ਬਾਬਾ ਸਾਹਿਬ ਦੇ ਜਨਮ ਦਿਨ ਤੇ ਵਿਸੇਸ਼
(ਸਮਾਜ ਵੀਕਲੀ) – ਅਸੀਂ ਅੱਜ ਬਾਬਾ ਸਾਹਿਬ ਦੇ 129ਵੇ ਜਨਮ ਦਿਨ ਮੌਕੇ ਓਹਨਾ ਦੇ ਹਰ ਇਕ ਪਹਿਲੋਂ ਤੇ ਗੱਲ ਕਰ ਰਹੇ ਹਾਂ ਪਰ ਉਹਨਾਂ ਦੀ ਪੱਤਰਕਾਰਤਾ ਵਾਲਾ ਪੱਖ ਹਮੇਸ਼ਾ ਹੀ ਅਸੀਂ ਨਜ਼ਰਅੰਦਾਜ਼ ਕਰ ਜਾਂਦੇ ਹਾਂ। ਜਿਸ ਤਰ੍ਹਾਂ ਅੱਜ ਕੱਲ ਦਾ ਗੋਦੀ ਮੀਡੀਆ ਬਹੁਜਨਾ ਦੇ ਦੁੱਖ ਦਰਦ ਦੀ ਗੱਲ ਨਹੀਂ ਕਰਦਾ ਉਸੇ ਤਰ੍ਹਾਂ ਉਸ ਵੇਲੇ ਪ੍ਰਿੰਟ ਮੀਡੀਆ ਵੀ ਦਲਿਤ ਭਾਈਚਾਰੇ ਦੀਆਂ ਤਕਲੀਫਾਂ ਨਹੀਂ ਛਾਪਦਾ ਸੀ। ਇਸੇ ਲਈ ਬਾਬਾ ਸਾਹਿਬ ਅੰਬੇਡਕਰ ਜੀ ਨੇ ਇਸ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪ੍ਰਿੰਟ ਮੀਡੀਆ ਵਿਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਸਭ ਤੋਂ ਪਹਿਲਾ ਅਖ਼ਬਾਰ “ਮੂਕਨਾਇਕ” ਸ਼ੁਰੂ ਕੀਤਾ। ਇਸ ਦਾ ਪਹਿਲਾਂ ਐਡੀਸ਼ਨ 31ਜਨਵਰੀ, 1920 ਨੂੰ ਪ੍ਰਕਾਸ਼ਿਤ ਹੋਇਆ। ਇਸ ਅਖ਼ਬਾਰ ਲਈ ਛੱਤਰਪਤੀ ਸਾਹੂ ਜੀ ਮਹਾਰਾਜ ਨੇ ₹2500/- ਰੁਪਏ ਦਾ ਯੋਗਦਾਨ ਦਿੱਤਾ। ਮੂਕਨਾਇਕ ਬੰਬੇ ਤੋਂ ਹਰ ਸ਼ਨੀਵਾਰ ਛੱਪਦਾ ਸੀ। ਮੂਕਨਾਇਕ ਭਾਰਤ ਦੇ ਲੱਖਾਂ ਕਰੋੜਾ ਦੱਬੇ ਕੁੱਚਲੇ ਲੋਕਾਂ ਦੀ ਆਵਾਜ਼ ਬਣਿਆ। ਇਹ ਅਖ਼ਬਾਰ ਤਿੰਨ ਸਾਲ ਤੱਕ ਚੱਲਦਾ ਰਿਹਾ ਉਸ ਉਪਰੰਤ ਵਿੱਤੀ ਸੰਕਟ ਕਾਰਣ ਬੰਦ ਹੋ ਗਿਆ।
ਬਾਬਾ ਸਾਹਿਬ ਨੇ ਸੰਨ 1927 ਤੋਂ 1929 ਤੱਕ ਇਕ ਹੋਰ ਅਖ਼ਬਾਰ ਸ਼ੁਰੂ ਕੀਤਾ ਜਿਸ ਦਾ ਨਾਮ ਸੀ “ਬਰਿਸ਼ਕ੍ਰਿਤ ਭਾਰਤ”। ਇਸ ਅਖ਼ਬਾਰ ਵਿੱਚ ਵੀ ਆਪ ਨੇ ਬਤੌਰ ਐਡੀਟਰ ਦੀ ਭੂਮਿਕਾ ਨਿਭਾਈ। ਓਹਨਾ ਦਾ ਮੰਨਣਾ ਸੀ ਕਿ ਅਖ਼ਬਾਰਾਂ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆ ਹਨ। ਪ੍ਰਿੰਟ ਮੀਡੀਆ ਲੋਕਤੰਤਰ ਪ੍ਰਣਾਲੀ ਦਾ ਅਹਿਮ ਸਾਤੰਭ ਹੁੰਦਾ ਹੈ ਇਹ ਬਾਬਾ ਸਾਹਿਬ ਦਾ ਮੰਨਣਾ ਸੀ। ਉਪਰੋਕਤ ਦੋਵੇਂ ਅਖ਼ਬਾਰ ਫੰਡਾ ਦੀ ਘਾਟ ਕਾਰਨ ਬੰਦ ਹੋਏ ਕਿਉਂ ਕਿ ਬਾਬਾ ਸਾਹਿਬ ਆਪਣੇ ਅਖ਼ਬਾਰਾਂ ਵਿੱਚ ਮਨੂੰਵਾਦੀ, ਭੇਦ ਭਾਵ ਅਤੇ ਗੈਰ ਸਿਧਾਂਤਿਕ ਇਸ਼ਤਿਹਾਰ ਨਹੀਂ ਛਾਪਦੇ ਸਨ।
ਇਸ ਤੋਂ ਬਾਅਦ ਵੀ ਜਨਤਾ 1930 ਤੋਂ 1950 ਤੱਕ ਅਤੇ ਪ੍ਰੋਬੁੱਧ ਭਾਰਤ 1956 ਤੱਕ ਬਾਬਾ ਸਾਹਿਬ ਪ੍ਰਕਾਸ਼ਿਤ ਕਰਦੇ ਰਹੇ। ਅੱਜ ਉਹਨਾਂ ਦੇ ਇਸ ਪੱਤਰਕਾਰ ਵਾਲੇ ਜੀਵਨ ਦੀ ਇਕ ਝਾਤ ਤੋਂ ਓਹਨਾ ਦੀ ਵਿਲੱਖਣ ਸਖਸ਼ੀਅਤ ਅਤੇ ਨਿਰਧੜਕ ਯੋਧੇ ਦੇ ਇਕ ਅਹਿਮ ਪਹਿਲੂ ਦਾ ਪਤਾ ਲੱਗਦਾ ਹੈ। ਉਸ ਮਹਾਨ ਵਿਦਵਾਨ ਲੇਖਕ, ਬੁੱਧੀਜੀਵੀ, ਅਰਥਸ਼ਾਸਤਰੀ, ਬੁਧਸਿਤਵ, ਸੰਵਿਧਾਨ ਰਚੇਤਾ ਅਤੇ ਮਨੁੱਖਤਾ ਦੇ ਮਸੀਹੇ ਨੂੰ ਸਾਡਾ ਸਲਾਮ।
ਜੈ ਭੀਮ ਜੈ ਭਾਰਤ
ਸਨਦੀਪ ਸਿੰਘ
ਮੂਕਨਾਇਕ ਦੀ ਅਗਲੀ ਪੀੜ੍ਹੀ।