ਭਾਰਤੀ ਨਿਸ਼ਾਨੇਬਾਜ਼ਾਂ ਦੇ ਅੱਜ ਆਖ਼ਰੀ ਦਿਨ ਤਗ਼ਮੇ ਤੋਂ ਹੱਥ ਸੱਖਣੇ ਰਹੇ, ਪਰ ਇੱਥੇ ਰਾਈਫਲ/ਪਿਸਟਲ ਮੁਕਾਬਲੇ ਵਿੱਚ ਤਿੰਨ ਸੋਨੇ ਅਤੇ ਇੱਕ ਚਾਂਦੀ ਨਾਲ ਭਾਰਤ ਲਗਾਤਾਰ ਦੂਜੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੱਸਐੱਸਐੱਫ) ਵਿਸ਼ਵ ਕੱਪ ਵਿੱਚ ਸੂਚੀ ਵਿੱਚ ਚੋਟੀ ’ਤੇ ਰਿਹਾ।
ਭਾਰਤ ਨੇ ਤਗ਼ਮਿਆਂ ਦੀ ਸੂਚੀ ਵਿੱਚ ਮੇਜ਼ਬਾਨ ਚੀਨ (ਦੋ ਸੋਨੇ, ਦੋ ਚਾਂਦੀ ਅਤੇ ਇੱਕ ਕਾਂਸੀ) ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਦੇ ਕੁੱਲ ਪੰਜ ਤਗ਼ਮੇ ਹਨ। ਨਵੀਂ ਦਿੱਲੀ ਵਿੱਚ ਹੋਏ ਪਿਛਲੇ ਸੈਸ਼ਨ ਦੌਰਾਨ ਭਾਰਤ ਅਤੇ ਹੰਗਰੀ ਚੋਟੀ ’ਤੇ ਰਹੇ ਸਨ।
ਭਾਰਤੀ ਨਿਸ਼ਾਨੇਬਾਜ਼ ਟੂਰਨਾਮੈਂਟ ਦੇ ਆਖ਼ਰੀ ਦਿਨ ਮਹਿਲਾਵਾਂ ਦੇ 25 ਮੀਟਰ ਪਿਸਟਲ ਅਤੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਮਨੂ ਭਾਕਰ 25 ਮੀਟਰ ਪਿਸਟਲ ਦੇ ਕੁਆਲੀਫਾਈਂਗ ਮੁਕਾਬਲੇ ਵਿੱਚ 586 ਅੰਕਾਂ ਨਾਲ 17ਵੇਂ ਸਥਾਨ ’ਤੇ ਰਹੀ। ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਰਾਹੀ ਸਰਨੋਬਤ 579 ਅੰਕਾਂ ਨਾਲ 26ਵੇਂ, ਜਦੋਂਕਿ ਤੀਜੀ ਭਾਰਤੀ ਚਿੰਕੀ ਯਾਦਵ 570 ਅੰਕਾਂ ਨਾਲ 56ਵੇਂ ਸਥਾਨ ’ਤੇ ਰਹੀ। ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ 1169 ਅੰਕਾਂ ਨਾਲ ਭਾਰਤ ਦੀ ਐਨ ਗਾਇਤਰੀ 19ਵੇਂ, ਸੁਨਿਧੀ ਚੌਹਾਨ (1160 ਅੰਕ)42ਵੇਂ ਅਤੇ ਕਾਜਲ ਸੈਣੀ (1142 ਅੰਕ) 60ਵੇਂ ਸਥਾਨ ’ਤੇ ਰਹੀ।
ਅੰਜੁਮ ਮੌਦਗਿਲ ਅਤੇ ਨੌਜਵਾਨ ਦਿਵਿਆਂਸ਼ ਸਿੰਘ ਪੰਵਾਰ ਨੇ ਦਸ ਮੀਟਰ ਏਅਰ ਰਾਈਫਲ ਮਿਕਸਡ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਖ਼ਾਤਾ ਖੋਲ੍ਹਿਆ ਸੀ, ਜਦੋਂਕਿ ਮੁਟਿਆਰ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸੌਰਭ ਚੌਧਰੀ ਦੀ ਜੋੜੀ ਨੇ ਦਸ ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿੱਚ ਸੁਨਹਿਰੀ ਤਗ਼ਮਾ ਭਾਰਤ ਦੀ ਝੋਲੀ ਪਾਇਆ ਸੀ।
ਇਸ ਤੋਂ ਬਾਅਦ ਰਾਜਸਥਾਨ ਦੇ 17 ਸਾਲ ਦੇ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਨੇ 10 ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਸ਼ਨਿੱਚਰਵਾਰ ਨੂੰ ਅਭਿਸ਼ੇਕ ਸ਼ਰਮਾ ਨੇ ਪੁਰਸ਼ਾਂ ਦੇ ਦਸ ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਲਈ ਪੰਜਵਾਂ 2020 ਟੋਕੀਓ ਓਲੰਪਿਕ ਕੋਟਾ ਵੀ ਪੱਕਾ ਕੀਤਾ ਸੀ।
ਆਈਐੱਸਐੱਸਐੱਫ ਵਿਸ਼ਵ ਕੱਪ ਦੇ ਆਖ਼ਰੀ ਦਿਨ ਬੁਲਗਾਰੀਆ ਅਤੇ ਕ੍ਰੋਏਸ਼ੀਆ ਦੀਆਂ ਮਹਿਲਾ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੁਲਗਾਰੀਆ ਦੀ ਦੋ ਵਾਰ ਦੀ ਓਲੰਪਿਕ ਚੈਂਪੀਅਨ ਮਾਰੀਆ ਗਰੋਜ਼ਦੇਵਾ ਨੇ 25 ਮੀਟਰ ਪਿਸਟਲ ਅਤੇ ਅਤੇ ਕ੍ਰੋਏਸ਼ਿਆਈ ਨਿਸ਼ਾਨਚੀ ਸੰਜ਼ਨਾ ਪੈਜਸਿਚ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨਜ਼ (3ਪੀ) ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ।
25 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ 46 ਸਾਲ ਦੀ ਮਾਰੀਆ ਨੇ ਉਭਰ ਰਹੀ ਨੌਜਵਾਨ ਸਟਾਰ ਜੋੜੀ ਅਤੇ ਵਿਸ਼ਵ ਨੰਬਰ ਇੱਕ ਯੂਨਾਨ ਦੀ ਅੰਨਾ ਕੋਰਾਕਾਕੀ ਅਤੇ ਹੰਗਰੀ ਦੀ ਵੈਰੋਨਿਕਾ ਮੇਜਰ ਨੂੰ ਪਛਾੜ ਦਿੱਤਾ। ਹੰਗਰੀ ਦੀ ਖਿਡਾਰਨ ਨੂੰ ਚਾਂਦੀ, ਜਦੋਂਕਿ ਅੰਨਾ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਨ੍ਹਾਂ ਦੋਵਾਂ ਨੇ ਨਵੀਂ ਦਿੱਲੀ ਵਿੱਚ ਵਿਸ਼ਵ ਕੱਪ ਦੌਰਾਨ ਸੋਨ ਤਗ਼ਮੇ ਜਿੱਤੇ ਸਨ।
Sports ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