ਨਵੀਂ ਦਿੱਲੀ (ਸਮਾਜ ਵੀਕਲੀ) : ਫਿਲਮ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ ਕਹਿਣਾ ਹੈ ਕਿ ਉਹ ਇੱਕ ਨਿਰਦੇਸ਼ਕ ਦਾ ਕਲਾਕਾਰ ਹੈ ਅਤੇ ਕੋਈ ਵੀ ਭੂਮਿਕਾ ਨਿਭਾਉਣ ਸਮੇਂ ਆਪਣੇ ਦਿਮਾਗ ’ਚ ਇਹ ਗੱਲ ਸਪੱਸ਼ਟ ਰੱਖਦਾ ਹੈ। 46 ਸਾਲਾ ਅਦਾਕਾਰ ਨੇ ਕਿਹਾ ਕਿ ਉਹ ਆਪਣੇ ਦਿਮਾਗ ’ਚ ਪਹਿਲਾਂ ਹੀ ਕੋਈ ਕਿਰਦਾਰ ਨਹੀਂ ਘੜਦਾ ਕਿਉਂਕਿ ਹੋ ਸਕਦਾ ਹੈ ਕਿ ਉਹ ਗਲਤ ਦਿਸ਼ਾ ਵੱਲ ਜਾ ਰਿਹਾ ਹੋਵੇ।
ਨਵਾਜ਼ ਨੇ ਕਿਹਾ, ‘ਮੇਰੀ ਅਦਾਕਾਰੀ ਪੂਰੀ ਤਰ੍ਹਾਂ ਨਿਰਦੇਸ਼ਕ ’ਤੇ ਨਿਰਭਰ ਕਰਦੀ ਹੈ ਤੇ ਮੈਂ ਉਨ੍ਹਾਂ ’ਚ ਪੂਰਾ ਭਰੋਸਾ ਕਰਦਾ ਹਾਂ। ਮੈਂ ਇਸ ਗੱਲ ਨੂੰ ਆਪਣੇ ਦਿਮਾਗ ’ਚ ਸਪੱਸ਼ਟ ਰੱਖਦਾ ਹਾਂ। ਮੈਂ ਫਿਲਮ ’ਤੇ ਕੰਮ ਕਰਨ ਤੋਂ ਪਹਿਲਾਂ ਇਸ ਦੀ ਭੂਮਿਕਾ ਬਾਰੇ ਖੁਦ ਨੂੰ ਪੂਰੀ ਤਰ੍ਹਾਂ ਅਣਜਾਣ ਰੱਖਦਾ ਹਾਂ। ਮੈਂ ਜਦੋਂ ਫਿਲਮ ਸ਼ੁਰੂ ਕਰਦਾ ਹਾਂ ਤਾਂ ਕਿਰਦਾਰ ਨੂੰ ਉਸ ਤਰ੍ਹਾਂ ਫੜਨ ਦੀ ਕੋਸ਼ਿਸ਼ ਕਰਦਾ ਹਾਂ ਜੋ ਨਿਰਦੇਸ਼ਕ ਮੈਨੂੰ ਕਹਿੰਦਾ ਹੈ।’ ਨਵਾਜ਼ੂਦੀਨ ਜਲਦੀ ਹੀ ਨਵੀਂ ਫਿਲਮ ‘ਰਾਤ ਅਕੇਲੀ ਹੈ’ ’ਚ ਦਿਖਾਈ ਦੇਵੇਗਾ ਜੋ ਕਿ ਹਨੀ ਤ੍ਰੇਹਣ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਹੈ।