ਬਟਾਲਾ (ਸਮਾਜ ਵੀਕਲੀ): ਇੱਥੇ ਅੱਜ ਨਿਹੰਗ ਸਿੰਘਾਂ ਦੀ ਇੱਕ ਧਿਰ ਵੱਲੋਂ ਦੂਜੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਤਰਨਾ ਦਲ ਦੇ ਮੁਖੀ ਬਾਬਾ ਨਰਿੰਦਰ ਸਿੰਘ ਮਾਨ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਹੰਗ ਨਰਿੰਦਰ ਸਿੰਘ ਮਾਨ ਹਮਲਾਵਰ ਧਿਰ ਦੇ ਨਿਹੰਗਾਂ ਨੂੰ ਗੁਰਦੁਆਰੇ ਵਿੱਚ ਭੰਗ ਦਾ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਦਾ ਸੀ, ਜਿਸ ਦੀ ਰੰਜਿਸ਼ ਤਹਿਤ ਉਨ੍ਹਾਂ ਨੇ ਨਰਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ। ਨਰਿੰਦਰ ਸਿੰਘ ਦੇ ਸਾਥੀ ਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਦੋਵੇਂ ਸਰਕੁਲਰ ਰੋਡ ’ਤੇ ਸਥਿਤ ਇੱਕ ਬੱਚਿਆਂ ਵਾਲੇ ਹਸਪਤਾਲ ਨੇੜੇ ਖੜ੍ਹੇ ਸਨ।
ਇਸ ਦੌਰਾਨ ਦੂਜੀ ਧਿਰ ਦੇ ਕਰੀਬ 15-20 ਨਿਹੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਰਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿੱਚ ਉਸ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮ੍ਰਿਤਕ ਨਿਹੰਗ ਬਾਬਾ ਬੰਦਾ ਸਿੰਘ ਬਹਾਦਰ ਤਰਨਾ ਦਲ ਦਾ ਮੁਖੀ ਸੀ ਅਤੇ ਉਹ ਦੂਸਰੀ ਜਥੇਬੰਦੀ ਦੇ ਨਿਹੰਗਾਂ ਨੂੰ ਗੁਰਦੁਆਰੇ ਵਿੱਚ ਭੰਗ ਦਾ ਨਸ਼ਾ ਕਰਨ ਤੋਂ ਰੋਕਦਾ ਸੀ। ਇਸੇ ਕਾਰਨ ਉਸ ’ਤੇ ਹਮਲਾ ਹੋਇਆ।
ਥਾਣਾ ਸਿਟੀ ਦੇ ਮੁਖੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮੇਜਰ ਸਿੰਘ ਅਤੇ ਸਾਹਿਬ ਸਿੰਘ ਤੋਂ ਇਲਾਵਾ ਕਰੀਬ 13 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly