ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਕੇਸ ਦੇ ਚਾਰ ਦੋਸ਼ੀਆਂ ’ਚੋਂ ਇਕ ਮੁਕੇਸ਼ ਸਿੰਘ ਨੇ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕਰਕੇ ਆਪਣੀਆਂ ਸਾਰੀਆਂ ਕਾਨੂੰਨੀ ਚਾਰਾਜੋਈਆਂ ਬਹਾਲ ਕਰਨ ਦੀ ਮੰਗ ਕੀਤੀ ਹੈ। ਮੁਕੇਸ਼ ਨੇ ਦਲੀਲ ਦਿੱਤੀ ਹੈ ਕਿ ਉਸ ਦੇ ਵਕੀਲਾਂ ਨੇ ਉਸ ਨੂੰ ਗੁੰਮਰਾਹ ਕੀਤਾ। ਉਸ ਦੀ ਅਰਜ਼ੀ ’ਤੇ ਸੋਮਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ। ਵਕੀਲ ਐੱਮ ਐੱਲ ਸ਼ਰਮਾ ਰਾਹੀਂ ਦਾਖ਼ਲ ਅਰਜ਼ੀ ’ਚ ਮੰਗ ਕੀਤੀ ਗਈ ਹੈ ਕਿ ਕੇਂਦਰ, ਦਿੱਲੀ ਸਰਕਾਰ ਅਤੇ ਵਕੀਲ ਵਰਿੰਦਾ ਗਰੋਵਰ (ਕੇਸ ’ਚ ਅਦਾਲਤੀ ਮਿੱਤਰ) ਵੱਲੋਂ ਘੜੀ ਗਈ ਕਥਿਤ ‘ਅਪਰਾਧਿਕ ਸਾਜ਼ਿਸ਼’ ਅਤੇ ‘ਜਾਅਲਸਾਜ਼ੀ’ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ ਵੀਰਵਾਰ ਨੂੰ ਦੋਸ਼ੀਆਂ ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੈ ਸ਼ਰਮਾ ਅਤੇ ਅਕਸ਼ੈ ਕੁਮਾਰ ਸਿੰਘ ਦੇ ਸੱਜਰੇ ਮੌਤ ਦੇ ਵਾਰੰਟ ਜਾਰੀ ਕਰਦਿਆਂ ਉਨ੍ਹਾਂ ਨੂੰ 20 ਮਾਰਚ ਨੂੰ ਸਵੇਰੇ ਸਾਢੇ 5 ਵਜੇ ਫਾਂਸੀ ’ਤੇ ਚੜ੍ਹਾਉਣ ਦੇ ਹੁਕਮ ਸੁਣਾਏ ਹਨ। ਅਰਜ਼ੀ ’ਚ ਦਾਅਵਾ ਕੀਤਾ ਗਿਆ ਹੈ ਕਿ ਸੈਸ਼ਨ ਕੋਰਟ ਦੇ ਹੁਕਮਾਂ ਦਾ ਦਾਅਵਾ ਕਰਕੇ ਵਕੀਲਾਂ ਨੇ ਮੁਕੇਸ਼ ਤੋਂ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਤਾਂ ਜੋ ਵੱਖ ਵੱਖ ਪਟੀਸ਼ਨਾਂ ਦਾਖ਼ਲ ਕੀਤੀਆਂ ਜਾ ਸਕਣ। ਅਰਜ਼ੀ ਮੁਤਾਬਕ ਵਕੀਲ ਨੇ ਵੱਖ ਵੱਖ ਵਕਾਲਤਨਾਮਿਆਂ ’ਤੇ ਦਸਤਖ਼ਤ ਕਰਵਾਏ ਜਦਕਿ ਪਟੀਸ਼ਨਰ ਨੂੰ ਹੁਣੇ ਪਤਾ ਲੱਗਾ ਹੈ ਕਿ ਸੈਸ਼ਨ ਕੋਰਟ ਨੇ ਅਜਿਹੇ ਕੋਈ ਹੁਕਮ ਨਹੀਂ ਦਿੱਤੇ ਸਨ। ਪਟੀਸ਼ਨ ’ਚ ਮੁਕੇਸ਼ ਨੂੰ ਕਿਊਰੇਟਿਵ ਅਤੇ ਰਹਿਮ ਪਟੀਸ਼ਨਾਂ ਜੁਲਾਈ 2021 ਤਕ ਦਾਖ਼ਲ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ।
INDIA ਨਿਰਭਯਾ ਕੇਸ: ਮੁਕੇਸ਼ ਵੱਲੋਂ ਸਾਰੀਆਂ ਕਾਨੂੰਨੀ ਚਾਰਾਜੋਈਆਂ ਬਹਾਲ ਕਰਨ ਦੀ ਮੰਗ