ਰਈਆ (ਸਮਾਜਵੀਕਲੀ) : ਮਰਹੂਮ ਨਿਹੰਗ ਅਜੀਤ ਸਿੰਘ ਪੂਹਲਾ ਦੇ ਬਾਬਾ ਬਕਾਲਾ ਡੇਰੇ ‘ਤੇ ਅੱਜ ਤੜਕੇ ਸਾਢੇ ਕੁ ਤਿੰਨ ਵਜੇ ਦੇ ਕਰੀਬ ਨਿਹੰਗ ਰਣਜੀਤ ਸਿੰਘ ਰਣੀਆ ਵੱਲੋਂ ਕਬਜ਼ਾ ਕਰਨ ਦੀ ਨੀਯਤ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਚੱਲਣ ਨਾਲ ਤਿੰਨ ਨਿਹੰਗ ਸਿੰਘਾਂ ਦੇ ਜ਼ਖ਼ਮੀ ਹੋਣ ਦਾ ਪਤਾ ਚਲਿਆ ਹੈ।
ਇਸ ਘਟਨਾ ਤੋ ਬਾਅਦ ਡੀ.ਐੱਸ.ਪੀ. ਬਾਬਾ ਬਕਾਲਾ ਹਰਕਿਸ਼ਨ ਸਿੰਘ ਅਤੇ ਐੱਸ.ਐੱਚ.ਓ. ਕਿਰਨਦੀਪ ਸਿੰਘ ਬਿਆਸ ਭਾਰੀ ਪੁਲੀਸ ਫੋਰਸ ਨਾਲ ਘਟਨਾ ਸਥਾਨ ’ਤੇ ਪੁੱਜੇ। ਪੁਲੀਸ ਨੇ ਨਿਹੰਗ ਰਣਜੀਤ ਸਿੰਘ ਰਣੀਆ ਅਤੇ ਉਸ ਦੇ ਹੋਰਨਾਂ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਕ ਨਿਹੰਗ ਸਿੰਘ ਦੀ ਕਥਿਤ ਮੌਤ ਹੋ ਗਈ ਹੈ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਡੀ.ਐੱਸ.ਪੀ. ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਨਿਹੰਗ ਰਣਜੀਤ ਸਿੰਘ ਰਣੀਆ ਪੁੱਤਰ ਨਾਜ਼ਰ ਸਿੰਘ, ਵਾਸੀ ਬਸਰਾਵਾਂ (ਗੁਰਦਾਸਪੁਰ) ਨੇ ਆਪਣੇ ਹੋਰਨਾਂ ਸਾਥੀਆਂ ਸਮੇਤ ਮਰਹੂਮ ਨਿਹੰਗ ਅਜੀਤ ਸਿੰਘ ਪੂਹਲਾ ਦੇ ਬਾਬਾ ਬਕਾਲਾ ਸਾਹਿਬ ਡੇਰੇ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕੀਤਾ, ਜਿਸ ਵਿੱਚ ਦੋਵਾਂ ਧਿਰਾਂ ਵਿੱਚ ਚੱਲੀ ਗੋਲੀ ਦਰਮਿਆਨ ਤਿੰਨ ਨਿਹੰਗ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਰਣਜੀਤ ਸਿੰਘ ਰਣੀਆ ਸਮੇਤ 7-8 ਹੋਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ।