ਧਰਮਕੋਟ ਸਬ ਡਿਵੀਜ਼ਨ ’ਚ ਨਸ਼ਿਆਂ ਲਈ ਬਦਨਾਮ ਪਿੰਡ ਦੌਲੇਵਾਲਾ ਦਾ ਨੇੜਲਾ ਪਿੰਡ ਨੂਰਪੁਰ ਹਕੀਮਾਂ ਵੀ ਨਸ਼ਿਆਂ ਦੀ ਰਾਜਧਾਨੀ ਬਣ ਗਿਆ ਹੈ। ਨਸ਼ੇ ਵਿਕਰੀ ਦੀਆਂ ਵੀਡੀਓ ਵਾਇਰਲ ਹੋਣ ਮਗਰੋਂ ਪੁਲੀਸ ਦੀ ਨੀਂਦ ਖੁੱਲ੍ਹੀ ਹੈ। ਪੁਲੀਸ ਅਧਿਕਾਰੀ ਆਖ ਰਹੇ ਹਨ ਕਿ ਵੀਡੀਓ ਵਾਇਰਲ ਨਾਂ ਕਰਦੇ ਤਾਂ ਤਸਕਰ ਕਾਬੂ ਆ ਜਾਂਦੇ।
ਪਿੰਡ ਨੂਰਪੁਰ ਹਕੀਮਾਂ ’ਚ ਸ਼ਰੇਆਮ ਨਸ਼ਾ ਵਿਕਣ ਦੀਆਂ ਵੀਡੀਓ ਵਾਇਰਲ ਹੋਈਆਂ ਹਨ। ਪਿੰਡ ’ਚ ਪਹਿਰਾ ਦੇਣ ਵਾਲੇ ਨੌਜਵਾਨਾਂ ਵੱਲੋਂ ਕਾਬੂ ਕੀਤੇ ਨਸ਼ੇੜੀ ਨਸ਼ਾ ਵੇਚਣ ਵਾਲਿਆਂ ਦਾ ਨਾਂ ਵੀ ਦੱਸ ਰਹੇ ਹਨ। ਵੀਡੀਓ ਵਾਇਰਲ ਹੋਣ ਕਾਰਨ ਪੁਲੀਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ ਪਰ ਦੋ ਦਿਨਾਂ ਦੀ ਛਾਪੇਮਾਰੀ ਮਗਰੋਂ ਵੀ ਉਸਦੇ ਹੱਥ ਖਾਲੀ ਹਨ।
ਸਾਬਕਾ ਸਰਪੰਚ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ’ਚ ਸ਼ਰ੍ਹੇਆਮ ਵਿਕ ਰਹੇ ਨਸ਼ੇ ਕਾਰਨ ਲੋਕਾਂ ਨੇ ਇਕੱਠ ਕਰਕੇ ਨਸ਼ੇ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਵਿਉਂਤਬੰਦੀ ਕੀਤੀ ਹੈ।
ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਤੇ ਪਿੰਡ ਦੇ ਸਰਪੰਚ ਪਿੱਪਲ ਸਿੰਘ ਨੇ 3 ਮਹੀਨੇ ਪਹਿਲਾਂ ਪਿੰਡ’ਚ ਨਸ਼ੇ ਦੀ ਵਿਕਰੀ ਬਾਰੇ ਲਿਖਤੀ ਮੁੱਦਾ ਚੁੱਕਿਆ ਸੀ। ਵਾਇਰਲ ਵੀਡੀਓ ’ਚ ਕੁਝ ਨੌਜਵਾਨਾਂ ਵੱਲੋਂ ਇਸ ਪਿੰਡ ਦੇ ਮੋਹਤਬਰਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਤੋਂ ਖਰੀਦਣ ਦਾ ਦਾਅਵਾ ਕਰਨ ਉੱਤੇ ਸਰਪੰਚ ਨੇ ਕਿਹਾ ਕਿ ਇਹ ਸਿਆਸੀ ਰੰਜਿਸ਼ ਤਹਿਤ ਬਦਨਾਮ ਕਰਨ ਲਈ ਹੈ।
ਲੋਕਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਹੋਰਾਂ ਪਿੰਡਾਂ ਤੇ ਸ਼ਹਿਰਾਂ ਤੋਂ ਨੌਜਵਾਨ ਚਿੱਟਾ ਖਰੀਦਣ ਲਈ ਆਉਂਦੇ ਸਨ। ਇਹ ਨੌਜਵਾਨ ਪਿੰਡ ਵਿੱਚ ਹੀ ਨਸ਼ੇ ਦੇ ਟੀਕੇ ਲਾਉਂਦੇ ਸਨ ਤੇ ਉਹ ਪਿੰਡ ਵਾਸੀਆਂ ਦੇ ਪੀਣ ਵਾਲੇ ਸਾਫ ਪਾਣੀ ਦੀ ਬਣੀ ਟੈਂਕੀ ’ਚੋਂ ਸਰਿੰਜਾਂ ਭਰ ਕੇ ਟੀਕੇ ਲਗਾਉਂਦੇ ਸਨ ਪਰ ਸਰਕਾਰ ਜਾਂ ਪੁਲੀਸ ਨੇ ਇਨ੍ਹਾਂ ਨੂੰ ਨੱਥ ਨਹੀਂ ਪਾਈ ਜਿਸ ਤੋਂ ਅੱਕੇ ਪਿੰਡ ਦੇ ਨੌਜਵਾਨਾਂ ਨੇ ਪਿੰਡ ਵਿੱਚੋਂ ਚਿੱਟੇ ਰੂਪੀ ਨਸ਼ੇ ਨੂੰ ਖ਼ਤਮ ਕਰਨ ਲਈ ਬੀੜਾ ਚੁੱਕਿਆ ਹੈ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਦੇ ਚਾਰੇ ਪਾਸਿਆਂ ’ਤੇ ਨਾਕੇ ਲਾਏ ਗਏ ਹਨ ਤੇ ਪਿੰਡ ਵਿੱਚ ਨਸ਼ਾ ਲੈਣ ਵਾਲੇ ਕਿਸੇ ਵੀ ਨਸ਼ੇੜੀ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਸੁਪਰਡੈਂਟ ਆਫ਼ ਪੁਲੀਸ (ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਵੀਡੀਓ ਵਾਇਰਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡੀਐੱਸਪੀ. ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਨਸ਼ੇ ਰੋਕਣ ਲਈ ਪਿੰਡ ’ਚ ਇਕ ਕਮੇਟੀ ਬਣਾਈ ਗਈ ਸੀ। ਇਹ ਕਮੇਟੀ ਨੂੰ ਪਿੰਡ ਦੇ ਬਾਹਰ ਪਹਿਰਾ ਦੇਣ ਲਈ ਕਿਹਾ ਗਿਆ ਸੀ ਤੇ ਜਿਹੜੇ ਲੋਕ ਫੜ੍ਹੇ ਜਾਣਗੇ, ਉਨ੍ਹਾਂ ਦੀ ਵੀਡੀਓ ਉਹ ਪੁਲੀਸ ਨੂੰ ਦੇ ਦੇਣਗੇ, ਪਰ ਉਨ੍ਹਾਂ ਇਹ ਵੀਡੀਓ ਵਾਇਰਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ’ਚ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸਿਆ ਨਹੀਂ ਜਾਵੇਗਾ। ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਿੰਡ ’ਚ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕਰਨ ਲਈ ਮੀਟਿੰਗ ਕੀਤੀ ਗਈ ਹੈ।
INDIA ਨੂਰਪੁਰ ਹਕੀਮਾਂ ’ਤੇ ਲੱਗਿਆ ਨਸ਼ਿਆਂ ਦੀ ਵਿਕਰੀ ਦਾ ਦਾਗ