ਐੱਸ.ਏ.ਐੱਸ. ਨਗਰ (ਮੁਹਾਲੀ) (ਸਮਾਜ ਵੀਕਲੀ): ਮੁਹਾਲੀ ਨਿਗਮ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਵੱਲੋਂ ਸਮੁੱਚੇ ਪੰਜਾਹ ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਮਗਰੋਂ ਪਾਰਟੀ ਉਮੀਦਵਾਰਾਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਤੇ ਨਿਗਮ ਦੇ ਮੇਅਰ ਲਈ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਅਮਰਜੀਤ ਜੀਤੀ ਸਿੱਧੂ ਨੇ ਵਾਰਡ ਨੰਬਰ ਦਸ ਵਿੱਚ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕੀਤੀ। ਉਨ੍ਹਾਂ ਲੋਕਾਂ ਨੂੰ ਕਾਂਗਰਸ ਸਰਕਾਰ ਦੌਰਾਨ ਕੀਤੇ ਗਏ ਅਤੇ ਅਗਲੇ ਸਮੇਂ ਵਿੱਚ ਕਰਨ ਵਾਲੇ ਕੰਮ ਗਿਣਾਏ। ਜੀਤੀ ਸਿੱਧੂ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਸਮਰਥਕਾਂ ਵੱਲੋਂ ਵੀ ਵਾਰਡ ਦੇ ਵਸਨੀਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਨਿਗਮ ਦੇ ਸਾਬਕਾ ਸੀਨੀਅਰ ਉਪ ਮੇਅਰ ਰਿਸ਼ਵ ਜੈਨ ਨੇ ਵਾਰਡ ਨੰਬਰ 20 ਤੋਂ ਅਤੇ ਉਨ੍ਹਾਂ ਦੀ ਪਤਨੀ ਰਾਜ ਰਾਣੀ ਜੈਨ ਨੇ ਵਾਰਡ ਨੰਬਰ 19 ਤੋਂ ਆਪਣਾ ਚੋਣ ਪ੍ਰਚਾਰ ਆਰੰਭਿਆ। ਦੋਵੇਂ ਪਤੀ ਪਤਨੀ ਨੇ ਪਿਛਲੇ ਅਰਸੇ ਦੌਰਾਨ ਵਾਰਡਾਂ ਵਿੱਚ ਕਰਾਏ ਵਿਕਾਸ ਦੇ ਨਾਂ ਉੱਤੇ ਵੋਟਾਂ ਮੰਗੀਆਂ ਤੇ ਭਵਿੱਖ ਵਿੱਚ ਵਿਕਾਸ ਕੰਮ ਜਾਰੀ ਰੱਖਣ ਦਾ ਐਲਾਨ ਕੀਤਾ।
ਇਸੇ ਤਰ੍ਹਾਂ ਵਾਰਡ ਨੰਬਰ 21 ਤੋਂ ਹਰਸ਼ਪ੍ਰੀਤ ਕੌਰ ਭਮਰਾ, ਵਾਰਡ ਨੰਬਰ 17 ਤੋਂ ਬਬੀਤਾ ਜੈਨ, ਵਾਰਡ ਨੰਬਰ 16 ਤੋਂ ਨਰਪਿੰਦਰ ਸਿੰਘ ਰੰਗੀ, ਵਾਰਡ ਨੰਬਰ ਸੱਤ ਤੋਂ ਬਲਜੀਤ ਕੌਰ, ਵਾਰਡ ਨੰਬਰ ਛੇ ਤੋਂ ਜਸਪ੍ਰੀਤ ਸਿੰਘ ਗਿੱਲ ਅਤੇ ਵਾਰਡ ਨੰਬਰ 46 ਤੋਂ ਰਵਿੰਦਰ ਸਿੰਘ ਨੇ ਵੀ ਆਪਣੇ ਸਮਰਥਕਾਂ ਸਮੇਤ ਚੋਣ ਪ੍ਰਚਾਰ ਮਘਾ ਦਿੱਤਾ। ਵਾਰਡ ਨੰਬਰ ਅੱਠ ਤੋਂ ਕੁਲਜੀਤ ਸਿੰਘ ਬੇਦੀ ਵੱਲੋਂ ਕਈਂ ਦਿਨ ਪਹਿਲਾਂ ਤੋਂ ਹੀ ਆਪਣਾ ਪ੍ਰਚਾਰ ਜ਼ੋਰਾਂ ’ਤੇ ਪਹੁੰਚਾਇਆ ਹੋਇਆ ਹੈ। ਕਾਂਗਰਸੀ ਉਮੀਦਵਾਰ ਵਿਕਾਸ ਦੇ ਮੁੱਦੇ ’ਤੇ ਵੋਟਾਂ ਮੰਗ ਰਹੇ ਹਨ।