ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਪ੍ਰਕਿਰਿਆ ਵਿਚ ਸਹਿਯੋਗ ਦੇ ਮੰਤਵ ਨਾਲ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇਕ ਸਾਂਝੀ ਟੀਮ ਜਲਦੀ ਲੰਡਨ ਲਈ ਰਵਾਨਾ ਹੋਵੇਗੀ। ਮੋਦੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਲੰਡਨ ਦੀ ਅਦਾਲਤ ਵਿਚ ਸ਼ੁੱਕਰਵਾਰ ਨੂੰ ਹੋਵੇਗੀ ਤੇ ਜਾਂਚ ਏਜੰਸੀਆਂ ਦੀ ਸਾਂਝੀ ਟੀਮ ਇਸ ਦੌਰਾਨ ਸਥਾਨਕ ਅਥਾਰਿਟੀ ਦਾ ਸਹਿਯੋਗ ਕਰੇਗੀ। ਸੀਬੀਆਈ ਤੇ ਈਡੀ ਨਾਲ ਸਬੰਧਤ ਡਾਇਰੈਕਟਰ ਰੈਂਕ ਦੇ ਅਧਿਕਾਰੀ ਅੱਜ ਲੰਡਨ ਲਈ ਰਵਾਨਾ ਹੋ ਗਏ ਹਨ ਤੇ ਆਪਣੇ ਨਾਲ ਲੋੜੀਂਦੇ ਦਸਤਾਵੇਜ਼ ਲੈ ਕੇ ਜਾ ਰਹੇ ਹਨ। ਈਡੀ ਅਧਿਕਾਰੀ ਆਪਣੇ ਨਾਲ ਏਜੰਸੀ ਵੱਲੋਂ ਮੋਦੀ ਦੀ ਪਤਨੀ ਐਮੀ ਖ਼ਿਲਾਫ਼ ਦਾਖ਼ਲ ਕੀਤੀ ਤਾਜ਼ਾ ਚਾਰਜਸ਼ੀਟ ਤੇ ਹੋਰ ਕਾਗਜ਼ਾਤ ਲੈ ਕੇ ਜਾਵੇਗਾ। ਇਸ ਦੌਰਾਨ ਭਾਰਤੀ ਅਧਿਕਾਰੀ ਉੱਥੋਂ ਦੇ ਵੱਖ-ਵੱਖ ਅਫ਼ਸਰਾਂ ਨਾਲ ਮੁਲਾਕਾਤ ਵੀ ਕਰਨਗੇ ਤੇ ਉਨ੍ਹਾਂ ਨੂੰ ਨੀਰਵ ਤੇ ਉਸ ਦੇ ਪਰਿਵਾਰ ਨਾਲ ਸਬੰਧਤ ਮਾਮਲੇ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਸਬੂਤ ਵੀ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਮੋਦੀ ਤੇ ਉਸ ਦਾ ਰਿਸ਼ਤੇਦਾਰ ਮੇਹੁਲ ਚੌਕਸੀ ਭਾਰਤ ਵਿਚ ਬੈਂਕਿੰਗ ਧੋਖਾਧੜੀ ਦੇ ਦੋਸ਼ਾਂ ’ਚ ਘਿਰੇ ਹੋਏ ਹਨ। ਮੋਦੀ ਨੂੰ ਹਾਲ ਹੀ ਵਿਚ ਲੰਡਨ ’ਚ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਨੀਰਵ ਨੇ ਆਪਣੀ ਹਵਾਲਗੀ ਦਾ ਅਦਾਲਤ ਵਿਚ ਵਿਰੋਧ ਕੀਤਾ ਸੀ। ਜੱਜ ਨੇ ਮੋਦੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ 29 ਮਾਰਚ ਤੱਕ ਹਿਰਾਸਤ ਵਿਚ ਭੇਜ ਦਿੱਤਾ ਸੀ।
HOME ਨੀਰਵ ਖ਼ਿਲਾਫ਼ ਸੁਣਵਾਈ ’ਚ ਸਹਿਯੋਗ ਲਈ ਸੀਬੀਆਈ-ਈਡੀ ਟੀਮ ਲੰਡਨ ਰਵਾਨਾ