ਨਿਸ਼ਾਨ.. ਚੌਰਾਸੀ ਕਾ.. ਇਹ ਮਿਟ ਨਹੀਂ ਸਕਤਾ 

ਸ. ਦਲਵਿੰਦਰ ਸਿੰਘ ਘੁੰਮਣ

(ਸਮਾਜ ਵੀਕਲੀ)

ਸੰਪੂਰਨ ਸਿੰਘ ਜੋ ਫਿਲਮੀ ਨਾਮ ਗੁਲਜਾਰ ਨਾਲ ਪ੍ਰਸਿਧ ਲੇਖਕ, ਕਵੀ ਹਨ ਜਿਸ ਨੇ ਸੰਨ ਚੌਰਾਸੀ ਦੇ ਦੁਖਾਂਤ ਨੂੰ ਛੋਟੀ ਕਵਿਤਾ ਦੇ ਰੂਪ ਵਿਚ ਬਿਰਤਾਂਤ ਕੀਤਾ ਹੈ,

“ਪਾਸਪੋਰਟ ਕਮਿਸ਼ਨਰ ਨੇ ਦਰਖਾਸਤ ਸੇ ਸਿਰ ਉਠਾ ਕਰ ਪੁਛਾ…..

ਕੋਈ ਤਿਲ !…ਕੋਈ ਮੱਸਾ !….ਕੋਈ ਜਨਮ ਨਿਸ਼ਾਨੀ, ਕੋਈ !…… ਕੋਈ ਨਿਸ਼ਾਨੀ ਜੋ ਮਿਟ ਨਾ ਸਕੇ….”। ਚੰਦ ਮਿਨਟ ਕੁਛ ਸੋਚਾ, ਫਿਰ ਸਰਦਾਰ ਨੇ ਯਕਦਮ ਸ਼ਰਟ ਉਤਾਰੀ….! ” ਜਿਹ ਆਗ ਕਾ ਇਕ ਨਿਸ਼ਾਨ ਹੈ ਸਰ ਜੀ…. ਸੰਨ ਚੌਰਾਸੀ ਕਾ !….ਇਹ ਮਿਟ ਨਹੀਂ ਸਕਤਾ”।

ਇਸੇ ਤਰ੍ਹਾਂ ਲਹਿੰਦੇ ਪੰਜਾਬ ਦੇ ਕਵੀ, ਲੇਖਕ ਅਫਜ਼ਲ ਹੁਸੈਨ ਰੰਧਾਵਾ ਵਲੋਂ ਚੌਰਾਸੀ ਵਿਚ ਦਰਬਾਰ ਸਾਹਿਬ ਤੇ ਹਮਲੇ ਸਬੰਧੀ ਲਿਖੀ ਕਵਿਤਾ ” ਅੱਜ ਵੈਰੀ ਕੱਢ ਵਿਖਾਇਆ, ਪੰਜ ਸਦੀਆਂ ਦਾ ਵੈਰ ” ਨੇ ਬਿਪਰਵਾਦ ਦੀ ਅਸਲ ਮੰਨਸ਼ਾ ਨੂੰ ਪੂਰਾ ਨਿਆਂ ਦੇ ਕੇ ਲਿਖਿਆ। ਦੂਜੇ ਪਾਸੇ ਚੜਦੇ ਪੰੰਜਾਬ ਦੇ ਵੱਡੇ ਵੱਡੇ ਲੇਖਕਾਂ ਦੀ ਕਲਮ ਨੂੰ ਸਿਆਹੀ ਨਹੀਂ ਮਿਲੀ। ਕੁਝ ਐਵਾਰਡਾਂ ਦੀ ਭੁੱਖ ਦਾ ਸ਼ਿਕਾਰ ਹੋ ਗਏ। ਸੱਚ ਬੋਲਣਾ ਹੀ ਸਭ ਤੋ ਵੱਡਾ ਡਰ ਬਣ ਗਿਆ।… ਪਰ ਜੇ ਕਲਮ ਵੀ ਭੈਅ ਮੰਨਣ ਲੱਗ ਪਵੇ ਤਾਂ ਲੋਕ ਅਵਾਜ਼ ਦੇ ਦੱਬਣ ਨਾਲ ਵਿਦਰੋਹ ਉੱਠਣ ਦੇ ਅਸਾਰ ਪੈਦਾ ਹੋ ਜਾਂਦੇ ਹਨ !  ਲੇਖਕਾਂ, ਵਿਦਵਾਨਾਂ ਨੇ ਜੋ ਉਠੇ ਸ਼ੰਘਰਸ਼ ਨੂੰ ਵਿਚਾਰਨਾ ਸੀ ਉਸ ਦੀ ਪਾਰਦਰਸ਼ਤਾ ਕਰਨੀ ਸੀ। ਅਸਲ ਮਕਸਦ ਨੂੰ ਸਰਕਾਰਾਂ ਅਤੇ ਸੰਘਰਸ਼ ਦੇ ਸੱਚ ਨੂੰ ਦੁਨੀਆਂ ਸਾਹਮਣੇ ਰੱਖਣਾ ਸੀ ਉਸ ਤੋ ਖੁੰਝ ਜਾਣ ਨਾਲ ਉਹ ਸਦਾ ਦੋਸ਼ੀ ਰਹਿਣਗੇ।

ਸੰਨ ਉੰਨੀ ਸੌ ਚੌਰਾਸੀ ਸਿੱਖਾਂ ਅਤੇ ਪੰਜਾਬ ਦੀ ਭਿਆਨਕ ਤਰਾਸਦੀ ਦਾ ਉਹ ਮੋੜ ਸੀ ਜੋ ਦੁਨੀਆਂ ਵਿਚ ਨਾ-ਮਾਤਰ ਜਨਸੰਖਿਆ ਵਿਚ ਵਿਚਰਦੀ ਸਿੱਖ ਕੌਮ ਲਈ ਅੱਭੂਲ, ਅਕਹਿ ਅਤੇ ਅਸਿਹ ਯਾਦ ਬਣ ਗਈ। ਸਿੱਖਾਂ ਨੂੰ ਨਕਸ਼ੇ ਤੇ ਪਹਿਚਾਣਿਆ ਜਾਣ ਲੱਗਾ। ਦੁਨੀਆਂ ਦੀਆਂ ਸ਼ਬਦ ਕੋਸ਼ਾਂ ਵਿਚ ਸਿੱਖ ਸ਼ਬਦ ਨੂੰ ਉੰਨੀ ਸੋ ਚੌਰਾਸੀ ਸੰਨ ਨਾਲ ਪਰਭਾਸ਼ਿਤ ਕਰਨ ਲਈ ਵਰਤਿਆ ਜਾਣ ਲੱਗਾ। ਹਰ ਸਾਲ ਚੌਰਾਸੀ ਦਾ ਨਵੀ ਕਿਸਮ ਨਾਲ ਮੁੱਲਾਂਕਣ ਹੁੰਦਾ ਹੈ। ਹਰ ਸਾਲ ਨਵੇ ਤੱਥ ਜੁੜਦੇ ਹਨ। ਇਵੇਂ ਹੀ ਯਹੂਦੀ ਕੌਮ ਦੀ ਵੱਡੀ ਪਹਿਚਾਣ ਉਹਨਾਂ ਨਾਲ ਹੋਇਆ ਵੱਡਾ ਮਨੁੱਖੀ ਘਾਣ ਸੀ । ਵੱਡੇ ਬਿਖੜੇ ਪੈਡਿਆਂ ਦੀ ਮੁਹਾਰਤੀ ਰਾਹ ਤੁਰਦੀ ਸਿੱਖ ਕੌਮ ਦੀ ਸਿਧਾਧਕ ਸੋਚ ਨੂੰ ਭਾਵੇ ਵੱਖ ਵੱਖ ਸਮਿਆਂ ਵਿਚ ਹਕੂਮਤਾਂ ਨੇ ਲਤਾੜਿਆ, ਕੌਇਆ, ਮਾਰਿਆ ਪਰ ਬਿਨਾਂ ਕਿਸੇ ਰਾਜ ਤੋ ਨਿਰੋਲ ਗੁਰੂ ਆਸਰੇ ਨਾਲ ਮਸਤੀ ਚਾਲੇ ਚੱਲਦੀ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਦਿਆਂ ਅੱਜ ਤੱਕ ਦਾ ਸਫਰ ਤੈਅ ਕੀਤਾ। ਗੁਰੂ ਦਾ ਹੁਕਮ ਜਾਣ ਕੇ ਹਰ ਸਿੱਖ ਨੇ ” ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ “। ਦੇ ਦੋਹਰੇ ਪੜਦਿਆਂ ਗੁਰੂ ਆਸ਼ੇ ਅਨੁਸਾਰ ਆਜ਼ਾਦੀ ਦੀ ਤਾਂਘ ਨੂੰ ਕਦੇ ਮਰਨ ਨਹੀਂ ਦਿੱਤਾ।

ਗੁਰੂ ਫਲਸਫੇ ਨੇ ਅਣਖ ਗੈਰਤ ਦੀ ਲੜਾਈ ਦੇ ਨਾਲ ਨਾਲ ਸਬਰ, ਸੰਤੋਖ ਦੀ ਵੀ ਮਿਸਾਲ ਕਾਇਮ ਕੀਤੀ।  ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ  ” ਬਾਬਰ ਤੂੰ ਜ਼ਾਬਰ ” ਕਹਿਣ ਤੋ ਲੈ ਕੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ” ਜ਼ਫਰਨਾਮਾ ” ਲਿਖਣ ਤੱਕ ਹੱਕ ਸੱਚ, ਇੰਨਸਾਫ ਲਈ ਪਾਈ ਲਲਕਾਰ ਨੂੰ ਸਿੱਖਾਂ ਨੇ ਹਿੱਕਾਂ ਡਾਹ ਕੇ ਲੜਿਆ। ਗੁਰੂ ਸਿਧਾਂਤਾ ਨੂੰ ਕਦੇ ਮਰਨ ਨਹੀ ਦਿੱਤਾ। ਜ਼ਬਰ ਅੱਗੇ ਸਬਰ ਦੀ ਮਿਸਾਲ ਗੁਰੂ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੁ ਅਰਜਨ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀਆ ਦੇ ਕੇ ” ਤੇਰਾ ਭਾਣਾ ਮੀਠਾ ਲਾਗੈ ”  ਦਾ ਮਾਰਗ ਦੱਸਿਆ।

ਚੌਰਾਸੀ ਵਿਚ ਜੂਨ ਜਾਂ ਨਵੰਬਰ ਦਾ ਬਣਨਾ ਇਤਫਾਕ ਜਾਂ ਕਿਸੇ ਇਕ ਘਟਨਾਕ੍ਰਮ ਵਿਚੋ ਉਭਰੀ ਕੋਈ ਵਿਵਸਥਾ ਨਹੀਂ ਸੀ। ਸਗੋਂ ਗੁਰੂ ਕਾਲ ਦੇ ਮੁੱਢਲੇ ਸੁਰੂਆਤੀ ਸਮੇਂ ਨੂੰ ਹਕੂਮਤੀ ਜ਼ਬਰ ਵਲੋਂ ਅਸੂਲੀ ਜੰਗ ਨੂੰ ਦੱਬਣ, ਕੁਚਲਣ ਦੀਆਂ ਚਾਲਾਂ ਦਾ ਨਾ ਮੁੱਕਣ ਵਾਲਾ ਕਹਿਰ ਸੀ। ਜੋ ਨਿਰੰਤਰ ਬਦਲਵੇਂ ਰੂਪਾਂ ਵਿਚ ਸਾਮ੍ਹਣੇ ਆਉਂਦਾ ਰਿਹਾ ਹੈ। ਮੌਜੂਦਾ ਹਾਲਾਤਾਂ ਤੱਕ ਤਾਕਤਾਂ ਵਿੱਚ ਵੱਡਾ ਕੋਈ ਫਰਕ ਨਜ਼ਰ ਨਹੀਂ ਆਉਂਦਾ।

ਭਾਰਤ ਦੀ ਆਜ਼ਾਦੀ ਵਿਚ ਨਿਭਾਈਆਂ ਵਫਾਦਾਰੀਆਂ ਨੇ ਸੰਤਾਲੀ ਦੀ ਬਾਂਦਰ ਵੰਡ ਦੀ ਚਾਣਕਿਆ ਨੀਤੀ ਨੇ ਸਿੱਖਾਂ ਵਿਚ ਬੇ-ਵਿਸ਼ਵਾਸੀ ਦਾ ਮੁੱਢ ਬੰਨ੍ਹਿਆ। ਕੇਂਦਰੀ ਸਿਆਸਤ ਨੇ ਸਿੱਖਾਂ ਨੂੰ ਬਣੇ ਬਣਾਏ ਲੀਡਰਾਂ ਦੀ ਸਪਲਾਈ ਸੁਰੂ ਕੀਤੀ। ਪੰਜਾਬ ਵਿੱਚ ਉਸ ਲੀਡਰ ਨੂੰ ਉਭਾਰਿਆ ਜਾਣ ਲੱਗਾ ਜਾਂ ਸਿਆਸੀ ਵਾਂਗਡੋਰ ਦਿੱਤੀ ਜਾਣ ਲੱਗੀ ਜੋ ਪੰਜਾਬ ਦੇ ਹੱਕਾਂ ਨੂੰ ਪਿੱਠ ਦੇ ਕੇ ਦਿੱਲੀ ਦੀ ਜੀ ਹਜ਼ੂਰੀ ਕਬੂਲਦਾ ਹੋਵੇ।

ਲੀਡਰਾਂ ਦੀ ਉੱਚ ਪੱਧਰੀ ਸੋਚ ਨਾ ਹੋਣਾ, ਚੰਗੀ ਰਣਨੀਤੀ ਤੋ ਸੱਖਣੇ ਫੈਸਲੇ ਕੌਮ ਲਈ, ਪੰਜਾਬ ਲਈ ਕੋਈ ਲੰਮੀ ਛਾਲ ਨਾ ਮਾਰ ਸਕੇ।

ਚਲਾਕ ਸਿਆਸੀ ਨੀਤੀਆਂ ਸਾਹਮਣੇ ਸਿੱਖਾਂ ਲੀਡਰਾਂ ਦਾ ਖਸੀਆਰੇ ਬਣੇ ਵੇਖ ਇਕ ਜ਼ੁਝਾਰੂ ਆਗੂ ਦੀ ਤਪਸ਼ ਵਧਣੀ ਸੁਰੂ ਹੋਈ। ਇਕ ਨਵੀਂ ਸਿੱਖ ਸਿਆਸਤ ਦੀ ਸੁਰੂਆਤ ਹੋਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੌਮ ਨਾਲ ਹੋ ਰਹੀਆਂ ਦੁਸ਼ਵਾਰੀਆਂ ਲਈ ਅੱਗੇ ਲੱਗ ਕੇ ਹਕੂਮਤ ਨਾਲ ਸਿੱਧੀ ਲੜਾਈ ਦੇ ਸੰਕੇਤ ਦਿੱਤੇ। ਉਹਨਾਂ ਦੀਆਂ ਟਕਸਾਲ ਦੇ ਮੁੱਖੀ ਦੇ ਰੂਪ ਵਿਚ ਪਹਿਲੇ ਹੀ ਦਿਨ ਬਾਗੀ ਸੁਰਾਂ ਦਿੱਸਣ ਲੱਗ ਪਈਆਂ ਸਨ। ਧਾਰਮਿਕ ਅਤੇ ਰਾਜਨੀਤੀ ਵਿਚ ਪੱਕੀ ਅਤੇ ਦ੍ਰਿੜ ਪਕੜ ਸੀ। ਸੰਤਾ ਦੀ ਸਚਾਈ ਨਾਲ ਕਹੀ ਹਰ ਗੱਲ ਸਿੱਖਾਂ ਵਿਚ ਪ੍ਰਵਾਨ ਹੋੋੋਣ ਲੱਗੀ। ਹਰ ਵਰਗ ਦੇ ਲੋਕਾਂ ਵਿਚ ਇਕ ਆਕਰਸ਼ਕ ਖਿੱਚ ਵਧਣੀ ਸੁਰੂ ਹੋਈ। ਜਿਸ ਦੇ ਨਾਲ ਨਾਲ ਵਕਤੀ ਸਿੱਖ ਲੀਡਰਸ਼ਿਪ ਸਿਆਸਤ ਵਿੱਚੋ ਦਿਨੋਂ ਦਿਨ ਬੋਂਣੀ ਹੁੰਦੀ ਗਈ। ਸਿੱਖਾ ਵਿੱਚ ਆਪਣੀ ਸਾਖ ਗੁਆ ਚੁੱਕੇ ਲੀਡਰਾਂ ਦੀਆਂ ਕੌਮ ਵਿਰੋਧੀ ਚਾਲਾਂ ਕੇਂਦਰ ਵਿਚ ਸਰਕਾਰਾਂ ਅੱਗੇ ਡੰਡੋਤ ਕਰਨ ਲੱਗੀਆਂ। ਸੱਤਾ ਪ੍ਰਾਪਤੀ ਲਈ ਦਿੱਲੀ ਵਿੱਚ ਆਪਣੀ ਵਿਲੱਖਣਤਾ ਨੂੰ ਗੂਆ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਰਿਸ ਆਖਿਰ ਪਰਿਵਾਰਾਂ ਤੱਕ ਸੀਮਿਤ ਹੋ ਗਏ। ਮੂਲੋਂ ਭੁੱਲ ਗਏ ਕਿ ਜੋ ਅਸੀ ਨਹੀਂ ਕਰ ਸਕੇ ਉਹ ਸੰਤਾਂ ਦਾ ਸਾਥ ਦੇ ਕੇ ਆਪਣੀ ਆਜ਼ਾਦ ਹਸਤੀ ਨਾਲ ਮਾਣ ਸਨਮਾਨ ਨਾਲ ਜਿਉਣ ਦਾ ਰੁਤਬਾ ਹਾਸਲ ਕਰਨ ਵਿਚ ਸਾਥ ਦਈਏ।

ਸੰਤਾਂ ਪਾਰਖੂ ਨਜ਼ਰ ਅਤੇ ਸੋਚ ਨੇ ਲੋਕਾਂ ਵਿਚ ਇਹ ਚੇਤਨਾ ਨੂੰ ਜਗਾ ਦਿੱਤਾ ਕਿ ਰਾਜ ਤੋ ਬਿਨਾਂ ਕੌਮ ਦਾ ਜਿਉਣਾ ਦੁੱਭਰ ਹੈ। ਇਸ ਲਈ ” ਕੋਈ ਕਿਸੀ ਕੋ ਰਾਜ ਨਾ ਦੇਹ ਹੈ, ਜੋ ਲੇ ਹੇ ਨਿੱਜ ਬਲ ਸੇ ਲੇ ਹੈ ” ਦੇ ਧਾਰਨੀ ਹੋ ਅਜ਼ਾਦ ਰਾਜ ਦੀ ਨੀਂਹ ਰੱਖਣ ਦੀ ਲੋੜ ਤੇ ਜੋਰ ਦਿੱਤਾ। ਚੌਰਾਸੀ ਵਿੱਚ ਦਰਬਾਰ ਸਾਹਿਬ ਉਪਰ ਹਮਲੇ ਨੇ ਸਿੱਖਾ ਵਿੱਚ ਰਾਜ ਲਈ ਪ੍ਰੱਬਲ ਇੱਛਾ ਪੈਦਾ ਕੀਤੀ। ਹਜਾਰਾਂ ਮਰਜੀਵੜੇ ਆਪਣੀ ਆਹੁਤੀ ਦੇਣ ਲਈ ਤਿਆਰ ਹੋ ਗਏ।

ਇਹ ਗੱਲ ਪੱਕੀ ਹੈ ਸੰਤਾਂ ਨੇ ਜੋ ਪਿਛਲੇ ਸਾਰੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਇਕ ਇਨਕਲਾਬੀ ਲਹਿਰ ਪੈਦਾ ਕੀਤੀ ਉਹ ਕੋਈ ਅਚੰਭੇ ਤੋ ਘੱਟ ਨਹੀਂ। ਗੌਰਵਮਈ ਸਿੱਖ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਆਪਣੇ ਬੋਲਾਂ ਉੱਤੇ ਪੂਰੇ ਉਤਰੇ।

ਹਮਲੇ ਲਈ ਜੂਨ ਦੇ ਪਹਿਲੇ ਹਫਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਚੁਣਨਾ ਮੰਨੂਵਾਦ ਦਾ ਸਿੱਖਾ ਉਪਰ ਵੱਡਾ ਕਹਿਰ ਸੀ। ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਨੂੰ ਭਾਰੀ ਨੁਕਸਾਨ ਨਾਲ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਣਾ ਅਤੇ ਸਾੜਨਾਂ ਇਤਿਹਾਸ ਨੂੰ ਖਤਮ ਕਰਨ ਸੀ। ਅਸਲ ਇਤਿਹਾਸ ਨੂੰ ਗਾਇਬ ਕਰਕੇ ਨਵਾਂ ਇਤਿਹਾਸ, ਸਭਿਆਚਾਰ ਦੀ ਸਿਰਜਣਾ ਕਰਕੇ ਮੂਲ ਨਾਲੋ ਤੋੜਨ ਦੀ ਸਾਜਿਸ਼ ਸੀ। ਅੱਜ ਦੇ ਹਾਲਾਤਾਂ ਦੀਆਂ ਕੁਝ ਗੁੰਝਲਾਂ ਇਸੇ ਬਿਰਤਾਂਤ ਦਾ ਹਿੱਸਾ ਹਨ।

ਆਜ਼ਾਦ ਭਾਰਤ ਵਿਚ ਪਹਿਲੀ ਵਾਰ ਸਰਬੱਤ ਖਾਲਸਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨਾਂ ਨੂੰ ਪਰਮਾਣਤਾ ਦਿੰਦਿਆਂ ਆਪਣੇ ਖਾਲਸਾ ਰਾਜ ਦੀ ਪ੍ਰਾਪਤੀ ਦਾ ਐਲਾਨਨਾਮੇ ਕੀਤਾ ਗਿਆ। ਸਿੱਖਾ ਵਿਚ ਖਾਲਸਾ ਰਾਜ ਖੁਸੇ ਹੋਣ ਕਾਰਨ ਉਸ ਦੀ ਪ੍ਰਾਪਤੀ ਦੀ ਚੀਸ, ਦਰਦ ਕਦੇ ਮਰਿਆ ਨਹੀਂ। ਪਹਿਲਾਂ ਨਾਲੋਂ ਵੱਧ ਪ੍ਰਵਾਨ ਹੋ ਚੁੱਕੀ ਲਹਿਰ ਦਾ ਵਿਦੇਸ਼ਾ ਵਿਚ ਪੱਕੇ ਪੈਰੀਂ ਹੋਣਾ ਇਸ ਗੱਲ ਵੱਲ ਸੰਕੇਤ ਹੈ ਕਿ ਇਹ ਵਿਦੇਸ਼ੀ ਸਰਕਾਰਾਂ ਨੂੰ ਦੱਸਣ ਦੇ ਕਾਬਲ ਬਣ ਰਹੇ ਹਨ। ਮੰਤਰੀ, ਐਮ ਪੀਜ, ਐਮ ਐਲ ਏ, ਮੇਅਰ, ਕੌਂਸਲਰ, ਸਰਕਾਰਾ ਦੇ ਵੱਖ ਵੱਖ ਅਹੁਦਿਆਂ ਰਾਹੀਂ ਰਾਜਨੀਤਿਕ ਦਬਾਅ ਵੱਧਣਾ ਸੁਰੂ ਹੋਇਆ ਹੈ।

ਜੂਨ ਚੌਰਾਸੀ ਦੇ ਭੁੱਲਣ ਦੀਆਂ ਜਿੰਨੀਆਂ ਵੀ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਹਨ ਉਹ ਇਹ ਨਹੀਂ ਜਾਣਦੇ ਕਿ ਕੌਮ ਦੇ ਇਸ ਸਾਕੇ ਨੂੰ ਭੁੱਲਣ ਵਿਚ ਹੀ ਕੌਮ ਦੀ ਬਰਬਾਦੀ ਹੈ। ਹਾਂ, ਇਹ ਦਿਨ ਹੁਣ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਵਿੱਚ ਲਿਖੇ ਗਏ ਹਨ। ਅੱਜ ਨੌਜਵਾਨਾਂ ਵਿਚ ਇਸ ਨੂੰ ਜਾਨਣ ਪ੍ਰਤੀ ਚੇਤਨਾ ਵਧੀ ਹੈ। ਇਸ ਉਪਰ ਹਰ ਪੱਖੋਂ ਲਿਖਿਆ, ਬੋਲਿਆ, ਸੁਣਿਆ ਜਾ ਰਿਹਾ ਹੈ। ਹਿਟਲਰ ਦੇ ਰਾਜ ਨਾਲ ਤੁਲਨਾਤਮਕ ਭਾਰਤ ਦੀ ਲੋਕਤੰਤਰੀ ਢਾਂਚੇ ਦੀ ਅਸਲ ਦਸ਼ਾ ਨੂੰ ਸਹੀ ਦਿਸ਼ਾ ਦੀ ਜਰੂਰਤ ਹੈ।

  • ਸ. ਦਲਵਿੰਦਰ ਸਿੰਘ ਘੁੰਮਣ

  • dal.ghuman.gmail.com 
Previous articleStatement in support for the Bhima Koregaon 12 Activist
Next articlePeople of Indian Origin demanded Anand Teltumbde’s release in a novel way