ਸੁਪਰੀਮ ਕੋਰਟ ਨੇ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਮੌਤ ਦੀ ਸਜ਼ਾਯਾਫ਼ਤਾ ਚਾਰ ਮੁਜਰਮਾਂ ’ਚੋਂ ਇਕ ਵਿਨੈ ਸ਼ਰਮਾ ਦੀ ਰਹਿਮ ਦੀ ਅਪੀਲ (ਰਾਸ਼ਟਰਪਤੀ ਵੱਲੋਂ) ਰੱਦ ਕੀਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਫੈਸਲਾ ਭਲਕੇ ਸ਼ੁੱਕਰਵਾਰ ਤਕ ਲਈ ਰਾਖਵਾਂ ਰੱਖ ਲਿਆ ਹੈ। ਸ਼ਰਮਾ ਨੇ ਪਟੀਸ਼ਨ ਵਿੱਚ ‘ਆਪਣੀ ਨਿਘਰਦੀ ਦਿਮਾਗੀ ਹਾਲਤ’ ਦਾ ਹਵਾਲਾ ਦਿੰਦਿਆਂ ਮੌਤ ਦੀ ਸਜ਼ਾ ਨੂੰ ਤਬਦੀਲ ਕਰਨ ਦੀ ਮੰਗ ਵੀ ਕੀਤੀ ਸੀ। ਸ਼ਰਮਾ ਨੇ ਦਾਅਵਾ ਕੀਤਾ ਸੀ ਕਿ ਤਿਹਾੜ ਜੇਲ੍ਹ ਵਿੱਚ ਹੁੰਦੇ ਕਥਿਤ ‘ਤਸ਼ੱਦਦ ਤੇ ਬੁਰੇ ਵਿਹਾਰ’ ਕਰਕੇ ਉਹਦੀ ਦਿਮਾਗੀ ਹਾਲਤ ਵਿਗੜਨ ਲੱਗੀ ਹੈ। ਜਸਟਿਸ ਆਰ.ਭਾਨੂਮਤੀ, ਅਸ਼ੋਕ ਭੂਸ਼ਨ ਤੇ ਏ.ਐੱਸ.ਬੋਪੰਨਾ ਦੇ ਬੈਂਚ ਨੇ ਪਟੀਸ਼ਨ ਨੂੰ ਫੈਸਲਾ ਰਾਖਵਾਂ ਰੱਖਦਿਆਂ ਕਿਹਾ ਕਿ ਅਦਾਲਤ ਸ਼ੁੱਕਰਵਾਰ ਨੂੰ ਦੁਪਹਿਰੇ ਦੋ ਵਜੇ ਫੈਸਲਾ ਸੁਣਾਏਗੀ।
ਇਸ ਦੌਰਾਨ ਨਿਰਭਯਾ ਕੇਸ ਦੇ ਇਕ ਹੋਰ ਮੁਜਰਮ ਪਵਨ ਕੁਮਾਰ ਗੁਪਤਾ ਵੱਲੋਂ ਕਿਸੇ ਵਕੀਲ ਦੀਆਂ ਸੇਵਾਵਾਂ ਲੈਣ ਤੋਂ ਇਨਕਾਰ ਕਰਨ ਮਗਰੋਂ ਸੁਪਰੀਮ ਕੋਰਟ ਦੇ ਉਪਰੋਕਤ ਤਿੰਨ ਮੈਂਬਰੀ ਬੈਂਚ ਨੇ ਸੀਨੀਅਰ ਵਕੀਲ ਅੰਜਨਾ ਪ੍ਰਕਾਸ਼ ਨੂੰ ਉਹਦਾ ਵਕੀਲ ਨਿਯੁਕਤ ਕੀਤਾ ਹੈ। ਪ੍ਰਕਾਸ਼ ਹੁਣ ਅਦਾਲਤੀ ਮਿੱਤਰ ਵਜੋਂ ਪਵਨ ਦੇ ਕੇਸ ਦੀ ਪੈਰਵੀ ਕਰੇਗੀ। ਪ੍ਰਕਾਸ਼ ਇਸ ਤੋਂ ਪਹਿਲਾਂ ਇਸੇ ਕੇਸ ਵਿੱਚ ਮੌਤ ਦੀ ਸਜ਼ਾਯਾਫ਼ਤਾ ਮੁਕੇਸ਼ ਕੁਮਾਰ ਸਿੰਘ ਦੀ ਵੀ ਨੁਮਾਇੰਦਗੀ ਕਰ ਚੁੱਕੀ ਹੈ। ਕਾਬਿਲੇਗੌਰ ਇਸ ਕੇਸ ਵਿੱਚ ਮੌਤ ਦੀ ਸਜ਼ਾਯਾਫ਼ਤਾ ਚਾਰ ਮੁਜਰਮਾਂ ਵਿੱਚੋਂ ਹੁਣ ਸਿਰਫ਼ ਪਵਨ ਗੁਪਤਾ ਕੋਲ ਹੀ ਕਿਊਰੇਟਿਵ ਪਟੀਸ਼ਨ ਤੇ ਰਹਿਮ ਦੀ ਅਪੀਲ ਦਾਖ਼ਲ ਕਰਨ ਦਾ ਬਦਲ ਮੌਜੂਦ ਹੈ।
ਉਧਰ ਦਿੱਲੀ ਦੀ ਅਦਾਲਤ ਨੇ ਵੀ ਪਵਨ ਗੁਪਤਾ ਲਈ ਰਵੀ ਕਾਜ਼ੀ ਨਾਂ ਦੇ ਵਕੀਲ ਨੂੰ ਨਿਯੁਕਤ ਕੀਤਾ ਹੈ। ਪਵਨ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ (ਡੀਐੱਲਐੱਸਏ) ਵੱਲੋਂ ਵਕੀਲ ਮੁਹੱਈਆ ਕਰਵਾਉਣ ਦੀ ਕੀਤੀ ਪੇਸ਼ਕਸ਼ ਨੂੰ ਨਾਂਹ ਆਖ ਦਿੱਤੀ ਸੀ। ਇਸ ਤੋਂ ਪਹਿਲਾਂ ਕੋਰਟ ਨੇ ਡੀਐੱਲਐੱਸਏ ਨੂੰ ਆਪਣੇ ਪੈਨਲ ਵਿੱਚ ਸ਼ਾਮਲ ਵਕੀਲਾਂ ਦੀ ਸੂਚੀ ਪਵਨ ਦੇ ਪਿਤਾ ਨੂੰ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਸੀ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਨਿਰਭਯਾ ਦੇ ਮਾਤਾ-ਪਿਤਾ ਵੱਲੋਂ ਚਾਰੋਂ ਮੁਜਰਮਾਂ ਖ਼ਿਲਾਫ਼ ਸੱਜਰੇ ਮੌਤ ਦੇ ਵਾਰੰਟ ਜਾਰੀ ਕਰਨ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਸੋਮਵਾਰ ਤਕ ਲਈ ਅੱਗੇ ਪਾ ਦਿੱਤੀ। ਜੱਜ ਨੇ ਕਿਹਾ ਕਿ ਕੋਈ ਵੀ ਮੁਜਰਮ ਆਪਣੇ ਆਖਰੀ ਸਾਹਾਂ ਤਕ ਕਾਨੂੰਨੀ ਮਦਦ ਲੈਣ ਦਾ ਹੱਕਦਾਰ ਹੈ।
INDIA ਨਿਰਭਯਾ: ਸੁਪਰੀਮ ਕੋਰਟ ਵੱਲੋੋਂ ਵਿਨੈ ਸ਼ਰਮਾ ਦੀ ਪਟੀਸ਼ਨ ’ਤੇ ਫ਼ੈਸਲਾ ਅੱਜ