ਚਾਰੋਂ ਦੋਸ਼ੀਆਂ ਨੂੰ ਫਾਂਸੀ;
ਸਿਖਰਲੀ ਅਦਾਲਤ ਨੇ ਸਵੇਰੇ ਤਿੰਨ ਵਜੇ ਰੱਦ ਕੀਤੀ ਆਖਰੀ ਪਟੀਸ਼ਨ
ਨਵੀਂ ਦਿੱਲੀ- ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਮਾਮਲੇ ਦੇ ਚਾਰ ਦੋਸ਼ੀਆਂ ਨੂੰ ਅੱਜ ਤੜਕੇ ਫਾਂਸੀ ਦੇ ਦਿੱਤੀ ਗਈ। ਦਿੱਲੀ ਦੀ 23 ਵਰ੍ਹਿਆਂ ਦੀ ਮੁਟਿਆਰ ਨਾਲ 16 ਦਸੰਬਰ, 2012 ਦੀ ਰਾਤ ਚੱਲਦੀ ਖਾਲੀ ਬੱਸ ਵਿੱਚ ਸਮੂਹਿਕ ਜਬਰ-ਜਨਾਹ ਕਰਨ ਮਗਰੋਂ ਉਸ ਨੂੰ ਮਰਨ ਲਈ ਸੜਕ ਕਿਨਾਰੇ ਸੁੱਟਣ ਦੇ ਦੋਸ਼ੀਆਂ ਨੂੰ ਫਾਹੇ ਟੰਗੇ ਜਾਣ ਨਾਲ ਭਾਰਤ ਦੇ ਇਤਿਹਾਸ ਦੇ ਇਸ ਹੌਲਨਾਕ ਜਬਰ-ਜਨਾਹ ਕਾਂਡ ਦਾ ਅਧਿਆਏ ਮੁੱਕ ਗਿਆ ਹੈ।
ਨਿਰਭਯਾ ਕੇਸ ਦੇ ਚਾਰ ਦੋਸ਼ੀਆਂ ਮੁਕੇਸ਼ ਕੁਮਾਰ (32), ਪਵਨ ਗੁਪਤਾ (25), ਵਿਨੈ ਸ਼ਰਮਾ (26) ਅਤੇ ਅਕਸ਼ੈ ਕੁਮਾਰ ਸਿੰਘ (31) ਨੂੰ ਅੱਜ ਸਵੇਰੇ 5:30 ਵਜੇ ਫਾਹੇ ਟੰਗਿਆ ਗਿਆ। ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੇ ਦੱਸਿਆ, ‘‘ਡਾਕਟਰਾਂ ਨੇ ਦੇਹਾਂ ਦੀ ਜਾਂਚ ਕੀਤੀ ਹੈ ਅਤੇ ਚਾਰਾਂ ਨੂੰ ਮ੍ਰਿਤ ਐਲਾਨ ਦਿੱਤਾ ਹੈ।’’ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਨਿਯਮਾਂ ਅਨੁਸਾਰ ਫਾਹੇ ਟੰਗੇ ਜਾਣ ਮਗਰੋਂ ਚਾਰੇ ਦੋਸ਼ੀਆਂ ਦੀਆਂ ਦੇਹਾਂ ਅੱਧੇ ਘੰਟੇ ਲਈ ਲਟਕਦੀਆਂ ਰਹੀਆਂ। ਤਿਹਾੜ ਜੇਲ੍ਹ ਵਿੱਚ ਪਹਿਲੀ ਵਾਰ ਚਾਰ ਜਣਿਆਂ ਨੂੰ ਇਕੱਠਿਆਂ ਫਾਂਸੀ ਦਿੱਤੀ ਗਈ ਹੈ। ਅਦਾਲਤ ਨੇ ਦੋਸ਼ੀਆਂ ਗੁਪਤਾ ਅਤੇ ਅਕਸ਼ੈ ਸਿੰਘ ਨੂੰ ਫਾਂਸੀ ਦੇ ਤਖਤੇ ’ਤੇ ਭੇਜੇ ਜਾਣ ਤੋਂ ਪਹਿਲਾਂ ਆਪਣੇ ਪਰਿਵਾਰਕ ਜੀਆਂ ਨੂੰ ਮਿਲਣ ਸਬੰਧੀ ਕੋਈ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਫਾਂਸੀ ਲਾਏ ਜਾਣ ਤੋਂ ਪਹਿਲਾਂ ਦੋਸ਼ੀਆਂ ਨੇ ਕੋਈ ਵਿਰੋਧ ਨਹੀਂ ਕੀਤਾ ਜਦਕਿ ਦੋਸ਼ੀ ਵਿਨੈ ਸ਼ਰਮਾ ਨੇ ਰੋਣਾ ਸ਼ੁਰੂ ਕਰ ਦਿੱਤਾ
।