ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਸਾਫ਼-ਸੁਥਰੀਆਂ ਸੜਕਾਂ ਅੱਜ ਜਿੱਥੇ ਸਾਡੇ ਜੀਵਨ ਲਈ ਜੀਵਨ ਦਾਨ ਹਨ ਉੱਥੇ ਟੁੱਟੀਆਂ-ਭੱਜੀਆਂ ਸੜਕਾਂ ਸਾਡੇ ਜੀਵਨ ਲਈ ਜੀਵਨ ਕਾਲ ਵੀ ਹਨ। ਨੂਰਮਹਿਲ ਦੇ ਲੋਕ ਵੀ ਇਸੇ ਕਾਲ ਚੱਕਰ ਵਿੱਚ ਫਸੇ ਹੋਏ ਹਨ। ਨੂਰਮਹਿਲ ਦੀ ਜਲੰਧਰੀ ਚੂੰਗੀ ਤੋਂ ਮੁਹੱਲਾ ਜਲੰਧਰੀ ਗੇਟ ਤੱਕ ਜੋ ਸੀਮੈਂਟੇਡ ਸੜਕ ਬਣੀ ਹੋਈ ਹੈ ਉਸਦੀ ਹਾਲਤ ਬਹੁਤ ਤਰਸਯੋਗ ਹੈ।
ਅਨੇਕਾਂ ਸਕੂਲੀ ਬੱਚੇ, ਰਾਹਗੀਰ ਇਥੋਂ ਤੱਕ ਕਿ ਨਗਰ ਕੌਂਸਲ ਦੇ ਕੌਂਸਲਰ ਵੀ ਇਸ ਟੁੱਟੀ ਹੋਈ ਸੜਕ ਤੋਂ ਸੱਟਾਂ ਦਾ ਪ੍ਰਸ਼ਾਦ ਲੈ ਚੁੱਕੇ ਹਨ ਪਰ ਕਿਸੇ ਵੀ ਉਸ ਸਮੇਂ ਦੇ ਕੌਂਸਲਰ ਨੇ ਇਹ ਸੜਕ ਬਣਾਉਣ ਲਈ ਆਪਣੇ ਗਲੇ ਵਿੱਚੋ ਆਵਾਜ਼ ਨਹੀਂ ਕੱਢੀ। ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਸ਼ਹਿਰ ਨਿਵਾਸੀਆਂ ਦੇ ਇਸ ਦੁੱਖ ਨੂੰ ਦੂਰ ਕਰਨ ਕਈ ਵਾਰ ਕੱੜੜੇ ਸੰਘਰਸ਼ ਕੀਤੇ। ਉਸ ਸਮੇਂ ਦੇ ਪ੍ਰਧਾਨ ਜਗਤ ਮੋਹਨ ਸ਼ਰਮਾ ਅਤੇ ਮੀਤ ਪ੍ਰਧਾਨ ਨੂੰ ਰੋਸ ਪ੍ਰਦਰਸ਼ਨ ਰਾਹੀਂ ਇਸ ਸੜਕ ਨੂੰ ਬਣਾਉਣ ਦੇ ਉਪਰਾਲੇ ਕੀਤੇ ਗਏ ਪਰ ਕਿਸੇ ਵੀ ਕੌਂਸਲਰ ਦੇ ਕੰਨੀਂ ਜੂੰ ਨਹੀਂ ਸਰਕੀ।
ਬੀਤੇ ਦਿਨ ਇੱਕ ਸਾਬਕਾ ਕੌਸਲਰ ਦਾ ਪਰਿਵਾਰ ਇਸ ਟੁੱਟੀ ਸੜਕ ਕਾਰਣ ਹਾਦਸਾ ਗ੍ਰਸਤ ਹੋਇਆ ਜਿਸ ਵਾਰੇ ਮੁਹੱਲਾ ਨਿਵਾਸੀਆਂ ਨੇ ਨੰਬਰਦਾਰ ਅਸ਼ੋਕ ਸੰਧੂ ਨੂੰ ਜਾਣੂੰ ਕਰਵਾਇਆ। ਜਿਸਦਾ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਸਾਰੀ ਘਟਨਾ ਨੂੰ ਨੂਰਮਹਿਲ ਦੇ ਕਾਰਜ ਸਾਧਕ ਅਫ਼ਸਰ ਰਣਦੀਪ ਵੜੈਚ ਦੇ ਧਿਆਨ ਹਿਤ ਲਿਆਂਦਾ ਜਿਨ੍ਹਾਂ ਨੇ ਫੌਰੀ ਕਾਰਵਾਈ ਕਰਦਿਆਂ 24 ਘੰਟਿਆਂ ਵਿੱਚ ਸੜਕ ਵਿੱਚ ਪਏ ਟੋਇਆ ਦੀ ਸਮੱਸਿਆ ਦਾ ਹੱਲ ਇੰਟਰਲਾਕ ਟਾਇਲ ਲਗਾਕੇ ਕਰ ਦਿੱਤਾ। ਉਹਨਾਂ ਦੱਸਿਆ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੀ ਸੜਕ ਦੁਬਾਰਾ ਬਣਾ ਦਿੱਤੀ ਜਾਵੇਗੀ।
ਸੜਕ ਵਿੱਚ ਪਏ ਟੋਇਆ ਦੀ ਮੁਰੰਮਤ ਹੋਣ ਦੀ ਖੁਸ਼ੀ ਲੋਕਾਂ ਨੇ ਜੇਤੂ ਚਿਨ੍ਹ ਬਣਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਨੰਬਰਦਾਰ ਅਸ਼ੋਕ ਸੰਧੂ, ਵਰਿੰਦਰ ਕੋਹਲੀ, ਸ਼੍ਰੀਮਤੀ ਨਿਰਮਲਜੀਤ ਕੌਰ ਕੁੰਦੀ, ਲਾਇਨ ਬਬਿਤਾ ਸੰਧੂ, ਮੰਗਾ ਟੇਲਰ, ਦਿਨਕਰ ਸੰਧੂ, ਪਵਨ ਟੇਲਰ ਉਚੇਚੇ ਤੌਰ ਤੇ ਹਾਜ਼ਰ ਹੋਏ ਅਤੇ ਸਭ ਨੇ ਮਿਲਕੇ ਨੰਬਰਦਾਰ ਅਸ਼ੋਕ ਸੰਧੂ ਦਾ ਧੰਨਵਾਦ ਵੀ ਕੀਤਾ।