(ਸਮਾਜ ਵੀਕਲੀ)
-ਆਪਣੀ ਸੋਚ ਆਪਣਾ ਤਜਰਬਾ
ਨੀਂਦ ਨਾ ਆਉਣਾ ਅੰਤਰ ਰਾਸ਼ਟਰੀ ਸਮੱਸਿਆ ਬਣ ਗਈ ਹੈ l ਜਦੋਂ ਦੀ ਦੁਨੀਆਂ ਤੇ ਨੱਠ ਭੱਜ ਵਧੀ ਹੈ ਉਦੋਂ ਤੋਂ ਹੀ ਦੁਨੀਆਂ ਤੇ ਬਹੁਤ ਲੋਕ ਨੀਂਦ ਨਾ ਆਉਣ ਦੀ ਸ਼ਿਕਾਇਤ ਕਰਦੇ ਹਨ l
ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਤਾਂਘ ਅਤੇ ਰਾਤੋ ਰਾਤ ਅਮੀਰ ਬਣਨ ਦੀ ਇੱਛਾ ਇਨਸਾਨ ਨੂੰ ਅਰਾਮ ਦੀ ਜਿੰਦਗੀ ਜਿਉਣ ਨਹੀਂ ਦਿੰਦੀ l ਇਨਸਾਨ ਫੈਸਲਾ ਹੀ ਨਹੀਂ ਕਰ ਪਾਉਂਦਾ ਕਿ ਉਸ ਨੂੰ ਆਪਣੀ ਜਿੰਦਗੀ ਲਈ ਕੀ ਚਾਹੀਦਾ ਹੈ, ਕਦੋਂ ਚਾਹੀਦਾ ਹੈ ਅਤੇ ਕਿੰਨਾ ਚਾਹੀਦਾ ਹੈ?
ਨੀਂਦ ਨਾ ਆਉਣ ਵਾਲਿਆਂ ਵਿੱਚ ਗਰੀਬ, ਮੱਧ ਵਰਗ ਅਤੇ ਅਮੀਰ ਲੋਕ ਵੀ ਸ਼ਾਮਲ ਹਨ l
ਆਪਣਾ ਅਤੇ ਬੱਚਿਆਂ ਦਾ ਵਧੀਆ ਭਵਿੱਖ ਬਣਾਉਣ ਦੀ ਆਸ ਵਿੱਚ ਇਨਸਾਨ ਆਪਣਾ ਵਰਤਮਾਨ ਖਰਾਬ ਕਰ ਲੈਂਦਾ ਹੈ l ਜਦੋਂ ਉਸ ਨੂੰ ਇਸ ਖਰਾਬੀ ਦਾ ਪਤਾ ਲਗਦਾ ਹੈ ਤਾਂ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਭਾਵ ਪੁਲਾਂ ਥੱਲਿਓਂ ਪਾਣੀ ਲੰਘ ਚੁੱਕਾ ਹੁੰਦਾ ਹੈ ਜੋ ਵਾਪਸ ਨਹੀਂ ਮੁੜਨਾ ਹੁੰਦਾ l ਉਸ ਦੇ ਪੱਲੇ ਪਛਤਾਵਾ ਹੀ ਪੈਂਦਾ ਹੈ l
ਨੀਂਦ ਨਾ ਆਉਣ ਦੇ ਕਈ ਕਾਰਣ ਹੋ ਸਕਦੇ ਹਨ ਪਰ ਮੁੱਖ ਕਾਰਣ ਚਿੰਤਾ/ਫਿਕਰ ਹੁੰਦਾ ਹੈ l ਦਿਮਾਗੀ ਪ੍ਰੇਸ਼ਾਨੀ ਹੋਣਾ, ਕਿਸੇ ਦਵਾਈ ਦਾ ਮਾੜਾ ਅਸਰ ਹੋਣਾ, ਬਹੁਤ ਜਿਆਦਾ ਘੰਟੇ ਕੰਮ ਕਰਨ ਨਾਲ ਨਾ ਸੌਣ ਦੀ ਆਦਤ ਪਾ ਲੈਣੀ, ਸੌਣ ਤੋਂ ਪਹਿਲਾਂ ਮੋਬਾਇਲ ਵਰਤਦੇ ਰਹਿਣਾ, ਸੌਣ ਤੋਂ ਪਹਿਲਾਂ ਕੋਈ ਡਰਾਉਣੀ ਫਿਲਮ ਦੇਖ ਲੈਣੀ, ਜਿਆਦਾ ਮਿਰਚਾਂ ਮਸਾਲਿਆਂ ਵਾਲਾ ਖਾਣਾ ਖਾ ਕੇ ਸੌਣਾ, ਸੌਣ ਤੋਂ ਪਹਿਲਾਂ ਬਹੁਤ ਜਿਆਦਾ ਖਾ ਲੈਣਾ ਜਾਂ ਬਹੁਤ ਭੁੱਖੇ ਹੋਣਾ ਆਦਿ ਨੀਂਦ ਨਾ ਆਉਣ ਦੇ ਕਾਰਣ ਹੁੰਦੇ ਹਨ l
ਸੌਣ ਤੋਂ ਪਹਿਲਾਂ ਕਿਸੇ ਨਾਲ ਗੁੱਸੇ ਹੋਣਾ ਜਾਂ ਲੜ ਪੈਣਾ ਰਾਤ ਨੂੰ ਸੌਣ ਨਹੀਂ ਦਿੰਦਾ, ਮੈਗਨੀਜ਼ੀਅਮ ਦੀ ਘਾਟ ਕਰਕੇ ਵੀ ਨੀਂਦ ਨਹੀਂ ਆਉਂਦੀ ਹੈ l ਮੈਗਨੀਜ਼ੀਅਮ ਨਰਵਸ ਸਿਸਟਮ (Nervous System) ਨੂੰ ਸਪੋਰਟ ਕਰਦਾ ਹੈ ਅਤੇ ਘਾਟ ਪੂਰੀ ਹੋਣ ਤੇ ਨੀਂਦ ਆਉਣ ਲੱਗ ਪੈਂਦੀ ਹੈ l ਮੈਗਨੀਜ਼ੀਅਮ ਦੀ ਘਾਟ ਨਾਲ ਰਾਤ ਨੂੰ ਨਾੜਾਂ ਚੜ੍ਹਨ ਦੀ ਸਮੱਸਿਆ ਵੀ ਹੋ ਜਾਂਦੀ ਹੈ ਜਿਸ ਨਾਲ ਵਾਰ ਵਾਰ ਅੱਖ ਖੁੱਲ੍ਹ ਜਾਂਦੀ ਹੈ, ਸੌਣ ਤੋਂ ਪਹਿਲਾਂ ਚਾਹ ਜਾਂ ਕੌਫੀ ਪੀਣ ਨਾਲ ਵੀ ਨੀਂਦ ਨਹੀਂ ਆਉਂਦੀ ਅਤੇ ਪੇਟ ਵਿੱਚ ਗੈਸ ਭਰੇ ਹੋਣ ਨਾਲ ਵੀ ਨੀਂਦ ਨਹੀਂ ਆਉਂਦੀ l
ਕੁੱਝ ਲੋਕ ਜਦੋਂ ਆਪਣਾ ਕਾਰੋਬਾਰ ਖੋਲ੍ਹ ਲੈਂਦੇ ਹਨ ਤਾਂ ਕੋਸ਼ਿਸ਼ ਕਰਦੇ ਹਨ ਕਿ ਜਿਆਦਾ ਕੰਮ ਖੁਦ ਹੀ ਕੀਤਾ ਜਾਵੇ ਤਾਂ ਕਿ ਕਾਮਿਆਂ ਨੂੰ ਪੈਸੇ ਨਾ ਦੇਣੇ ਪੈਣ ਜਾਂ ਘੱਟ ਦੇਣੇ ਪੈਣ l ਭਾਵ ਉਹ ਬਹੁਤ ਪੈਸਾ ਕਮਾਉਣਾ ਚਾਹੁੰਦੇ ਹਨ ਪਰ ਦੂਜਿਆਂ ਨੂੰ ਦੇਣਾ ਹੀ ਨਹੀਂ ਚਾਹੁੰਦੇ l ਇਸ ਤਰਾਂ ਦਾ ਕਾਰੋਬਾਰ ਉਨ੍ਹਾਂ ਦੀ ਪਰਿਵਾਰਿਕ ਜਿੰਦਗੀ ਵੀ ਤਬਾਹ ਕਰ ਦਿੰਦਾ ਹੈ l ਇੱਕ ਕਹਾਵਤ ਹੈ ਕਿ “ਸੋਨੇ ਨੂੰ ਕੀ ਕਰਨਾ ਜਿਹੜਾ ਕੰਨਾਂ ਨੂੰ ਖਾਵੇ?” ਇਸ ਤਰਾਂ ਦੇ ਕਾਰੋਬਾਰ ਨਾਲੋਂ ਦੂਜੇ ਦੇ ਕੰਮ ਕਰਨਾ ਜਿਆਦਾ ਵਧੀਆ ਰਹਿੰਦਾ ਹੈ l
ਕੁੱਝ ਲੋਕ ਨਰਕ ਸਵਰਗ ਦੀ ਚਿੰਤਾ ਕਰਨ ਲੱਗ ਪੈਂਦੇ ਹਨ ਅਤੇ ਮਨ ਵਿੱਚ ਪਰਲੋਕ ਦਾ ਭਰਮ ਪਾਲਦੇ ਹਨ l ਕਈ ਮਰਨ ਤੋਂ ਬਾਦ ਜਮਾਂ ਦੀ ਮਾਰ ਤੋਂ ਡਰਨ ਦਾ ਭਰਮ ਪਾਲਣ ਲੱਗ ਪੈਂਦੇ ਹਨ l ਕਈਆਂ ਨੂੰ ਅਗਲੇ ਜਨਮ ਦਾ ਫਿਕਰ ਸੌਣ ਨਹੀਂ ਦਿੰਦਾ ਜਦ ਕਿ ਅਗਲਾ ਜਨਮ ਕਿਸੇ ਦਾ ਹੁੰਦਾ ਹੀ ਨਹੀਂ l
ਕੁੱਝ ਲੋਕ ਭੂਤਾਂ, ਚੁੜੇਲਾਂ, ਦੇਆਂ ਦੀਆਂ ਕਹਾਣੀਆਂ ਸੁਣਦੇ ਅਤੇ ਪੜ੍ਹਦੇ ਹਨ l ਉਨ੍ਹਾਂ ਨੂੰ ਰਾਤ ਨੂੰ ਉਹ ਕੁੱਝ ਹੀ ਦਿਖਾਈ ਦੇਣ ਲੱਗ ਪੈਂਦਾ ਹੈ ਜੋ ਉਹ ਦਿਨ ਵੇਲੇ ਪੜ੍ਹਦੇ ਜਾਂ ਸੁਣਦੇ ਹਨ l ਉਹ ਇਹ ਸਭ ਯਾਦ ਕਰਕੇ ਵਾਰ ਵਾਰ ਉੱਠਦੇ ਹਨ l
ਨੀਂਦ ਨਾ ਆਉਣਾ ਕਈ ਹੋਰ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਲੰਬਾ ਸਮਾਂ ਨੀਂਦ ਦੀਆਂ ਗੋਲੀਆਂ ਖਾ ਕੇ ਸੌਣਾ ਸਿਹਤ ਲਈ ਮਾੜਾ ਹੁੰਦਾ ਹੈ l
ਕਸਰਤ ਕਰਨੀ ਨੀਂਦ ਵਾਸਤੇ ਵਧੀਆ ਹੁੰਦੀ ਹੈ l ਜੇਕਰ ਦਿਨ ਵਿੱਚ 30 ਕੁ ਮਿੰਟ ਹੌਲੀ ਰਫਤਾਰ ਨਾਲ ਜਾਂ ਤੇਜ਼ ਰਫਤਾਰ ਨਾਲ ਦੌੜਦੇ ਹੋ ਤਾਂ ਇਹ ਸੌਣ ਲਈ ਅਤੇ ਸਿਹਤ ਲਈ ਬਹੁਤ ਵਧੀਆ ਹੈ l ਇਹ ਕਸਰਤ ਆਪਣੀ ਉਮਰ ਦੇ ਹਿਸਾਬ ਨਾਲ ਘੱਟ ਵੱਧ ਕੀਤੀ ਜਾ ਸਕਦੀ ਹੈ l ਜੇਕਰ ਇਹ ਕਸਰਤ ਨਹੀਂ ਕਰ ਸਕਦੇ ਤਾਂ ਹੋਰ ਕੋਈ ਵੀ ਕਸਰਤ ਕਰ ਸਕਦੇ ਹੋ l
