ਪੈਰਿਸ : ਨੀਦਰਲੈਂਡ, ਜਰਮਨੀ ਤੇ ਕ੍ਰੋਏਸ਼ੀਆ ਵਰਗੀਆਂ ਦਿੱਗਜ ਫੁੱਟਬਾਲ ਟੀਮਾਂ ਨੇ ਸ਼ਨਿਚਰਵਾਰ ਨੂੰ ਯੂਰੋ 2020 ਲਈ ਕੁਆਲੀਫਾਈ ਕਰ ਲਿਆ। ਨਾਲ ਹੀ ਆਸਟ੍ਰੀਆ ਨੇ ਵੀ ਅਗਲੇ ਸਾਲ 12 ਜੂਨ ਤੋਂ ਰੋਮ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ। 24 ਟੀਮਾਂ ਦੇ ਇਸ ਟੂਰਨਾਮੈਂਟ ਵਿਚ ਹੁਣ ਤਕ 16 ਟੀਮਾਂ ਕੁਆਲੀਫਾਈ ਕਰ ਚੁੱਕੀਆਂ ਹਨ। ਇਸ ਕਾਰਨ ਮੁੱਖ ਕੁਆਲੀਫਾਇੰਗ ਟੂਰਨਾਮੈਂਟ ਰਾਹੀਂ ਸਿੱਧਾ ਯੂਰੋ 2020 ਦੀ ਟਿਕਟ ਹਾਸਲ ਕਰਨ ਲਈ ਹੁਣ ਸਿਰਫ਼ ਚਾਰ ਸਥਾਨ ਖਾਲੀ ਰਹਿ ਗਏ ਹਨ। ਗਰੁੱਪ-ਸੀ ਤੋਂ ਕੁਆਲੀਫਾਈ ਕਰਨ ਲਈ ਨੀਦਰਲੈਂਡ ਦੀ ਟੀਮ ਨੂੰ ਇਕ ਅੰਕ ਦੀ ਲੋੜ ਸੀ ਤੇ ਉਸ ਨੇ ਬੇਲਫਾਸਟ ਵਿਚ ਨਾਰਦਨ ਆਇਰਲੈਂਡ ਨੂੰ ਗੋਲਰਹਿਤ (0-0) ਡਰਾਅ ‘ਤੇ ਰੋਕ ਕੇ ਕੁਆਲੀਫਾਈ ਕਰ ਲਿਆ। 2014 ਵਿਸ਼ਵ ਕੱਪ ‘ਚ ਤੀਜੇ ਸਥਾਨ ਤੋਂ ਬਾਅਦ ਨੀਦਰਲੈਂਡ ਦੀ ਟੀਮ ਪਹਿਲੀ ਵਾਰ ਕਿਸੇ ਵੱਡੇ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਵਿਚ ਕਾਮਯਾਬ ਰਹੀ ਹੈ। ਇਸੇ ਗਰੁੱਪ ਵਿਚ ਜਰਮਨੀ ਨੇ ਟੋਨੀ ਕਰੂਸ (55ਵੇਂ ਤੇ 83ਵੇਂ ਮਿੰਟ) ਦੇ ਦੋ ਗੋਲਾਂ ਦੀ ਮਦਦ ਨਾਲ ਬੇਲਾਰੂਸ ਨੂੰ 4-0 ਨਾਲ ਹਰਾ ਕੇ ਲਗਾਤਾਰ 13ਵੀਂ ਵਾਰ ਯੂਰੋ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਜਰਮਨੀ ਲਈ ਮੈਥੀਆਸ ਜਿੰਟੇਰ (41ਵੇਂ ਮਿੰਟ) ਤੇ ਲਿਓਨ ਗੋਰੇਜਕਾ (49ਵੇਂ ਮਿੰਟ) ਨੇ ਵੀ ਸਕੋਰ ਕੀਤੇ। ਇਸ ਦੌਰਾਨ ਜਰਮਨ ਕਪਤਾਨ ਮੈਨੂਲ ਨਾਇਰ ਨੇ ਇਕ ਸ਼ਾਨਦਾਰ ਬਚਾਅ ਵੀ ਕੀਤਾ। ਗਰੁੱਪ ਸੀ ਵਿਚ ਜਰਮਨੀ ਸੱਤ ਮੁਕਾਬਲਿਆਂ ਵਿਚ 18 ਅੰਕਾਂ ਨਾਲ ਚੋਟੀ ‘ਤੇ ਹੈ। ਗਰੁੱਪ-ਜੀ ‘ਚ ਨਾਰਥ ਮੇਸੋਡੋਨੀਆ ਨੂੰ 2-1 ਨਾਲ ਹਰਾ ਕੇ ਆਸਟ੍ਰੀਆ ਨੇ ਵੀ ਕੁਆਲੀਫਾਈ ਕੀਤਾ।
ਸਲੋਵਾਕੀਆ ਨੂੰ 3-1 ਨਾਲ ਹਰਾ ਕੇ ਕ੍ਰੋਏਸ਼ੀਆ ਨੂੰ ਮਿਲੀ ਟਿਕਟ
ਪਿਛਲੇ ਫੀਫਾ ਵਿਸ਼ਵ ਕੱਪ ਦੀ ਉੱਪ ਜੇਤੂ ਕ੍ਰੋਏਸ਼ੀਆ ਦੀ ਟੀਮ ਨੇ ਇਕ ਗੋਲ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸਲੋਵਾਕੀਆ ਨੂੰ 3-1 ਨਾਲ ਹਰਾ ਕੇ ਗਰੁੱਪ-ਈ ਤੋਂ ਯੂਰੋ ਚੈਂਪੀਅਨ ਸ਼ਿਪ ਲਈ ਕੁਆਲੀਫਾਈ ਕੀਤਾ। ਸਲੋਵਾਕੀਆ ਦੇ ਰਾਬਰਟ ਬੋਜੇਨਿਕ ਨੇ 32ਵੇਂ ਮਿੰਟ ਵਿਚ ਗੋਲ ਕਰ ਕੇ ਕ੍ਰੋਏਸ਼ੀਆ ਨੂੰ ਹੈਰਾਨ ਕੀਤਾ, ਪਰ ਦੂਜੇ ਅੱਧ ਵਿਚ ਨਿਕੋਲਾ ਬਲਾਸਿਕ (56ਵੇਂ ਮਿੰਟ), ਬਰੂਨੋ ਪਤਕੋਵਿਕ (60ਵੇਂ ਮਿੰਟ) ਤੇ ਇਵਾਨ ਪੇਰੇਸਿਕ (74ਵੇਂ ਮਿੰਟ) ਨੇ ਗੋਲ ਕਰ ਕੇ ਕ੍ਰੋਏਸ਼ੀਆ ਨੂੰ ਸ਼ਾਨਦਾਰ ਜਿੱਤ ਦਿਵਾਈ।