ਰਾਜਾਸਾਂਸੀ ਕਸਬੇ ਨੇੜਲੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ਵਿਚ ਚੱਲ ਰਹੇ ਸਤਿਸੰਗ ਦੌਰਾਨ ਗ੍ਰਨੇਡ ਹਮਲੇ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਗ੍ਰਨੇਡ ਧਮਾਕੇ ਵਿਚ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਸੰਦੀਪ ਸਿੰਘ ਵਾਸੀ ਰਾਜਾਸਾਂਸੀ, ਸੁਖਦੇਵ ਸਿੰਘ ਵਾਸੀ ਪਿੰਡ ਮੀਰਾਂਕੋਟ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਬੱਗਾ ਕਲਾਂ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 9 ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਤੇ ਹੋਰ ਟੀਮਾਂ ਵੱਲੋਂ ਹਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਇਹ ਘਟਨਾ ਲਗਪਗ 12 ਵਜੇ ਵਾਪਰੀ। ਭਵਨ ਦੇ ਮੁੱਖ ਦਰਵਾਜ਼ੇ ’ਤੇ ਡਿਊਟੀ ਦੇ ਰਹੇ ਨੌਜਵਾਨ ਗਗਨ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਦੋ ਹਥਿਆਰਬੰਦ ਨੌਜਵਾਨ ਆਏ ਜਿਨ੍ਹਾਂ ਨੇ ਲੋਈਆਂ ਲਈਆਂ ਹੋਈਆਂ ਸਨ ਅਤੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ’ਚੋਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਈ ਅਤੇ ਉਸ ਨੂੰ ਇਕ ਪਾਸੇ ਲੈ ਗਿਆ ਅਤੇ ਉਸ ਕੋਲੋਂ ਅੰਦਰ ਚੱਲ ਰਹੇ ਸਮਾਗਮ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਸ ਦਾ ਦੂਜਾ ਸਾਥੀ ਅੰਦਰ ਗਿਆ ਅਤੇ ਉਸ ਨੇ ਹਾਲ ਵਿਚ ਬੈਠੀ ਸੰਗਤ ’ਤੇ ਹੈਂਡ ਗ੍ਰਨੇਡ ਸੁੱਟਿਆ। ਧਮਾਕੇ ਨਾਲ ਭੱਜ-ਨੱਠ ਮੱਚ ਗਈ ਜਿਸ ਵਿਚ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਰਹੇ। ਮੌਕੇ ’ਤੇ ਹਾਜ਼ਰ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟਿਆਂ ਨਾਲ ਸਮਾਗਮ ਵਿਚ ਆਇਆ ਸੀ ਅਤੇ ਦੋਵੇਂ ਪਤੀ-ਪਤਨੀ ਧਮਾਕੇ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਮੰਚ ਨੇੜੇ ਬੈਠੇ ਹੋਏ ਸਨ ਅਤੇ ਅਚਨਚੇਤੀ ਕੋਈ ਠੋਸ ਚੀਜ਼ ਡਿੱਗੀ ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ। ਉਸ ਨੇ ਦੱਸਿਆ ਕਿ ਜਦੋਂ ਉਹ ਪਤਨੀ ਅਤੇ ਬੱਚਿਆਂ ਨਾਲ ਹਸਪਤਾਲ ਜਾਣ ਲੱਗਾ ਸੀ ਤਾਂ ਉਸ ਨੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ’ਤੇ ਭਜਦੇ ਹੋਏ ਦੇਖਿਆ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਸੀਨੀਅਰ ਪੁਲੀਸ ਅਤੇ ਜ਼ਿਲ੍ਹਾ ਅਧਿਕਾਰੀ ਘਟਨਾ ਸਥਾਨ ’ਤੇ ਪੁੱਜ ਗਏ ਸਨ। ਜਾਂਚ ਦੌਰਾਨ ਮੀਡੀਆ ਨੂੰ ਨਿਰੰਕਾਰੀ ਭਵਨ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਬਾਰਡਰ ਰੇਂਜ ਦੇ ਆਈਜੀ ਐਸ ਪੀ ਐਸ ਪਰਮਾਰ ਨੇ ਦੱਸਿਆ ਕਿ ਫੌਰੀ ਕਹਿਣਾ ਮੁਸ਼ਕਿਲ ਹੈ ਕਿ ਇਹ ਅਤਿਵਾਦੀ ਹਮਲਾ ਹੈ ਪਰ ਇਸ ਸਬੰਧੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਾਲ ਵਿਚ ਧਮਾਕੇ ਸਮੇਂ ਲਗਪਗ 200 ਸ਼ਰਧਾਲੂ ਹਾਜ਼ਰ ਸਨ। ਇਸ ਕੰਪਲੈਕਸ ਵਿਚ ਕਿਸੇ ਵੀ ਥਾਂ ’ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਹਨ। ਧਮਾਕੇ ਨਾਲ ਜ਼ਮੀਨ ’ਤੇ ਤਿੰਨ ਇੰਚ ਦੇ ਘੇਰੇ ’ਚ ਛੋਟਾ ਟੋਆ ਪੈ ਗਿਆ ਜਿਸ ਦੀ ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ। ਗ੍ਰਨੇਡ ਦਾ ਸੇਫਟੀ ਵਾਲਵ ਮਿਲਿਆ ਹੈ ਅਤੇ ਉਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਡੇਰੇ ਦੇ ਪ੍ਰਬੰਧਕਾਂ ਤੇ ਸ਼ਰਧਾਲੂਆਂ ਨੇ ਦੋਸ਼ ਲਾਇਆ ਕਿ ਹਮਲਾ ਪ੍ਰਸ਼ਾਸਨ ਦੀ ਢਿੱਲ ਅਤੇ ਲਾਪਰਵਾਹੀ ਦਾ ਸਿੱਟਾ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ।
INDIA ਨਿਰੰਕਾਰੀ ਭਵਨ ’ਤੇ ਗ੍ਰਨੇਡ ਹਮਲਾ; 3 ਹਲਾਕ