ਮਾਲਦਾ (ਸਮਾਜਵੀਕਲੀ): ਚੱਕਰਵਾਤੀ ਤੂਫ਼ਾਨ ‘ਨਿਸਰਗਾ’, ਜੋ ਕਿ ਘੱਟ ਦਬਾਅ ਵਾਲੇ ਖੇਤਰ ’ਚ ਬਦਲ ਗਿਆ ਹੈ, ਅੱਜ ਸ਼ਾਮ ਮੱਧ ਪ੍ਰਦੇਸ਼ ’ਚ ਦਾਖ਼ਲ ਹੋ ਗਿਆ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਦੇ ਅਧਿਕਾਰੀਆਂ ਅਨੁਸਾਰ ‘ਨਿਸਰਗਾ’ ਦੇ ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ’ਚ ਪਹੁੰਚਣ ਦੀ ਸੰਭਾਵਨਾ ਸੀ। ਇਸੇ ਦੌਰਾਨ ਤੂਫ਼ਾਨ ਕਾਰਨ ਮਹਾਰਾਸ਼ਟਰ ਵਿੱਚ 4 ਤੇ ਪੱਛਮੀ ਬੰਗਾਲ 3 ਵਿਅਕਤੀਆਂ ਦੇ ਮਰਨ ਨਾਲ ਮੌਤਾਂ ਦੀ 7 ਹੋ ਗਈ ਹੈ।
ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ਤੂਫ਼ਾਨ ਤੇ ਅਸਮਾਨੀ ਬਿਜਲੀ ਲਿਸ਼ਕਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਅਸਮਾਨੀ ਬਿਜਲੀ ਪੈਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਇੱਕ ਔਰਤ ਦੀ ਕਰੰਟ ਲੱਗਣ ਕਾਰਨ ਅਤੇ ਪੁਣੇ ਜ਼ਿਲ੍ਹੇ ’ਚ ਲੰਘੇ ਦਿਨ ਕੰਧ ਡਿੱਗਣ ਕਾਰਨ ਜ਼ਖ਼ਮੀ ਹੋਏ 35 ਸਾਲਾ ਵਿਅਕਤੀ ਦੀ ਅੱਜ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਤੂਫ਼ਾਨ ਕਾਰਨ ਪੁਣੇ ਜ਼ਿਲ੍ਹੇ ਵਿੱਚ ਹੋਈ ਇਹ ਤੀਜੀ ਮੌਤ ਹੈ।
ਰਾਏਗੜ੍ਹ ਜ਼ਿਲ੍ਹੇ ’ਚ ਵੀ ਬੁੱਧਵਾਰ ਟਰਾਂਸਫਾਰਮਰ ਡਿੱਗਣ ਨਾਲ 52 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਵੇਦਪ੍ਰਕਾਸ਼ ਸਿੰਘ ਨੇ ਦੱਸਿਆ ਕਿ ਗੁਆਂਢੀ ਸੂਬੇ ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼ ’ਚ ਦਾਖ਼ਲ ਹੋਣ ਤੱਕ ਤੂਫ਼ਾਨ ਕਮਜ਼ੋਰ ਹੋ ਚੁੱਕਾ ਹੈ। ਇਸ ਦੀ ਰਫ਼ਤਾਰ ਕਾਫ਼ੀ ਘਟ ਗਈ ਹੈ।
ਬੁੱਧਵਾਰ ਨੂੰ ਮੱਧ ਪ੍ਰਦੇਸ਼ ’ਚ ਕਈਂ ਥਾਈਂ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋਈ ਸੀ। ਇਸੇ ਦੌਰਾਨ ਸੂਬਾ ਸਰਕਾਰ ਨੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੀ ਹਦਾਇਤ ਅਤੇ ਇੰਦੌਰ ਸਣੇ ਕੁਝ ਜ਼ਿਲ੍ਹਿਆਂ ’ਚ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ।