ਹੋਏ ਹਨ ਪਰ ਲਗਭਗ ਅੱਧਾ ਸਾਲ ਬੀਤ ਜਾਣ ਦੇ ਬਾਵਜੂਦ ਵੀ ਸੜਕ ਦਾ ਕੰਮ ਜਿਓਂ ਦਾ ਤਿਓਂ ਹੈ, ਸੜਕ ਵਿਚਕਾਰ ਪਏ ਡੂੰਘੇ ਟੋਇਆਂ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ। ਲੋਕ ਜਿੱਥੇ ਆਪਣੀਆਂ ਗੱਡੀਆਂ ਦੀ ਟੁੱਟ ਭੱਜ ਕਰਵਾਉਂਦੇ ਹਨ ਉੱਥੇ ਖ਼ੁਦ ਵੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਜ਼ਿਲਾ ਪ੍ਰਧਾਨ ਨੇ ਕਿਹਾ ਕਿ ਪੀ.ਡਬਲਯੂ.ਡੀ ਵੱਲੋਂ ਜੋ ਨਵੀਂ ਸੜਕ ਨੂਰਮਹਿਲ-ਤਲਵਣ ਬਣਾਈ ਗਈ ਹੈ ਉਹ ਵੀ 30 ਜਗ੍ਹਾ ਤੋਂ ਵੱਧ ਟੁੱਟ ਚੁੱਕੀ ਹੈ। ਇਸ ਸੜਕ ਦੀ ਜਾਂਚ ਸੰਬੰਧੀ ਮਾਣਯੋਗ ਡੀ.ਸੀ. ਜਲੰਧਰ ਪਾਸ ਸ਼ਿਕਾਇਤ ਵੀ ਕੀਤੀ ਹੋਈ ਹੈ ਪਰ ਕਿਸੇ ਵੀ ਉੱਚ ਅਧਿਕਾਰੀ ਨੇ ਮਹੀਨਿਆਂ ਵੱਧੀ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਸ਼ਿਕਾਇਤ ਉੱਪਰ ਕੋਈ ਕਾਰਵਾਈ ਨਹੀਂ ਕੀਤੀ, ਫ਼ਿਰ ਵਿਭਾਗ ਕਿਵੇਂ ਆਪਣੇ ਫਰਜ਼ ਸੁਚੱਜੇ ਤਰੀਕੇ ਨਾਲ ਨਿਭਾ ਸਕਦਾ ਹੈ।
ਨੂਰਮਹਿਲ-ਫਿਲੌਰ-ਨਕੋਦਰ ਰੋਡ ਤੇ ਪ੍ਰਦਰਸ਼ਨ ਕਰਦਿਆਂ ਸ਼ਿਵ ਸੈਨਾ ਬਾਲ ਠਾਕਰੇ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ, ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ, ਨਵੀਂ ਸੋਚ ਵੈਲਫੇਅਰ ਸੁਸਾਇਟੀ ਦੇ ਆਗੂਆਂ ਜਿਨ੍ਹਾਂ ਵਿੱਚ ਅਸ਼ੋਕ ਸੰਧੂ ਨੰਬਰਦਾਰ, ਸਾਹਿਲ ਮੈਹਨ, ਰਵਿੰਦਰ ਭਾਰਦਵਾਜ, ਰਵਨੀਤ ਭਾਰਦਵਾਜ, ਨੰਬਰਦਾਰ ਜਗਨਨਾਥ ਚਾਹਲ, ਸੀਤਾ ਰਾਮ ਸੋਖਲ, ਨੰਬਰਦਾਰ ਸੋਹਣ ਸਿੰਘ ਕੋਟ ਬਾਦਲ ਖਾਂ, ਹਰੀਸ਼ ਮੈਹਨ, ਨੰਬਰਦਾਰ ਦਲਜੀਤ ਸਿੰਘ ਭੱਲੋਵਾਲ, ਸੁਭਾਸ਼ ਢੰਡ, ਓਮ ਪ੍ਰਕਾਸ਼ ਜੰਡੂ, ਦਿਨਕਰ ਸੰਧੂ, ਵਿਜੇ ਕੁਮਾਰ, ਜਸਵੀਰ ਸਿੰਘ ਕਾਹਲੋਂ, ਨਿਰਮਲ ਸਿੰਘ ਚੀਮਾਂ, ਅਵਤਾਰ ਸਿੰਘ ਵਿਰਦੀ, ਯਸ਼ਪਾਲ ਤੋਂ ਇਲਾਵਾ ਹੋਰ ਨੂਰਮਹਿਲ ਪ੍ਰਤੀ ਉਸਾਰੂ ਸੋਚ ਰੱਖਣ ਵਾਲੇ ਪਤਵੰਤਿਆਂ ਨੇ ਕਿਹਾ ਕਿ ਜੇਕਰ ਨੂਰਮਹਿਲ-ਫਿਲੌਰ-ਨਕੋਦਰ ਸੜਕ ਅਤੇ ਨੂਰਮਹਿਲ ਸ਼ਹਿਰ ਦੇ ਧਾਰਮਿਕ ਅਸਥਾਨਾਂ ਨਾਲ ਸੰਬੰਧਤ ਟੁੱਟੀਆਂ ਸੜਕਾਂ ਨੂੰ ਜਲਦੀ ਅਤੇ ਪਹਿਲ ਦੇ ਆਧਾਰ ਤੇ ਨਾ ਬਣਾਇਆ ਗਿਆ ਤਾਂ 10 ਦਿਨਾਂ ਬਾਅਦ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਨੂਰਮਹਿਲ-ਜਲੰਧਰ ਸੜਕ ਦਾ ਅਧੂਰਾ ਪਿਆ ਕੰਮ ਵੀ ਜਲਦੀ ਪੂਰਾ ਕੀਤਾ ਜਾਵੇ।