ਚਿੰਕੀ ਯਾਦਵ ਨੇ ਕਰੀਅਰ ਦੇ ਸਰਵੋਤਮ ਕੁਆਲੀਫਿਕੇਸ਼ਨ ਸਕੋਰ 588 ਅੰਕ ਨਾਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਨੂੰ 11ਵਾਂ ਓਲੰਪਿਕ ਕੋਟਾ ਦਿਵਾਇਆ, ਪਰ ਉਹ ਸ਼ੁੱਕਰਵਾਰ ਨੂੰ ਇੱਥੇ 14ਵੀਂ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਗ਼ਮਾ ਨਹੀਂ ਜਿੱਤ ਸਕੀ। ਚਿੰਕੀ ਕੌਮੀ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ, ਪਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਕੁਆਲੀਫਿਕੇਸ਼ਨ ਵਰਗਾ ਪ੍ਰਦਰਸ਼ਨ ਨਹੀਂ ਦੁਹਰਾ ਸਕੀ। ਉਹ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ 116 ਅੰਕ ਦੇ ਸਕੋਰ ਨਾਲ ਛੇਵੇਂ ਸਥਾਨ ’ਤੇ ਰਹੀ।
ਚਿੰਕੀ ਨੇ ਕੁਆਲੀਫਿਕੇਸ਼ਨ ਵਿੱਚ 588 ਅੰਕ ਬਣਾਏ, ਜਿਸ ਵਿੱਚ ਇੱਕ ‘ਪਰਫੈਕਟ 100’ ਵੀ ਸ਼ਾਮਲ ਹੈ। ਫਾਈਨਲ ਲਈ ਕੁਆਲੀਫਾਈ ਕਰਨ ਨਾਲ ਹੀ ਚਿੰਕੀ ਨੇ ਦੇਸ਼ ਲਈ ਓਲੰਪਿਕ ਕੋਟਾ ਹਾਸਲ ਕਰ ਲਿਆ, ਕਿਉਂਕਿ ਅੱਠ ਫਾਈਨਲਿਸਟ ਵਿੱਚੋਂ ਚਾਰ ਨੇ ਪਹਿਲਾਂ ਹੀ ਪਿਛਲੇ ਟੂਰਨਾਮੈਂਟਾਂ ਦੌਰਾਨ ਕੋਟੇ ਹਾਸਲ ਕੀਤੇ ਸਨ। ਇਸ ਟੂਰਨਾਮੈਂਟ ਵਿੱਚ ਚਾਰ ਕੋਟੇ ਦਾਅ ’ਤੇ ਲੱਗੇ ਹੋਏ ਸਨ। ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਹੋਰ ਭਾਰਤੀ ਨਿਸ਼ਾਨੇਬਾਜ਼ਾਂ ਵਿੱਚ ਅਨੁਰਾਜ ਸਿੰਘ (575 ਅੰਕ) ਅਤੇ ਨੀਰਜ ਕੌਰ (572 ਅੰਕ) ਕ੍ਰਮਵਾਰ 21ਵੇਂ ਅਤੇ 27ਵੇਂ ਸਥਾਨ ’ਤੇ ਰਹੇ।
Sports ਨਿਸ਼ਾਨੇਬਾਜ਼ੀ: ਚਿੰਕੀ ਨੇ ਓਲੰਪਿਕ ਟਿਕਟ ਕਟਾਈ