ਸਾਇਕਲ ਚਲਾਉਣਾ ਬਹੁਤ ਵਧੀਆ ਕਸਰਤ ਹੈ ਜਿਸ ਨਾਲ ਗੋਡੇ ਵੀ ਕਾਫੀ ਮਜ਼ਬੂਤ ਰਹਿੰਦੇ ਹਨ ਪਰ ਜਿਵੇਂ ਜਿਵੇਂ ਇਨਸਾਨ ਕੋਲ ਪੈਸਾ ਆਉਂਦਾ ਹੈ ਉਹ ਸਾਇਕਲ ਛੱਡ ਕੇ ਕਾਰਾਂ ਵੱਲ ਭੱਜਦਾ ਹੈ l ਕੁੱਝ ਮੁਲਕਾਂ ਵਿੱਚ ਕਾਰ ਖਰੀਦਣਾ ਮਜ਼ਬੂਰੀ ਹੁੰਦੀ ਹੈ ਪਰ ਭਾਰਤ ਵਰਗੇ ਮੁਲਕ ਵਿੱਚ ਕਾਫੀ ਗਿਣਤੀ ਦਿਖਾਵੇ ਲਈ ਹੀ ਕਾਰਾਂ ਖਰੀਦਦੀ ਹੈ ਜਿਸ ਨਾਲ ਪੈਸੇ ਅਤੇ ਸਿਹਤ ਦੀ ਬਰਬਾਦੀ ਹੁੰਦੀ ਹੈ l
ਵੱਡੀ ਉਮਰ ਦੇ ਲੋਕ ਜਿਹੜੇ ਜਿਆਦਾ ਤੁਰ ਜਾਂ ਦੌੜ ਨਹੀਂ ਸਕਦੇ ਉਹ ਮਸਲ ਸਟਰੇਚ (Muscle Stretch) ਕਰਨ ਵਾਲੀਆਂ ਸੌਖੀਆਂ ਕਸਰਤਾਂ ਕਰ ਸਕਦੇ ਹਨ l ਇਨ੍ਹਾਂ ਵਾਸਤੇ ਕੋਈ ਖਰਚਾ ਵੀ ਨਹੀਂ ਆਉਂਦਾ l
ਨੀਂਦ ਨਾ ਆਉਣ ਦੀ ਹਾਲਤ ਵਿੱਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਪਰ ਦਵਾਈਆਂ ਤੋਂ ਬਚਣਾ ਚਾਹੀਦਾ ਹੈ l ਸਭ ਤੋਂ ਵਧੀਆ ਆਪਣੇ ਡਾਕਟਰ ਤੁਸੀਂ ਖੁਦ ਹੁੰਦੇ ਹੋ l ਆਪਣੀ ਨੀਂਦ ਨਾ ਆਉਣ ਦੇ ਕਾਰਣ ਖੁਦ ਲੱਭੋ l
ਜਿੰਦਗੀ ਇੱਕ ਵਾਰ ਮਿਲਦੀ ਹੈ l ਇਸ ਦਾ ਵੱਧ ਤੋਂ ਵੱਧ ਅਨੰਦ ਮਾਨਣਾ ਚਾਹੀਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly