ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਅਤੇ ਮਨੂ ਭਾਕਰ ਦੀ ਜੋੜੀ ਨੇ ਇੱਥੇ ਆਈਐੱਸਐੱਸਐਫ ਵਿਸ਼ਵ ਕੱਪ ਨਿਸ਼ਾਨਬਾਜ਼ੀ ਦੇ 10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਮੁਕਾਬਲੇ ਵਿੱਚ ਸ਼ਾਨ ਦੇ ਨਾਲ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤੀ ਜੋੜੀ ਨੇ ਬੁੱਧਵਾਰ ਨੂੰ ਇੱਥੇ 483.5 ਅੰਕਾਂ ਦੇ ਨਾਲ ਆਰਾਮ ਦੇ ਨਾਲ ਸੋਨ ਤਗ਼ਮਾ ਪੱਕਾ ਕਰ ਲਿਆ।
ਰੇਨਸ਼ਿਨ ਜਿਆਂਗ ਅਤੇ ਬੋਵੇਨ ਝਾਂਗ ਦੀ ਚੀਨੀ ਜੋੜੀ ਨੇ 477.8 ਅੰਕਾਂ ਦੇ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਕੋਰੀਆ ਦੇ ਮਿਨਜੁੰਗ ਕਿਮ ਅਤੇ ਡੇਈਹੂਨ ਪਰਕ ਦੀ ਜੋੜੀ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ।
ਇੱਥੇ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਦੇ ਵਿੱਚ ਭਾਰਤੀ ਜੋੜੀ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੋਨੇ ਅਤੇ ਚਾਂਦੀ ਦੇ ਤਗ਼ਮਾ ਜੇਤੂਆਂ ਦੇ ਵਿਚਕਾਰ 5.8 ਅੰਕ ਦਾ ਅੰਤਰ ਹੈ। ਸੌਰਭ ਅਤੇ ਮਨੂ ਨੇ ਕੁਆਲੀਫਿਕੇਸ਼ਨ ਵਿੱਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਫਾਈਨਲ ਵਿੱਚ ਥਾਂ ਪੱਕੀ ਕੀਤੀ। ਫਾਈਨਲ ਵਿੱਚ ਵੀ ਇਸ ਜੋੜੀ ਨੇ ਆਪਣੀ ਲੈਅ ਨੂੰ ਬਰਕਰਾਰ ਰੱਖਿਆ। ਇੱਕ ਵਾਰ ਸਿਖ਼ਰਲਾ ਸਥਾਨ ਸਥਾਨ ਹਾਸਲ ਕਰਨ ਤੋਂ ਬਾਅਦ ਲਗਾਤਾਰ ਦਸ ਅੰਕ ਤੋਂ ਵੱਧ ਦੇ ਉੱਤੇ ਨਿਸ਼ਾਨੇ ਲਾਏ। ਮੁਕਾਬਲੇ ਵਿੱਚ ਹਿੱਸਾ ਲੈ ਰਹੀ ਹਿਨਾ ਸਿੱਧੂ ਅਤੇ ਅਭਿਸ਼ੇਕ ਵਰਮਾ ਦੀ ਇੱਕ ਹੋਰ ਭਾਰਤੀ ਜੋੜੀ ਕੁਆਲੀਫਿਕੇਸ਼ਨ ਦੀ ਹਰਡਲਜ਼ ਨੂੰ ਪਾਰ ਨਹੀਂ ਕਰ ਸਕੀ।
ਇਸ ਦੌਰਾਨ 10 ਮੀਟਰ ਏਅਰ ਰਾਇਫਲ ਮਿਸ਼ਰਤ ਮੁਕਾਬਲੇ ਦੇ ਵਿੱਚ ਰਵੀ ਕੁਮਾਰ ਅਤੇ ਅੰਜੁਮ ਮੋਦਗਿਲ ਅਤੇ ਅਪੂਰਵੀ ਚੰਦੇਲਾ ਅਤੇ ਦੀਪਕ ਕੁਮਾਰ ਦੀ ਜੋੜੀ ਕ੍ਰਮਵਾਰ ਸੱਤਵੇਂ ਅਤੇ 25ਵੇਂ ਸਥਾਨ ਉੱਤੇ ਰਹੀਆਂ ਹਨ। ਵਿਸ਼ਵ ਕੱਪ ਦੇ ਵਿੱਚ ਭਾਰਤ ਤਿੰਨ ਸੋਨ ਤਗ਼ਮਿਆਂ ਦੇ ਨਾਲ ਹੰਗਰੀ ਨਾਲ ਸਿਖ਼ਰ ਉੱਤੇ ਚੱਲ ਰਿਹਾ ਹੈਪਰ ਸਿਰਫ ਇੱਕ ਓਲੰਪਿਕ ਕੋਟਾ ਹਾਸਲ ਕਰ ਸਕਿਆ ਹੈ। ਟੂਰਨਾਮੈਂਟ ਦੇ ਵਿੱਚ ਟੋਕੀਓ ਓਲੰਪਿਕ ਦੇ ਲਈ 14 ਕੋਟੇ ਮਿਲਣੇ ਹਨ।
Sports ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਸੌਰਭ ਤੇ ਮਨੂ ਨੇ ਜਿੱਤਿਆ ਸੋਨ ਤਗ਼ਮਾ